ਸਹਿਕਾਰੀ ਸਭਾ ਚਨਾਰਥਲ ਕਲਾਂ ਦੀ ਚੋਣ ਦਾ ਵਿਰੋਧ
ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 15 ਜੁਲਾਈ
ਸਹਿਕਾਰੀ ਸਭਾ ਚਨਾਰਥਲ ਕਲਾਂ ਦੀ ਚੋਣ ਰੱਦ ਕਰਵਾਉਣ ਲਈ ਪਿੰਡ ਚਨਾਰਥਲ ਕਲਾਂ ਅਤੇ ਰੁੜਕੀ ਦੇ ਵਾਸੀਆਂ ਦੀ ਮੀਟਿੰਗ ਪੰਚਾਇਤ ਘਰ ਵਿੱਚ ਹੋਈ।
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹਲਕਾ ਵਿਧਾਇਕ ਦੇ ਇਸ਼ਾਰੇ ’ਤੇ ਸਹਿਕਾਰੀ ਸਭਾ ਚਨਾਰਥਲ ਕਲਾਂ ਦੇ ਮੈਂਬਰਾਂ ਦੀ ਚੋਣ ਰੁੜਕੀ ਦੇ ਸ਼ੈਲਰ ਵਿਚ ਹੋਈ ਜਿਸ ਦਾ ਕੋਈ ਵੀ ਨੋਟਿਸ ਨਹੀਂ ਲੱਗਿਆ ਅਤੇ ਨਾ ਹੀ ਕਿਸੇ ਮੈਂਬਰ ਨੂੰ ਕੋਈ ਜਾਣਕਾਰੀ ਦਿੱਤੀ ਗਈ, ਜੋ ਲੋਕਤੰਤਰ ਦਾ ਕਤਲ ਹੈ, ਜਿਸ ਕਾਰਨ ਦੋਵੇਂ ਪਿੰਡਾਂ ਦੇ ਲੋਕਾਂ ’ਚ ਰੋਸ ਹੈ। ਉਨ੍ਹਾਂ ਦੱਸਿਆ ਕਿ ਇਸ ਚੋਣ ਖ਼ਿਲਾਫ਼ ਡਿਪਟੀ ਕਮਿਸ਼ਨਰ ਅਤੇ ਡੀਆਰ ਕੋਲ ਪਹੁੰਚ ਕਰਕੇ ਚੋਣ ਨੂੰ ਰੱਦ ਕਰਵਾਇਆ ਜਾਵੇਗਾ। ਉਨ੍ਹਾਂ ਇਸ ਚੋਣ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸੰਘਰਸ਼ ਕੀਤਾ ਜਾਵੇਗਾ ਅਤੇ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਗਲਤ ਚੋਣ ਕਰਵਾਉਣ ਵਾਲੇ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਸਰਕਾਰ ਖਿਲਾਫ਼ ਵੀ ਨਾਅਰੇਬਾਜ਼ੀ ਕੀਤੀ।
ਵਿਧਾਇਕ ਨੇ ਚੋਣ ਵਿੱਚ ਦਖ਼ਲ ਤੋਂ ਕੀਤਾ ਇਨਕਾਰ
ਇਸ ਸਬੰਧੀ ਸੰਪਰਕ ਕਰਨ ’ਤੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਉਹ ਇਨ੍ਹਾਂ ਚੋਣਾਂ ਵਿੱਚ ਕੋਈ ਦਖਲ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ‘ਆਪ’ ਦਾ ਹੀ ਪ੍ਰਧਾਨ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਗਲਤ ਤਰੀਕਿਆਂ ਨਾਲ ਚੋਣ ਹੁੰਦੀ ਸੀ ਪਰ ਪੰਜਾਬ ਦੇ ਲੋਕ ‘ਆਪ’ ਦੇ ਨਾਲ ਹਨ ਅਤੇ ਕਾਂਗਰਸ ਬੁਖਲਾਹਟ ਦਾ ਸ਼ਿਕਾਰ ਹੋ ਰਹੀ ਹੈ।