ਸੀਡ ਪ੍ਰੋਸੈਸਿੰਗ ਪਲਾਂਟ ਬੰਦ ਕਰਨ ਤੇ ਕੰਮ ਕਿਸੇ ਹੋਰ ਅਦਾਰੇ ਨੂੰ ਦੇਣ ਦੇ ਫ਼ੈਸਲੇ ਦਾ ਵਿਰੋਧ
ਪੱਤਰ ਪੇਰਕ
ਕੁਰਾਲੀ, 2 ਜੁਲਾਈ
ਲੋਕ ਹਿੱਤ ਮਿਸ਼ਨ ਨੇ ਪੰਜਾਬ ਸਰਕਾਰ ਵੱਲੋਂ ਬਸੀ ਪਠਾਣਾਂ ਸਥਿਤ ਮਿਲਕਫੈੱਡ ਦੇ ਸੀਡ ਪ੍ਰੋਸੈਸਿੰਗ ਪਲਾਂਟ ਨੂੰ ਬੰਦ ਕਰਨ ਅਤੇ ਇਸ ਪਲਾਂਟ ਦਾ ਕੰਮ ਕਿਸੇ ਹੋਰ ਅਦਾਰੇ ਨੂੰ ਦਿੱਤੇ ਜਾਣ ਦਾ ਵਿਰੋਧ ਕੀਤਾ ਹੈ। ਆਗੂਆਂ ਨੇ ਇਸ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ।
ਇਸ ਸਬੰਧੀ ਮਿਸ਼ਨ ਦੇ ਆਗੂਆਂ ਗੁਰਮੀਤ ਸਿੰਘ ਸਾਂਟੂ (ਸਾਬਕਾ ਡਾਇਰੈਕਟਰ ਮਿਲਕ ਪਲਾਂਟ, ਮੁਹਾਲੀ), ਸੁਖਦੇਵ ਸਿੰਘ ਸੁੱਖਾ ਕੰਸਾਲਾ, ਰਵਿੰਦਰ ਸਿੰਘ ਵਜੀਦਪੁਰ, ਮਨਦੀਪ ਸਿੰਘ ਖਿਜ਼ਰਾਬਾਦ, ਰਵਿੰਦਰ ਸਿੰਘ ਹੁਸ਼ਿਆਰਪੁਰ ਤੇ ਦਰਸ਼ਨ ਸਿੰਘ ਖੇੜਾ ਆਦਿ ਨੇ ਕਿਹਾ ਕਿ ਸੀਡ ਪ੍ਰੋਸੈਸਿੰਗ ਪਲਾਂਟ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਅਧੀਨ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਰਾਹੀਂ ਫ਼ਸਲਾਂ ਦੇ ਪ੍ਰਮਾਣਿਤ ਬੀਜ ਅਤੇ ਡੇਅਰੀ ਫਾਰਮਿੰਗ ਲਈ ਚਾਰੇ ਦੇ ਬੀਜ ਦੇਣ ਅਤੇ ਕਿਸਾਨਾਂ ਤੋਂ ਦੁੱਧ ਖਰੀਦਕੇ ਮੁੜ ਦੁੱਧ ਉਤਪਾਦਕ ਸਭਾਵਾਂ ਰਾਹੀਂ ਸਬਸਿਡੀ ’ਤੇ ਦੇਣ ਦੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਅਦਾਰਾ ਨਿਰੰਤਰ ਮੁਨਾਫ਼ੇ ਵਿੱਚ ਚੱਲ ਰਿਹਾ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਮਿਲਕਫੈੱਡ ਦੇ ਕੁਝ ਅਧਿਕਾਰੀ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਵੱਲੋਂ ਦਿੱਤੀ ਜਾ ਰਹੀ ਵੱਡੀ ਵਿੱਤੀ ਸਹਾਇਤਾ ਕਾਰਨ ਸਰਕਾਰ ਨੂੰ ਗੁੰਮਰਾਹ ਕਰ ਕੇ ਇਸ ਪਲਾਂਟ ਨੂੰ ਬੰਦ ਕਰਵਾਉਣ ਅਤੇ ਪਹਿਲਾਂ ਹੀ ਘਾਟੇ ਵਿੱਚ ਜਾ ਰਹੇ ਅਦਾਰੇ ਪਨਸੀਡ ਨੂੰ ਦੇਣ ਦੀਆਂ ਚਾਲਾਂ ਚੱਲ ਰਹੇ ਹਨ। ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਵਧੇਰੇ ਖੇਤੀਬਾੜੀ ਸਭਾਵਾਂ ਬੰਦ ਹੋਣ ਕਿਨਾਰੇ ਹਨ ਪਰ ਸੀਡ ਪ੍ਰੋਸੈਸਿੰਗ ਪਲਾਂਟ ਨੂੰ ਲੈ ਕੇ ਚੱਲੀਆਂ ਜਾ ਰਹੀਆਂ ਚਾਲਾਂ ਕਾਰਨ ਕਿਸਾਨਾਂ ਲਈ ਵੱਡੀ ਮੁਸ਼ਕਿਲ ਪੈਦਾ ਹੋ ਜਾਵੇਗੀ। ਮਿਸ਼ਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪਲਾਂਟ ਨੂੰ ਬੰਦ ਕਰਨ ਜਾਂ ਕਿਸੇ ਹੋਰ ਅਦਾਰੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮਿਸ਼ਨ ਹੋਰ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਆਰੰਭੇਗਾ। ਇਸ ਮੌਕੇ ਬਚਨ ਸਿੰਘ ਮੁੰਧੋਂ, ਗੁਰਸ਼ਰਨ ਸਿੰਘ ਨੱਗਲ, ਗੁਰਦੀਪ ਸਿੰਘ ਮਹਿਰਮਪੁਰ, ਕੇਸਰ ਸਿੰਘ ਕੁੱਬਾਹੇੜੀ ਆਦਿ ਵੀ ਹਾਜ਼ਰ ਸਨ।