ਨਸ਼ਾ ਵਿਰੋਧੀ ਕਮੇਟੀ ਦੇ ਆਗੂਆਂ ਖ਼ਿਲਾਫ਼ ਦਰਜ ਕੇਸ ਦਾ ਵਿਰੋਧ
ਪੱਤਰ ਪ੍ਰੇਰਕ
ਬਠਿੰਡਾ, 9 ਅਗਸਤ
ਪਿੰਡ ਦਿਓਣ ਖ਼ੁਰਦ ਦੇ ਲੋਕ ਬੀਕੇਯੂ ਸਿੱਧੂਪੁਰ ਦੇ ਆਗੂ ਰਾਮ ਸਿੰਘ ਬਰਾੜ ਅਤੇ ਕਰਮਤੇਜ ਸਿੰਘ ਦੀ ਅਗਵਾਈ ਹੇਠ ਇਕੱਠੇ ਹੋਏ। ਉਨ੍ਹਾਂ ਥਾਣਾ ਸਦਰ ਖ਼ਿਲਾਫ਼ ਪ੍ਰਦਰਸ਼ਨ ਰੈਲੀ ਕੱਢਦੇ ਹੋਏ ਕਿਹਾ ਕਿ ਪਿੰਡ ਦੇ ਮੌਜੂਦਾ ਸਰਪੰਚ ਤੇ ਉਸ ਦੇ ਸਾਥੀਆਂ ਖ਼ਿਲਾਫ਼ ਪੁਲੀਸ ਵੱਲੋਂ ਝੂਠਾ ਕੇਸ ਦਰਜ ਕੀਤਾ ਗਿਆ ਹੈ।
ਗ਼ੌਰਤਲਬ ਹੈ ਕਿ ਕੁੱਝ ਦਿਨ ਪਹਿਲਾਂ ਪਿੰਡ ਦਿਓਣ ਖ਼ੁਰਦ ਵਿਚ ਥਾਣਾ ਸਦਰ ਮੁਖੀ ਵਿਨੀਤ ਅਲਾਵਤ ਵੱਲੋਂ ਪਿੰਡ ਵਿੱਚ 32 ਮੈਂਬਰੀ ਨਸ਼ਾ ਵਿਰੋਧੀ ਕਮੇਟੀ ਗਠਿਤ ਕੀਤੀ ਗਈ ਸੀ। ਇਸ ਕਮੇਟੀ ਦੇ ਵਰਕਰਾਂ ਵੱਲੋਂ ਲੰਘੀ ਰਾਤ ਜਦੋਂ ਪਹਿਰੇਦਾਰੀ ਕੀਤੀ ਜਾ ਰਹੀ ਸੀ ਤਾਂ ਸ਼ੱਕੀ ਹਾਲਤ ਵਿਚ ਪਿੰਡ ਦੀ ਦਾਣਾ ਮੰਡੀ ਵਿੱਚ ਖੜ੍ਹੀ ਪੁਲੀਸ ਦੀ ਗੱਡੀ ਨੂੰ ਰੋਕ ਕੇ ਪੁੱਛ-ਪੜਤਾਲ ਕੀਤੀ ਗਈ। ਇਸ ਮੌਕੇ ਗੱਡੀ ਵਿਚ ਸਵਾਰ ਚੌਕੀ ਇੰਚਾਰਜ ਵੱਲੋਂ ਜਦੋਂ ਨਸ਼ਾ ਵਿਰੋਧੀ ਕਮੇਟੀ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਾ ਦਿੱਤਾ ਗਿਆ ਤਾਂ ਲੋਕ ਭੜਕ ਉੱਠੇ। ਇਕੱਠੇ ਹੋਏ ਕਮੇਟੀ ਦੇ ਕਾਰਕੁਨਾਂ ਨੇ ਚੌਕੀ ਇੰਚਾਰਜ ਦਾ ਘਿਰਾਓ ਕਰ ਦਿੱਤਾ। ਇਸ ਦੌਰਾਨ ਪੁੱਜੇ ਥਾਣਾ ਸਦਰ ਦੇ ਇੰਚਾਰਜ ਵਿਨੀਤ ਅਲਾਵਤ ਨੇ ਚੌਕੀ ਇੰਚਾਰਜ ਨੂੰ ਛੁਡਵਾਇਆ। ਇਸ ਘਟਨਾ ਤੋਂ ਕੁੱਝ ਦਿਨ ਬਾਅਦ ਪੁਲੀਸ ਨੇ ਪਿੰਡ ਦੇ ਸਰਪੰਚ ਸੋਹਣ ਸਿੰਘ ਟੋਨੀ ਅਤੇ ਉਸ ਦੇ ਕੁੱਝ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ।
ਅੱਜ ਸਰਪੰਚ ਦੇ ਹੱਕ ਵਿਚ ਨਸ਼ਾ ਵਿਰੋਧੀ ਕਮੇਟੀ ਵੱਲੋਂ ਡਟਦੇ ਹੋਏ ਕਮੇਟੀ ਆਗੂ ਜਗਤਾਰ ਸਿੰਘ, ਸੇਵਕ ਸਿੰਘ ਨੇ ਕਿਹਾ ਜੇ ਸਰਪੰਚ ਖ਼ਿਲਾਫ਼ ਕੇਸ ਰੱਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਥਾਣਾ ਸਦਰ ਦਾ ਘਿਰਾਓ ਕੀਤਾ ਜਾਵੇਗਾ।