ਨਵਜੋਤ ਸਿੱਧੂ ਧੜੇ ਦੇ ਪ੍ਰਮੁੱਖ ਆਗੂਆਂ ਵੱਲੋਂ ਮਾਲੀ ਨੂੰ ਗ੍ਰਿਫ਼ਤਾਰ ਕਰਨ ਦਾ ਵਿਰੋਧ
ਪੱਤਰ ਪ੍ਰੇਰਕ
ਮਾਨਸਾ, 18 ਸਤੰਬਰ
ਪੰਜਾਬ ਵਿੱਚ ਨਵਜੋਤ ਸਿੰਘ ਸਿੱਧੂ ਦੇ ਧੜੇ ਨਾਲ ਜੁੜੇ ਹੋਏ ਪ੍ਰਮੁੱਖ ਆਗੂਆਂ ਨੇ ਉਘੇ ਰਾਜਨੀਤਕ ਵਿਸ਼ਲੇਸ਼ਕ ਮਾਲਵਵਿੰਦਰ ਸਿੰਘ ਮਾਲੀ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦਿਆਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਦਾ ਪਰਚਾ ਦਰਜ ਕਰਨ ਵਾਲਾ ਮਾਮਲਾ ਬੋਲਣ ਦੀ ਅਜ਼ਾਦੀ ਦੇ ਖਿਲਾਫ਼ ਹੈ। ਇਨ੍ਹਾਂ ਆਗੂਆਂ ਵਿੱਚ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਸਾਬਕਾ ਵਿਧਾਇਕ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਹਰਵਿੰਦਰ ਸਿੰਘ ਲਾਡੀ (ਬਠਿੰਡਾ ਦਿਹਾਤੀ), ਅਮਨਦੀਪ ਸਿੰਘ ਵੇਰਕਾ (ਹਲਕਾ ਵੇਰਕਾ), ਰਾਜਵੀਰ ਸਿੰਘ ਮਹਿਰਾਜ ਸ਼ਾਮਲ ਹਨ।
ਮਾਨਸਾ ਦੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਸਰਕਾਰ, ਅਦਾਲਤ ਵੱਲੋਂ ਪੁਲੀਸ ਰਿਮਾਂਡ ਦੇਣ ਤੋਂ ਇਨਕਾਰ ਕਰਨ ਦੇ ਮੱਦੇਨਜ਼ਰ ਅਤੇ ਹਰ ਪਾਸਿਓਂ ਹੋ ਰਹੇ ਵਿਰੋਧ ਦੀਆਂ ਭਾਵਨਾਵਾਂ ਨੂੰ ਸਮਝੇ ਅਤੇ ਮਾਲਵਿੰਦਰ ਸਿੰਘ ਮਾਲੀ ਖਿਲਾਫ ਦਰਜ ਕੀਤੇ ਕੇਸ ਨੂੰ ਰੱਦ ਕਰੇ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ 20 ਸਤੰਬਰ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ/ਤਹਿਸੀਲ ਕੇਂਦਰਾਂ ਵਿੱਚ ਭਗਵੰਤ ਮਾਨ ਦੀ ਸਰਕਾਰ ਖਿਲਾਫ਼ ਰੋਸ ਮੁਜ਼ਾਹਰੇ ਕਰਨ ਦਾ ਫੈਸਲਾ ਕੀਤਾ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਰੋਸ ਮੁਜ਼ਾਹਰਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੇਸ਼ੱਕ ਜਥੇਬੰਦੀ ਦੀ ਵਿਚਾਰਧਾਰਾ/ਨੀਤੀ ਦੇ ਸ੍ਰੀ ਮਾਲੀ ਦੀਆਂ ਟਿੱਪਣੀਆਂ ਨਾਲ ਡੂੰਘੇ ਮੱਤਭੇਦ ਹਨ, ਪ੍ਰੰਤੂ ਕਿਸੇ ਵੀ ਵਿਅਕਤੀ ਵਿਰੁੱਧ ਉਸਦੇ ਵਿਚਾਰਾਂ ਨੂੰ ਆਧਾਰ ਬਣਾਕੇ ਜੇਲ੍ਹ ਡੱਕਣਾ ਜਮਹੂਰੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ,ਜਿਸਦਾ ਜਥੇਬੰਦੀ ਨੇ ਗੰਭੀਰ ਨੋਟਿਸ ਲਿਆ ਹੈ।