ਬੰਜਰ ਜ਼ਮੀਨਾਂ ਵਿੱਚ ਲੱਗੇ ਡੰਪ ਚੁੱਕਣ ਦਾ ਵਿਰੋਧ
ਜਗਮੋਹਨ ਸਿੰਘ
ਰੂਪਨਗਰ/ਘਨੌਲੀ, 25 ਜੁਲਾਈ
ਪੰਚਾਇਤ ਵਿਭਾਗ ਰੂਪਨਗਰ ਵੱਲੋਂ ਪਿੰਡ ਸਰਸਾ ਨੰਗਲ ਦੀ ਜ਼ਮੀਨ ਤੋਂ ਚੁਕਵਾਏ ਜਾ ਰਹੇ ਜਿਪਸਮ ਅਤੇ ਮਿੱਟੀ ਦੇ ਡੰਪਾਂ ਦਾ ਪਿੰਡ ਵਾਸੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਪਿੰਡ ਸਰਸਾ ਨੰਗਲ ਦੇ ਮੋਹਤਬਰ ਵਿਅਕਤੀਆਂ ਸਾਬਕਾ ਸਰਪੰਚ ਹਰੀ ਸਿੰਘ, ਪ੍ਰੇਮ ਸਿੰਘ ਬਾਈ, ਗੁਰਮੁੱਖ ਸਿੰਘ ਬਾਗੀ, ਦਰਸ਼ਨ ਸਿੰਘ ਚੇਚੀ ਤੇ ਹੋਰਨਾਂ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਉਨ੍ਹਾਂ ਦੇ ਪਿੰਡ ਵਿੱਚ ਲੱਗੇ ਡੰਪ ਨਾ ਚੁਕਾਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਪਹਿਲਾਂ ਵੀ ਮਿੱਟੀ ਅਤੇ ਜਿਪਸਮ ਦਾ ਡੰਪ 8-10 ਸਾਲਾਂ ਤੋਂ ਚੱਲ ਰਿਹਾ ਹੈ ਅਤੇ ਇੱਕ ਡੰਪ ਥੋੜ੍ਹੇ ਦਨਿ ਪਹਿਲਾਂ ਹੀ ਉਨ੍ਹਾਂ ਦੇ ਪਿੰਡ ਦੀ ਜ਼ਮੀਨ ਵਿੱਚ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਜਗ੍ਹਾ ਇਹ ਡੰਪ ਲੱਗੇ ਹਨ, ਉਹ ਪਿੰਡ ਦੀ ਆਬਾਦੀ ਅਤੇ ਨਹਿਰਾਂ ਦਰਿਆਵਾਂ ਤੋਂ ਕਾਫੀ ਦੂਰ ਹੈ ਅਤੇ ਜ਼ਮੀਨ ਵੀ ਬੇਆਬਾਦ ਪਈ ਸੀ। ਉਨ੍ਹਾਂ ਦੱਸਿਆ ਕਿ ਪਸ਼ੂਆਂ ਅਤੇ ਜੰਗਲੀ ਜਾਨਵਰਾਂ ਦੇ ਉਜਾੜੇ ਕਾਰਨ ਇੱਥੇ ਕੋਈ ਫ਼ਸਲ ਪੈਦਾ ਨਹੀਂ ਹੁੰਦੀ ਸੀ, ਪਰ ਹੁਣ ਜ਼ਮੀਨ ਠੇਕੇ ’ਤੇ ਚੜ੍ਹਨ ਨਾਲ ਜਿੱਥੇ ਜ਼ਮੀਨ ਮਾਲਕਾਂ ਨੂੰ ਆਮਦਨ ਹੋਣ ਲੱਗੀ ਹੈ, ਉੱਥੇ ਢਾਬਾ ਮਾਲਕਾ, ਟਰੱਕ ਮਾਲਕਾਂ ਤੇ ਚਾਲਕਾਂ ਤੋਂ ਇਲਾਵਾ ਪਿੰਡ ਦੇ ਨੌਜਵਾਨਾਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਰੁਜ਼ਗਾਰ ਮਿਲਣ ਲੱਗਿਆ ਹੈ। ਉਨ੍ਹਾਂ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਹੁਣ ਕੁੱਝ ਲੋਕ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਨੂੰ ਗੁੰਮਰਾਹ ਕਰ ਕੇ ਪ੍ਰਦੂਸ਼ਣ ਵਿਭਾਗ ਤੇ ਪੰਚਾਇਤ ਵਿਭਾਗ ਰਾਹੀਂ ਜ਼ਬਰਦਸਤੀ ਉਨ੍ਹਾਂ ਦੇ ਪਿੰਡ ਤੋਂ ਡੰਪ ਚੁੱਕਵਾ ਰਹੇ ਹਨ, ਜਦੋਂ ਕਿ ਪਿੰਡ ਦੀ ਪੰਚਾਇਤ, ਮੋਹਤਬਰ ਵਿਅਕਤੀਆਂ ਅਤੇ ਹੋਰ ਵਸਨੀਕਾਂ ਨੂੰ ਇਨ੍ਹਾਂ ਡੰਪਾਂ ਦਾ ਕੋਈ ਵੀ ਪ੍ਰਦੂਸ਼ਣ ਨਹੀਂ ਹੈ। ਉਨ੍ਹਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਪਿੰਡ ਸਰਸਾ ਨੰਗਲ ਵਿਖੇ ਸਥਿਤ ਡੰਪਾਂ ਨੂੰ ਚੁੱਕਵਾ ਕੇ ਪਿੰਡ ਦੇ ਕਿਸਾਨਾਂ ਦੀ ਆਮਦਨ ਦਾ ਵਸੀਲਾ ਤੇ ਪਿੰਡ ਵਾਸੀਆਂ ਦਾ ਰੁਜ਼ਗਾਰ ਨਾ ਖੋਹਿਆ ਜਾਵੇ।