ਪਿੰਡ ਲਹਿਰਾ ਬੇਗਾ ’ਚ ਸਰਪੰਚੀ ਰਾਖਵੀਂ ਕਰਨ ਦਾ ਵਿਰੋਧ
ਪਵਨ ਗੋਇਲ
ਭੁੱਚੋ ਮੰਡੀ, 26 ਸਤੰਬਰ
ਪਿੰਡ ਲਹਿਰਾ ਬੇਗਾ ਵਿੱਚ ਸਰਪੰਚੀ ਦੀ ਸੀਟ ਅਨੁਸੂਚਿਤ ਜਾਤੀ ਲਈ ਰਾਖਵੀਂ ਕੀਤੇ ਜਾਣ ਤੋਂ ਭੜ ਕੇ ਸਰਪੰਚੀ ਦੀ ਚੋਣ ਲੜਨ ਦੇ ਚਾਹਵਾਨ (ਜਨਰਲ ਵਰਗ) ਪਿੰਡ ਵਾਸੀਆਂ ਨੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਜਾਮ ਲਗਾ ਦਿੱਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਰਪੰਚੀ ਦੀ ਸੀਟ ਪ੍ਰੋਟੋਕੋਲ ਅਨੁਸਾਰ ਜਨਰਲ ਵਰਗ ਨੂੰ ਦਿੱਤੀ ਜਾਵੇ। ਪਤਾ ਲੱਗਦਿਆਂ ਹੀ ਨਥਾਣਾ ਦੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਅਤੇ ਡੀਐੱਸਪੀ ਰਾਜਵਿੰਦਰ ਸਿੰਘ ਜਾਮ ਵਾਲੀ ਥਾਂ ਪਹੁੰਚੇ ਅਤੇ ਧਰਨਾਕਾਰੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਕੌਮੀ ਮਾਰਗ ਦਾ ਇੱਕ ਪਾਸਾ ਖੁੱਲ੍ਹਵਾਇਆ। ਉਪਰੰਤ ਅਧਿਕਾਰੀਆਂ ਨੇ ਸਰਪੰਚੀ ਦੀ ਚੋਣ ਲੜਨ ਦੇ ਚਾਹਵਾਨ ਗੁਰਬਖ਼ਸ ਸਿੰਘ ਸਿੱਧੂ, ਗੁਰੂ ਤੇਗ ਬਹਾਦਰ ਕਲੱਬ ਦੇ ਪ੍ਰਧਾਨ ਜਸਕਰਨ ਸਿੰਘ ਜੱਸਾ ਅਤੇ ਸਾਬਕਾ ਸਰਪੰਚ ਗੁਰਸੇਵਕ ਸਿੰਘ ਦੀ ਏਡੀਸੀ ਰਵਿੰਦਰ ਪਾਲ ਨਾਲ ਮੀਟਿੰਗ ਕਰਵਾ ਦਿੱਤੀ। ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸ਼ਿਕਾਇਤ ਨੂੰ ਸਰਕਾਰ ਕੋਲ ਭੇਜ ਕੇ ਮਸਲਾ ਹੱਲ ਕਰਵਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਧਰਨਾਕਾਰੀਆਂ ਨੇ ਜਾਮ ਖੋਲ੍ਹ ਦਿੱਤਾ। ਧਰਨਾਕਾਰੀਆਂ ਨੇ ਦੱਸਿਆ ਕਿ ਪਹਿਲਾਂ ਪਿੰਡ ਦੀ ਸਰਪੰਚੀ ਦੀ ਸੀਟ ਜਨਰਲ ਵਰਗ ਦੀ ਔਰਤ ਲਈ ਰਾਖਵੀਂ ਸੀ ਅਤੇ ਪ੍ਰੋਟੋਕੋਲ ਦੇ ਹਿਸਾਬ ਨਾਲ ਇਸ ਵਾਰ ਵੀ ਇਸ ਸੀਟ ਜਨਰਲ ਵਰਗ ਨੂੰ ਹੀ ਮਿਲਣੀ ਚਾਹੀਦੀ ਹੈ।
ਸ਼ਹਿਣਾ ਦੀ ਸਰਪੰਚੀ ਰਾਖਵੀਂ ਕਰਨ ਖ਼ਿਲਾਫ਼ ਨਾਅਰੇਬਾਜ਼ੀ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ):
ਪਿੰਡ ਸ਼ਹਿਣਾ ਦੀ ਸਰਪੰਚੀ ਐੱਸਸੀ (ਮਹਿਲਾ) ਲਈ ਰਿਜ਼ਰਵ ਕੀਤੇ ਜਾਣ ਦੇ ਵਿਰੁਧ ਸਮਾਜ ਸੇਵੀਆਂ ਅਤੇ ਸਰਪੰਚੀ ਲਈ ਸੰਭਾਵੀ ਉਮੀਦਵਾਰਾਂ ਨੇ ਮੇਨ ਬਾਜ਼ਾਰ ’ਚ ਨਾਅਰੇਬਾਜ਼ੀ ਕੀਤੀ। ਆਗੂ ਬੇਅੰਤ ਸਿੰਘ ਸਰਾ, ਬੂਟਾ ਸਿੰਘ ਖਹਿਰਾ ਅਤੇ ਮੰਦਰ ਸਿੰਘ ਨੇ ਦੱਸਿਆ ਕਿ ਸਰਕਾਰਾਂ ਨੇ ਪਹਿਲਾਂ ਦੋ ਵਾਰੀ ਨਗਰ ਪੰਚਾਇਤ ਬਣਾਉਣ ਦੇ ਲਾਰੇ ਲਾ ਕੇ ਵੋਟਾਂ ਲੈ ਲਈਆਂ। ਹੁਣ ‘ਆਪ’ ਸਰਕਾਰ ਢਾਈ ਸਾਲਾਂ ਤੋਂ ਨਗਰ ਪੰਚਾਇਤ ਬਣਾਉਣ ਦੇ ਲਾਰੇ ਲਾ ਰਹੀ ਸੀ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦਾ ਪੰਚਾਇਤੀ ਵੋਟਾਂ ਵਿੱਚ ਵਿਰੋਧ ਕੀਤਾ ਜਾਵੇਗਾ।