ਕਿਸਾਨਾਂ ਵੱਲੋਂ ਪਰਮਪਾਲ ਮਲੂਕਾ ਤੇ ਅਰਵਿੰਦ ਖੰਨਾ ਦਾ ਵਿਰੋਧ
ਰਮਨਦੀਪ ਸਿੰਘ/ਅੰਮ੍ਰਿਤਪਾਲ ਸਿੰਘ ਧਾਲੀਵਾਲ
ਚਾਉਕੇ/ਰੂੜੇਕੇ ਕਲਾਂ, 16 ਮਈ
ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦਾ ਅੱਜ ਹਲਕਾ ਮੌੜ ਦੇ ਪਿੰਡਾਂ ਵਿਚ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਪਰਮਪਾਲ ਕੌਰ ਨੇ ਅੱਜ ਮਲੂਕਾ ਪਿੰਡ ਡਿੱਖ, ਢੱਡੇ, ਮੰਡੀ ਕਲਾਂ ਆਦਿ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਆਉਣਾ ਸੀ ਪਰ ਕਿਸਾਨ ਪਹਿਲਾਂ ਹੀ ਵੱਡੀ ਗਿਣਤੀ ਵਿਚ ਕਾਲੀਆਂ ਝੰਡੀਆਂ ਲੈ ਕੇ ਇਕੱਠੇ ਹੋ ਗਏ ਤੇ ਭਾਜਪਾ ਵਿਰੁੱਧ ਨਾਅਰੇਬਾਜ਼ੀ ਕੀਤੀ। ਬੀਬੀ ਮਲੂਕਾ ਜਦੋਂ ਪਿੰਡ ਡਿੱਖ ਵਿਚ ਆਏ ਤਾਂ ਕਿਸਾਨਾਂ ਤੇ ਭਾਜਪਾ ਵਰਕਰਾਂ ਵਿਚਕਾਰ ਧੱਕਾਮੁੱਕੀ ਹੋਈ। ਬੀਕੇਯੂ ਸਿੱਧੂਪੁਰ ਦੇ ਆਗੂ ਬਲਰਾਜ ਸਿੰਘ ਮੰਡੀ ਕਲਾਂ ਨੇ ਕਿਹਾ ਕਿ ਉਹ ਭਾਜਪਾ ਦੇ ਕਿਸੇ ਵੀ ਆਗੂ ਨੂੰ ਪਿੰਡਾਂ ਵਿਚ ਚੋਣ ਪ੍ਰਚਾਰ ਨਹੀਂ ਕਰਨ ਦੇਣਗੇ ਕਿਉਂਕਿ ਭਾਜਪਾ ਦੀ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਬੱਲੋ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਅਤੇ ਬਾਰਡਰਾਂ ’ਤੇ ਬੈਠੇ ਕਿਸਾਨਾਂ ’ਤੇ ਤਸ਼ੱਦਦ ਕੀਤਾ। ਇਸ ਤੋਂ ਇਲਾਵਾ ਬੀਬੀ ਮਲੂਕਾ ਨੇ ਪਿੰਡ ਮੰਡੀ ਕਲਾ ਆਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਕਿਸਾਨ ਇਕੱਠੇ ਹੋ ਗਏ ਤੇ ਖ਼ਬਰ ਲਿਖੇ ਜਾਣ ਤੱਕ ਨਹੀਂ ਆਏ। ਕਿਸਾਨਾਂ ਵਿਚ ਚਰਚਾ ਹੈ ਕਿ ਉਨ੍ਹਾਂ ਦਾ ਦੌਰਾ ਰੱਦ ਹੋ ਗਿਆ ਹੈ। ਇਸੇ ਦੌਰਾਨ ਸੰਗਰੂਰ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਜਦੋਂ ਚੋਣ ਪ੍ਰਚਾਰ ਲਈ ਪਿੰਡ ਧੂਰਕੋਟ, ਕਾਲੇਕੇ ਤੇ ਰੂੜੇਕੇ ਵਿੱਚ ਆਪਣੇ ਵਰਕਰਾਂ ਨਾਲ ਮੀਟਿੰਗ ਕਰਨ ਆਏ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਉਨ੍ਹਾਂ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਭਾਵੇਂ ਦੂਰ ਹੀ ਰੋਕ ਲਿਆ ਗਿਆ ਪਰ ਕਿਸਾਨਾਂ ਨੇ ਵਿਰੋਧ ਜਾਰੀ ਰੱਖਿਆ। ਇਸ ਮੌਕੇ ਜਰਨੈਲ ਸਿੰਘ ਬਦਰਾ ਨੇ ਕਿਹਾ ਕਿ ਦਿੱਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਮਜ਼ਦੂਰ ਮਹਾਂਰੈਲੀ ਵਿੱਚ ਐਲਾਨ ਕੀਤਾ ਗਿਆ ਸੀ ਕਿ ਆਉਣ ਵਾਲੇ ਚੋਣ ਪ੍ਰਚਾਰ ਸਮੇਂ ਭਾਜਪਾ ਉੁਮੀਦਵਾਰਾਂ ਦਾ ਵਿਰੋਧ ਕੀਤਾ ਜਾਵੇਗਾ ਕਿਉਂਕਿ ਦਿੱਲੀ ਕਿਸਾਨ ਮੋਰਚੇ ਦੌਰਾਨ ਕੁਝ ਮੰਗਾਂ ਮੰਨੀਆਂ ਗਈਆਂ ਸਨ ਪਰ ਲਾਗੂ ਨਹੀਂ ਕੀਤੀਆਂ ਗਈਆਂ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਮੰਨੀਆਂ ਗਈਆਂ ਮੰਗਾਂ ਲਾਗੂ ਨਾ ਕਰਨ ਤੱਕ ਬੀਜੇਪੀ ਦੇ ਉਮੀਦਵਾਰਾਂ ਦਾ ਵਿਰੋਧ ਜਾਰੀ ਰਹੇਗਾ।
ਹੰਸ ਰਾਜ ਹੰਸ ਦਾ ਵਿਰੋਧ ਕਰਦੇ 50 ਕਿਸਾਨ ਹਿਰਾਸਤ ਵਿੱਚ ਲਏ
ਫਰੀਦਕੋਟ (ਜਸਵੰਤ ਜੱਸ): ਫਰੀਦਕੋਟ ਵਿਧਾਨ ਸਭਾ ਹਲਕੇ ਦੇ ਤਿੰਨ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਪੁੱਜੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਅੱਜ ਮੁੜ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਿਛਲੇ ਦਿਨੀਂ ਹੰਸ ਰਾਜ ਹੰਸ ਦਾ ਫਰੀਦਕੋਟ ਦੇ ਪਿੰਡ ਬੀਹਲੇਵਾਲਾ ਵਿੱਚ ਵਿਰੋਧ ਹੋਇਆ ਸੀ। ਉਹ ਇੱਕ ਹਫਤੇ ਬਾਅਦ ਅੱਜ ਮੁੜ ਇਸ ਪਿੰਡ ਵਿੱਚ ਪ੍ਰਚਾਰ ਕਰਨ ਆਏ ਤਾਂ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਉਨ੍ਹਾਂ ਦਾ ਤਿੱਖਾ ਵਿਰੋਧ ਕੀਤਾ। ਇਸ ਮੌਕੇ ਵਿਰੋਧ ਕਰ ਰਹੇ 50 ਕਿਸਾਨਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ । ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੋਸ਼ ਲਾਇਆ ਕਿ ਪੁਲੀਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਣ ਦੇ ਨਾਲ-ਨਾਲ ਕਿਸਾਨ ਆਗੂਆਂ ਦੀਆਂ ਕੁਝ ਗੱਡੀਆਂ ਦੀ ਭੰਨਤੋੜ ਕੀਤੀ। ਇਸ ਤੋਂ ਪਹਿਲਾਂ ਹੰਸ ਰਾਜ ਹੰਸ ਫਰੀਦਕੋਟ ਦੇ ਪਿੰਡ ਸੰਗਰਾਹੂਰ ਵਿੱਚ ਵੀ ਚੋਣ ਪ੍ਰਚਾਰ ਲਈ ਗਏ ਪ੍ਰੰਤੂ ਵਿਰੋਧ ਕਾਰਨ ਉਥੋਂ ਵਾਪਸ ਆ ਗਏ। ਕਿਸਾਨਾਂ ਦੇ ਵਿਰੋਧ ਕਾਰਨ ਹੰਸ ਰਾਜ ਹੰਸ ਨੇ ਅਗਲੇ ਤਿੰਨਾਂ ਪਿੰਡਾਂ ਦਾ ਆਪਣਾ ਚੋਣ ਦੌਰਾ ਰੱਦ ਕਰ ਦਿੱਤਾ ਅਤੇ ਵਾਪਸ ਚਲੇ ਗਏ। ਪੁਲੀਸ ਨੇ ਨੌ ਨਿਹਾਲ ਸਿੰਘ ਦੀਪ ਸਿੰਘ ਵਾਲਾ, ਰਾਜਿੰਦਰ ਸਿੰਘ ਕਿੰਗਰਾ, ਗੁਰਮੀਤ ਸਿੰਘ ਸੰਗਰਾਹੂਰ, ਜਗਦੀਪ ਸਿੰਘ, ਭੁਪਿੰਦਰ ਸਿੰਘ ਕਿੰਗਰਾ ਆਦਿ ਨੂੰ ਹਿਰਾਸਤ ਵਿਚ ਲਿਆ। ਕਿਰਤੀ ਕਿਸਾਨ ਦੇ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੋਸ਼ ਲਾਇਆ ਕਿ ਹੰਸ ਰਾਜ ਹੰਸ ਨੇ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਜਾਣ-ਬੁਝ ਕੇ ਉਨ੍ਹਾਂ ਪਿੰਡਾਂ ਦਾ ਮੁੜ ਦੌਰਾ ਕੀਤਾ ਜਿੱਥੇ ਪਹਿਲਾਂ ਵਿਰੋਧ ਹੋਇਆ ਸੀ। ਪਿੰਡ ਬੀਲੇਵਾਲਾ ਵਿੱਚ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਜ਼ਿਲ੍ਹਾ ਪੁਲੀਸ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ। ਦੂਜੇ ਪਾਸੇ ਹੰਸ ਰਾਜ ਹੰਸ ਨੇ ਕਿਹਾ ਕਿ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਦੀਆਂ ਸੂਚੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਸਮਾਂ ਆਉਣ ’ਤੇ ਇਨ੍ਹਾਂ ਨਾਲ ਹਿਸਾਬ ਕੀਤਾ ਜਾਵੇਗਾ।
ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰ ਗੇਜਾ ਰਾਮ ਦਾ ਵਿਰੋਧ
ਅਮਰਗੜ੍ਹ (ਰਾਜਿੰਦਰ ਜੈਦਕਾ): ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਭਾਜਪਾ ਉਮੀਦਵਾਰ ਗੇਜਾ ਰਾਮ ਦਾ ਇਥੇ ਕਿਸਾਨਾਂ ਨੇ ਵਿਰੋਧ ਕੀਤਾ। ਉਨ੍ਹਾਂ ਸ਼ਾਮ ਸੱਤ ਵਜੇ ਆਉਣਾ ਸੀ ਪਰ ਕਿਸਾਨ ਜਥੇਬੰਦੀਆਂ ਦੇ ਵਿਰੋਧ ਕਾਰਨ ਪੁਲੀਸ ਨੇ ਪਹਿਲਾਂ ਹੀ ਨਾਕਾ ਲਾ ਕੇ ਟਰੈਫਿਕ ਜਾਮ ਕਰ ਦਿੱਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਸੜਕ ’ਤੇ ਧਰਨਾ ਦਿੰਦੇ ਹੋਏ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।