ਮਨਜੀਤ ਨਗਰ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਵਿਰੋਧ
ਗੁਰਿੰਦਰ ਸਿੰਘ
ਲੁਧਿਆਣਾ, 27 ਜੁਲਾਈ
ਹਲਕਾ ਆਤਮ ਨਗਰ ਦੇ ਵਾਰਡ ਨੰਬਰ-52 ਦੇ ਮੁਹੱਲਾ ਮਨਜੀਤ ਨਗਰ ਸਥਿਤ ਗਲੀ ਨੰਬਰ-2 ਦੇ ਸਾਹਮਣੇ ਖੁੱਲ੍ਹ ਰਹੇ ਸ਼ਰਾਬ ਦੇ ਠੇਕੇ ਦਾ ਵਿਰੋਧ ਕਰਦਿਆਂ ਇਲਾਕਾ ਵਾਸੀਆਂ ਨੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਧਾਰਮਿਕ ਅਤੇ ਸਮਾਜਿਕ ਕਮੇਟੀਆਂ ਦੇ ਆਗੂਆਂ, ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸ਼ਰਾਬ ਠੇਕੇਦਾਰ ਨੇ ਜਬਰੀ ਠੇਕਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਸਿੱਟੇ ਗੰਭੀਰ ਨਿਕਲਣਗੇ। ਅਕਾਲੀ ਆਗੂ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਗਲੀ ਦੇ ਬਾਹਰ ਸ਼ਿਵ ਮੰਦਰ ਜੋ 30 ਗਜ਼ ਅਤੇ ਪੀਰਾਂ ਦੀ ਦਰਗਾਹ 50 ਗਜ਼ ਦੀ ਦੂਰੀ ’ਤੇ ਹੋਣ ਕਾਰਨ ਸ਼ਰਧਾਲੂ ਇੱਥੋਂ ਲੰਘਦੇ ਹਨ। ਜੇਕਰ ਸ਼ਰਾਬ ਦਾ ਠੇਕਾ ਖੁੱਲ੍ਹ ਗਿਆ ਤਾਂ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਉਨ੍ਹਾਂ ਰਿਹਾਇਸ਼ੀ ਇਲਾਕੇ ਵਿੱਚ ਸ਼ਰਾਬ ਠੇਕਾ ਖੁੱਲ੍ਹਣ ਦੇ ਰੋਸ ਵਜੋਂ ਆਮ ਆਦਮੀ ਸਰਕਾਰ ਦੇ ਖ਼ਿਲਾਫ਼ ਰੱਜ ਕੇ ਰੋਸ ਪ੍ਰਗਟ ਕੀਤਾ। ਇਲਾਕਾ ਵਾਸੀਆਂ ਨੇ ਠੇਕਾ ਖੁੱਲ੍ਹਣ ਜਾ ਰਹੀ ਦੁਕਾਨ ਅੰਦਰੋਂ ਸ਼ਰਾਬ ਦੀਆਂ 12 ਤੋਂ 15 ਪੇਟੀਆਂ ਪੁਲੀਸ ਚੌਕੀ ਬੱਸ ਸਟੈਂਡ ਦੇ ਮੁਲਾਜ਼ਮਾਂ ਨੂੰ ਦਿਖਾ ਕੇ ਦੁਕਾਨ ਨੂੰ ਤਾਲਾ ਲਗਵਾ ਦਿੱਤਾ।
ਇਸ ਦੌਰਾਨ ਆਬਕਾਰੀ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸ਼ਰਾਬ ਠੇਕੇ ਸਬੰਧੀ ਇਲਾਕਾ ਵਾਸੀਆਂ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਭੇਜੀ ਗਈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਇਲਾਕਾ ਵਾਸੀਆਂ ਨਾਲ ਮੀਟਿੰਗ ਕਰਨ ਉਪਰੰਤ ਉਨ੍ਹਾਂ ਦੇ ਇਤਰਾਜ਼ ਸੁਣੇ ਜਾਣਗੇ ਅਤੇ ਬਾਅਦ ਵਿੱਚ ਅਗਲਾ ਫ਼ੈਸਲਾ ਕੀਤਾ ਜਾਵੇਗਾ।