ਮਨਰੇਗਾ ਬਜਟ ਵਿੱਚ ਕਟੌਤੀ ਕਰਨ ਦਾ ਵਿਰੋਧ
ਪੱਤਰ ਪੇ੍ਰਕ
ਮਾਛੀਵਾੜਾ, 6 ਜੁਲਾਈ
ਨੇੜਲੇ ਪਿੰਡ ਰਾਣਵਾਂ ਵਿਖੇ ਮਨਰੇਗਾ ਮਜ਼ਦੂਰਾਂ ਦੀ ਮੀਟਿੰਗ ਸੂਬਾ ਕਮੇਟੀ ਮੈਂਬਰ ਸਾਥੀ ਹਰੀ ਰਾਮ ਭੱਟੀ ਅਤੇ ਸਰਪੰਚ ਦੇ ਪਤੀ ਅਮਨਦੀਪ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਸੀਟੂ ਦੇ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਪੁੱਜੇ। ਮੀਟਿੰਗ ਦੌਰਾਨ ਸਾਥੀ ਅਮਰਨਾਥ ਕੂੰਮਕਲਾਂ ਨੇ ਮਨਰੇਗਾ ਕਾਨੂੰਨ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਸਾਡੀ ਵਿਚਾਰਧਰਕ ਲੜਾਈ ਕੇਂਦਰ ਸਰਕਾਰ ਨਾਲ ਹੈ ਜਿਸ ਨੇ ਸੱਤਾ ਸੰਭਾਲਣ ਤੋਂ ਬਾਅਦ ਮਨਰੇਗਾ ਕੰਮਾਂ ਲਈ ਬਜਟ ਵਿਚ ਲਗਾਤਾਰ ਕਟੌਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਮਨਰੇਗਾ ਕਾਨੂੰਨ ਬਣਾਉਣ ਸਮੇਂ ਬਜਟ 98000 ਹਜ਼ਾਰ ਕਰੋੜ ਰੁਪਏ ਰੱਖਿਆ ਸੀ ਜੋ ਹੁਣ ਘਟਾ ਕੇ 60000 ਹਜ਼ਾਰ ਕਰੋੜ ਰੁਪਏ ਹੀ ਰੱਖਿਆ ਗਿਆ ਹੈ ਜਦ ਕਿ ਪਹਿਲਾਂ ਨਾਲੋਂ ਕਿਰਤੀਆਂ ਦੀ ਗਿਣਤੀ ਵਧੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਮੋਦੀ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਦੇ ਰੌਂਅ ਵਿਚ ਹੈ ਜਿਸ ਲਈ ਉਨ੍ਹਾਂ ਨੂੰ ਆਪਣੇ ਹੱਕਾਂ ਅਧਿਕਾਰਾਂ ਅਤੇ ਰੋਜ਼ੀ, ਰੋਟੀ ਦੀ ਰਾਖੀ ਲਈ ਲਈ ਤੱਤਪਰ ਰਹਿਣਾ ਪਵੇਗਾ। ਇਸ ਤੋਂ ਬਾਅਦ ਸਰਬਸੰਮਤੀ ਨਾਲ ਪੇਸ਼ ਕੀਤੇ ਪੈਨਲ ਵਿਚ ਸੁਖਵੀਰ ਕੌਰ ਨੂੰ ਪ੍ਰਧਾਨ, ਕੁਲਵੰਤ ਕੌਰ ਮੀਤ ਪ੍ਰਧਾਨ, ਸੁਖਵਿੰਦਰ ਕੌਰ ਜਨਰਲ ਸਕੱਤਰ, ਚਰਨਜੀਤ ਸਿੰਘ ਸਕੱਤਰ, ਸਰਬਜੀਤ ਕੌਰ ਖਜਾਨਚੀ ਅਤੇ ਹਰਦੀਪ ਕੌਰ ਮੋਨਿਕਾ, ਕਰਮਜੀਤ ਕੌਰ, ਰਜਿੰਦਰ ਕੌਰ, ਛਿੰਦਰ ਕੌਰ, ਜਸਵਿੰਦਰ ਕੌਰ, ਬਲਜੀਤ ਕੌਰ, ਕਮਲਜੀਤ ਕੌਰ, ਕੁਲਵੰਤ ਕੌਰ, ਰਾਜਵਿੰਦਰ ਕੌਰ, ਭਜਨ ਕੌਰ, ਗੁਰਮੇਲ ਕੌਰ, ਮੰਗਾ ਸਿੰਘ, ਹਰਮੇਸ਼ ਕੌਰ, ਜਸਵੰਤ ਸਿੰਘ (ਵਰਕਿੰਗ ਕਮੇਟੀ ਮੈਂਬਰ) ਚੁਣੇ ਗਏ।