ਦੁਕਾਨਦਾਰਾਂ ਵੱਲੋਂ ਵਿਧਾਇਕ ਮਾਈਸਰਖਾਨਾ ਦਾ ਵਿਰੋਧ
ਜਗਤਾਰ ਅਨਜਾਣ
ਮੌੜ ਮੰਡੀ, 22 ਮਈ
ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਢੇ ਗਏ ਰੋਡ ਸ਼ੋਅ ਤੋਂ ਕੁਝ ਸਮਾਂ ਪਹਿਲਾਂ ਹੀ ਸੀਵਰੇਜ ਤੋਂ ਪ੍ਰੇਸ਼ਾਨ ਸ਼ਹਿਰ ਵਾਸੀਆਂ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਪਹੁੰਚ ਗਿਆ। ਇੱਥੇ ਲੋਕਾਂ ਨੇ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦਾ ਘਿਰਾਓ ਕਰ ਕੇ ਉਨ੍ਹਾਂ ਨੂੰ ਖਰੀਆਂ ਖਰੀਆਂ ਸੁਣਾਈਆਂ, ਉੱਥੇ ਹੀ ਸ਼ਹਿਰ ਵਾਸੀਆਂ ਨੇ ਬਾਜ਼ਾਰ ਬੰਦ ਕਰ ਕੇ ਵਿਧਾਇਕ ਅਤੇ ‘ਆਪ’ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਜਾਣਕਾਰੀ ਅਨੁਸਾਰ ਭਾਵੇਂ ਵਿਧਾਇਕ ਵਿਰੋਧ ਕਰ ਰਹੇ ਦੁਕਾਨਦਾਰਾਂ ਨੂੰ ਸ਼ਾਂਤ ਕਰਨ ਲਈ ਪੁੱਜੇ ਪਰ ਮੰਡੀ ਵਾਸੀਆਂ ਦੇ ਤਿੱਖੇ ਸਵਾਲਾਂ ਅੱਗੇ ਉਹ ਬੇਵੱਸ ਨਜ਼ਰ ਆਏ। ਇਸ ਬਾਅਦ ਇਕੱਠੇ ਹੋ ਕੇ ਵਪਾਰੀਆਂ ਨੇ ਵਿਧਾਇਕ ਸੁਖਵੀਰ ਮਾਈਸਰਖਾਨਾ ਦੇ ਵਿਰੋਧ ’ਚ ਬਾਜ਼ਾਰਾਂ ਵਿੱਚ ਮਾਰਚ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਡੀ ਬੰਦ ਕਰਨ ਦਾ ਫ਼ੈਸਲਾ ਕਰ ਲਿਆ।
ਉਨ੍ਹਾਂ ਰੋਸ ਜ਼ਾਹਿਰ ਕੀਤਾ ਕਿ ਮੁੱਖ ਮੰਤਰੀ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਦੀ ਬਜਾਏ ‘ਬਾਏ ਬਾਏ’ ਕਰ ਕੇ ਚਲੇ ਗਏ। ਦੂਜੇ ਪਾਸੇ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਤੁਹਾਡਾ ਗੁੱਸਾ ਜਾਇਜ਼ ਹੈ ਪਰ ਕੁੱਝ ਅਫਸਰਸ਼ਾਹੀ ਜਾਣਬੁੱਝ ਕੇ ਸ਼ਹਿਰ ਦੇ ਕੰਮਾਕਾਰਾਂ ’ਚ ਅੜਿੱਕਾ ਪਾ ਰਹੀ ਹੈ। ਇਸ ਉਪਰੰਤ ਲੋਕਾਂ ਸਾਹਮਣੇ ਹੀ ਵਿਧਾਇਕ ਨੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੀ ਕਲਾਸ ਲਗਾਈ।