ਕਿਸਾਨਾਂ ਅਤੇ ਦੋ ਪਿੰਡਾਂ ਦੇ ਵਸਨੀਕਾਂ ਵੱਲੋਂ ਮਾਈਨਿੰਗ ਦਾ ਵਿਰੋਧ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 3 ਸਤੰਬਰ
ਸਤਲੁਜ ਦਰਿਆ ’ਚ ਜ਼ਿਲ੍ਹਾ ਨਵਾਂ ਸ਼ਹਿਰ ਦੇ ਖੇਤਰ ਵਿੱਚ ਮਾਈਨਿੰਗ ਕਰਨ ਦਾ ਕਿਸਾਨ ਯੂਨੀਅਨਾਂ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਇਸ ਨੂੰ ਪ੍ਰਸ਼ਾਸਨ ਤੋਂ ਬੰਦ ਕਰਵਾਉਣ ਦੀ ਮੰਗ ਕੀਤੀ। ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਕਾਦੀਆਂ, ਕਿਸਾਨ ਯੂਨੀਅਨ ਚੜੂਨੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ, ਗਿਆਨ ਸਿੰਘ ਮੰਡ, ਸੁਲੱਖਣ ਸਿੰਘ ਮੰਡ, ਗੁਰਮੇਲ ਸਿੰਘ ਮੰਡ ਚੌਂਤਾ, ਕਸ਼ਮੀਰ ਸਿੰਘ ਹਾਦੀਵਾਲ, ਜਗਰੂਪ ਖਾਨ, ਕੋਮਲ ਸਿੰਘ ਨੰਬਰਦਾਰ ਹਾਦੀਵਾਲ, ਸਤਪਾਲ ਸਿੰਘ ਮੰਡ ਚੌਂਤਾ, ਨਿਰਮਲ ਸਿੰਘ ਸਰਪੰਚ ਮੰਡ ਚੌਂਤਾ, ਗੁਰਦਿਆਲ ਸਿੰਘ, ਹਰਦੀਪ ਸਿੰਘ ਤੋਂ ਇਲਾਵਾ ਪਿੰਡ ਵਾਸੀਆਂ ਨੇ ਦੱਸਿਆ ਕਿ ਸਤਲੁਜ ਦਰਿਆ ਵਿੱਚ ਨਵਾਂ ਸ਼ਹਿਰ ਜ਼ਿਲੇ ਦੇ ਖੇਤਰ ’ਚੋਂ ਪਿਛਲੇ ਕੁਝ ਦਿਨਾਂ ਤੋਂ ਰੇਤੇ ਦੀ ਮਾਈਨਿੰਗ ਕੀਤੀ ਜਾ ਰਹੀ ਹੈ ਅਤੇ ਰੇਤੇ ਦੇ ਭਰੇ ਟਿੱਪਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਾਦੀਵਾਲ ਤੇ ਮੰਡ ਚੌਂਤਾ ’ਚੋਂ ਨਿਕਲ ਰਹੇ ਹਨ। ਉਨ੍ਹਾਂ ਦੱਸਿਆ ਕਿ ਰੇਤ ਨਾਲ ਭਰੇ ਟਿੱਪਰ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਤੋਂ ਗੁਜ਼ਰਦੇ ਹਨ ਅਤੇ ਬਰਸਾਤਾਂ ਦੇ ਦਿਨਾਂ ਵਿੱਚ ਇਹ ਬੰਨ੍ਹ ਹੋਰ ਕਮਜ਼ੋਰ ਹੋ ਰਿਹਾ ਹੈ ਅਤੇ ਹੜ੍ਹ ਆਉਣ ਦੀ ਸਥਿਤੀ ਵਿੱਚ ਟੁੱਟ ਸਕਦਾ ਹੈ ਜਿਸ ਨਾਲ ਪਿੰਡਾਂ ਦਾ ਵੱਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ’ਚੋਂ ਰੇਤ ਨਾਲ ਭਰੇ ਟਰੈਕਟਰ ਤੇ ਟਿੱਪਰ ਲੰਘਣ ਕਾਰਨ ਸਕੂਲ ਆਉਣ-ਜਾਣ ਵਾਲੇ ਬੱਚਿਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਬਰਸਾਤਾਂ ਦੇ ਦਿਨਾਂ ਵਿਚ ਸਤਲੁਜ ਦਰਿਆ ’ਚੋਂ ਮਾਈਨਿੰਗ ਨਹੀਂ ਹੋ ਸਕਦੀ, ਇਸ ਲਈ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਮਾਈਨਿੰਗ ਬੰਦ ਨਾ ਹੋਈ ਤਾਂ ਯੂਨੀਅਨ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕਰ ਸੰਘਰਸ਼ ਵਿੱਢੇਗੀ। ਆਗੂਆਂ ਨੇ ਕਿਹਾ ਕਿ ਜੋ ਦਰਿਆ ’ਚੋਂ ਰੇਤਾ ਟਿੱਪਰ ਭਰ ਕੇ ਆ ਰਹੇ ਹਨ, ਉਨ੍ਹਾਂ ਕੋਲ ਮਾਈਨਿੰਗ ਦੀ ਪਰਚੀ 550 ਫੁੱਟ ਦੀ ਹੈ ਜਦਕਿ ਉਨ੍ਹਾਂ ਵਿੱਚ ਲੱਦਿਆ 1000 ਫੁੱਟ ਦੇ ਕਰੀਬ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਨਾਜਾਇਜ਼ ਮਾਈਨਿੰਗ ਹੈ ਜਿਸ ਖਿਲਾਫ਼ ਸਰਕਾਰ ਤੇ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿੰਡ ਹਾਦੀਵਾਲ ਤੇ ਸਤਲੁਜ ਦਰਿਆ ਵਿੱਚ ਨਿਯਮਾਂ ਦੇ ਉਲਟ ਮਾਈਨਿੰਗ ਕੀਤੀ ਜਾ ਰਹੀ ਹੈ।
ਰੇਤੇ ਦੀ ਮਾਈਨਿੰਗ ਨਿਯਮਾਂ ਅਨੁਸਾਰ: ਅਧਿਕਾਰੀ
ਮਾਈਨਿੰਗ ਅਧਿਕਾਰੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਸਤਲੁਜ ਦਰਿਆ ਵਿੱਚ ਹੋ ਰਹੀ ਰੇਤੇ ਦੀ ਮਾਈਨਿੰਗ ਨਿਯਮਾਂ ਅਨੁਸਾਰ ਤੇ ਮਨਜ਼ੂਰਸ਼ੁਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਕੰਪਨੀ ਨੂੰ ਟੈਂਡਰ ਦਿੱਤਾ ਗਿਆ ਹੈ ਜਿਸ ਤਹਿਤ ਮਸ਼ੀਨਾਂ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ। ਜਦੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਮਾਈਨਿੰਗ ਪਰਚੀ ਟਿੱਪਰਾਂ ਕੋਲ 550 ਫੁੱਟ ਦੀ ਹੈ ਉਸ ਵਿਚ ਭਰਿਆ 1000 ਫੁੱਟ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਮੌਕਾ ਦੇਖ ਕੇ ਹੀ ਦੱਸ ਸਕਦੇ ਹਨ। ਧੁੱਸੀ ਬੰਨ੍ਹ ਨੂੰ ਖ਼ਤਰਾ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਹਦਾਇਤਾਂ ਹਨ ਕਿ ਕਿਤੇ ਕਿ ਜੇਕਰ ਬੰਨ੍ਹ ਨੂੰ ਖੋਰਾ ਲੱਗਦਾ ਹੈ ਤਾਂ ਉਸਦੀ ਮੁਰੰਮਤ ਤੁਰੰਤ ਕੀਤੀ ਜਾਵੇ।