ਖਣਨ ਕਰਨ ਤੇ ਵਾਹੀਯੋਗ ਜ਼ਮੀਨ ’ਚ ਕੰਡਾ ਲਾਉਣ ਦਾ ਵਿਰੋਧ
ਦੀਪਕ ਠਾਕੁਰ
ਹਾਜੀਪੁਰ (ਤਲਵਾੜਾ) 24 ਜੁਲਾਈ
ਇੱਥੇ ਪਿੰਡ ਕੁਲੀਆਂ ਲੁਬਾਣਾ ਅਤੇ ਸੰਧਵਾਲ ਦੀਆਂ ਪੰਚਾਇਤਾਂ ਨੇ ਥਾਣਾ ਹਾਜੀਪੁਰ ਮੁਖੀ ਨੂੰ ਵਾਹੀਯੋਗ ਜ਼ਮੀਨ ’ਤੇ ਖਣਨ ਬੰਦ ਕਰਵਾਉਣ ਅਤੇ ਪੰਚਾਇਤੀ ਰਕਬੇ ’ਤੇ ਖਣਨ ਦਾ ਕੰਡਾ ਨਾ ਲਗਾਉਣ ਲਈ ਮੰਗ ਪੱਤਰ ਦਿੱਤਾ ਹੈ। ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਕਰੱਸ਼ਰ ਮਾਲਕ ’ਤੇ ਡਰਾਉਣ-ਧਮਕਾਉਣ ਅਤੇ ਹਥਿਆਰ ਦਿਖਾਉਣ ਦੇ ਦੋਸ਼ ਲਗਾਏ ਹਨ।
ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ, ਪਿੰਡ ਦੇ ਲੰਬੜਦਾਰ ਧਰਮ ਚੰਦ, ਸਰਪੰਚ ਸੁਰਿੰਦਰ ਕੌਰ ਅਤੇ ਸਰਪੰਚ ਵਨਿੋਦ ਕੁਮਾਰ ਨੇ ਦੱਸਿਆ ਕਿ ਕਰੱਸ਼ਰ ਮਾਲਕ ਨੇ ਉਨ੍ਹਾਂ ਦੇ ਪਿੰਡ ’ਚ ਜ਼ਮੀਨ ਖ਼ਰੀਦੀ ਹੈ। ਖਣਨ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਵਾਹੀਯੋਗ ਜ਼ਮੀਨ ’ਤੇ ਪੁਟਾਈ ਕਰ ਕੇ ਖੱਡ ਐਲਾਨ ਕਰਵਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਜ਼ਮੀਨ ਵਾਹੀਯੋਗ ਹੈ, ਪੁਟਾਈ ਹੋਣ ਨਾਲ ਨੇੜਲੀਆਂ ਜ਼ਮੀਨਾਂ ਨੂੰ ਵੀ ਨੁਕਸਾਨ ਪਹੁੰਚੇਗਾ। ਉਨ੍ਹਾਂ ਵਾਹੀਯੋਗ ਜ਼ਮੀਨ ’ਤੇ ਖੁਦਾਈ ਸ਼ੁਰੂ ਜਾਂ ਖੱਡ ਦਾ ਐਲਾਨ ਹੋਣ ’ਤੇ ਪਿੰਡ ਬਰਬਾਦ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਸਾਬਕਾ ਸਰਪੰਚ ਸ਼ਾਮ ਸਿੰਘ ਨੇ ਦੱਸਿਆ ਕਿ ਕਰੱਸ਼ਰ ਮਾਲਕ ਨੇ ਕੱਲ੍ਹ ਪਿੰਡ ਕੁਲੀਆਂ ਲੁਬਾਣਾ ’ਚ ਜ਼ਬਰੀ ਸ਼ਾਮਲਾਤ ਜ਼ਮੀਨ ’ਤੇ ਖਣਨ ਕੰਡਾ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਵਾਹੀਯੋਗ ਜ਼ਮੀਨ ’ਤੇ ਕਿਸੇ ਵੀ ਸੂਰਤ ’ਚ ਖੁਦਾਈ ਨਾ ਹੋਣ ਅਤੇ ਕੰਡਾ ਨਾ ਲਗਾਉਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਖਣਨ ਵਿਭਾਗ ਤੋਂ ਖੱਡ ਅਲਾਟ ਕਰਨ ਤੋਂ ਪਹਿਲਾਂ ਮੌਕਾ ਦੇਖਣ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।