ਟਿੱਬੀ ਬਸਤੀ ਵਿੱਚ ਮੋਬਾਈਲ ਟਾਵਰ ਲਾਉਣ ਦਾ ਵਿਰੋਧ
ਰਮੇਸ਼ ਭਾਰਦਵਾਜ
ਲਹਿਰਾਗਾਗਾ, 1 ਫਰਵਰੀ
ਪਿੰਡ ਗਾਗਾ ਦੀ ਟਿੱਬੀ ਬਸਤੀ ’ਚ ਮੋਬਾਈਲ ਟਾਵਰ ਲਾਉਣ ਦਾ ਵਿਰੋਧ ਕਰਦਿਆਂ ਲੋਕਾਂ ਨੇ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਐੱਸਡੀਐੱਮ ਦੇ ਨਾਂ ਮੰਗ ਪੱਤਰ ਦਿੱਤਾ। ਇਸ ਦੌਰਾਨ ਉਨ੍ਹਾਂ ਟਿੱਬੀ ਬਸਤੀ ਦੇ ਰਿਹਾਇਸ਼ੀ ਇਲਾਕੇ ’ਚ ਮੋਬਾਈਲ ਟਾਵਰ ਨਾ ਲਾਉਣ ਦੀ ਮੰਗ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਮੋਬਾਈਲ ਟਾਵਰ ਇਕ ਵਿਅਕਤੀ ਦੀ ਜਾਇਦਾਦ ’ਤੇ ਲਾਇਆ ਜਾ ਰਿਹਾ ਹੈ। ਬਸਤੀ ਵਿੱਚ ਟਾਵਰ ਲੱਗਣ ਕਾਰਨ ਇਲਾਕੇ ਵਿੱਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਥਿਤ ਟਾਵਰ ਅਮੀਰ ਪਰਿਵਾਰਾਂ ਦੇ ਰਿਹਾਇਸ਼ੀ ਇਲਾਕੇ ’ਚ ਲਾਇਆ ਜਾ ਰਿਹਾ ਸੀ ਪਰ ਪਿੰਡ ਦੇ ਕੁਝ ਵਿਅਕਤੀਆਂ ਨੇ ਆਪਣੇ ਅਸਰ ਰਸੁਖ ਵਰਤ ਕੇ ਉਕਤ ਟਾਵਰ ਨੂੰ ਟਿੱਬੀ ਬਸਤੀ ’ਚ ਤਬਦੀਲ ਕਰਵਾ ਦਿੱਤਾ। ਟਾਵਰ ਲਗਵਾਉਣ ਤੋਂ ਰੋਕਣ ਲਈ ਸਬੰਧਤ ਥਾਂ ਦੇ ਮਾਲਕ ਨਾਲ ਵੀ ਗੱਲਬਾਤ ਕੀਤੀ ਗਈ ਪਰ ਮਸਲਾ ਹੱਲ ਨਾ ਹੋਇਆ। ਲੋਕਾਂ ਨੇ ਉਪ ਮੰਡਲ ਮੈਜਿਸਟ੍ਰੇਟ ਦੇ ਨਾਂ ਪੱਤਰ ਦੇ ਕੇ ਮੰਗ ਕੀਤੀ ਕਿ ਟਿੱਬੀ ਬਸਤੀ ’ਚ ਮੋਬਾਈਲ ਟਾਵਰ ਨਾ ਲਾਇਆ ਜਾਵੇ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਟਿੱਬੀ ਬਸਤੀ ’ਚ ਲੱਗ ਰਹੇ ਮੋਬਾਈਲ ਟਾਵਰ ਨੂੰ ਨਾ ਰੋਕਿਆ ਗਿਆ ਤਾਂ ਬਸਤੀ ਦੇ ਲੋਕ ਆਪਣੇ ਸੰਘਰਸ਼ ਨੂੰ ਤੇਜ਼ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਬਿੰਦਰ ਸਿੰਘ, ਸੰਦੀਪ ਕੌਰ, ਸੁਖਪਾਲ ਕੌਰ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ, ਕਰਮਜੀਤ ਸਿੰਘ, ਕਰਨ ਸਿੰਘ, ਰੋਕੀ ਰਾਣੀ, ਜਸ਼ਨ ਸਿੰਘ, ਕੁਲਵਿੰਦਰ ਸਿੰਘ ਤੇ ਹੋਰ ਬਸਤੀ ਦੇ ਲੋਕ ਵੀ ਹਾਜ਼ਰ ਸਨ। ਐੱਸਡੀਐੱਮ ਸੂਬਾ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਰਿਪੋਰਟ ਮੰਗਣਗੇ।
ਟਾਵਰ ਲਗਾਉਣ ਖ਼ਿਲਾਫ਼ ਪੱਕਾ ਮੋਰਚਾ ਜਾਰੀ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਇੱਥੇ ਬਲਿਆਲ ਰੋਡ ’ਤੇ ਆਦਰਸ਼ ਨਗਰ ਵਿੱਚ ਇੱਕ ਨਿੱਜੀ ਕੰਪਨੀ ਵੱਲੋਂ ਲਗਾਏ ਜਾ ਰਹੇ ਮੋਬਾਈਲ ਟਾਵਰ ਦੇ ਵਿਰੋਧ ਵਿੱਚ ਅੱਜ 30ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਤੂਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਕਿਹਾ ਕਿ ਸੰਘਣੀ ਆਬਾਦੀ ਵਿਚ ਇਕ ਨਿੱਜੀ ਕੰਪਨੀ ਦੇ ਟਾਵਰ ਖਿਲਾਫ ਲੰਬੇ ਸਮੇਂ ਤੋਂ ਸ਼ਹਿਰ ਵਾਸੀਆਂ ਵੱਲੋਂ ਧਰਨਾ ਦੇਣ ਦੇ ਬਾਵਜੂਦ ਕਿਸੇ ਸਰਕਾਰੀ ਅਧਿਕਾਰੀ ਵੱਲੋਂ ਲੋਕਾਂ ਦੀ ਮੁਸ਼ਕਲ ਹੱਲ ਕਰਨ ਦਾ ਯਤਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਖ਼ਿਲਾਫ਼ ਧਰਨਾ ਜਾਰੀ ਰਹੇਗਾ। ਇਸ ਮੌਕੇ ਜੋਗਿੰਦਰ ਸਿੰਘ ਸੈਕਟਰੀ, ਸਤਨਾਮ ਸਿੰਘ ਲੋਟੇ, ਮਲਕੀਤ ਸਿੰਘ, ਰਾਮ ਸਿੰਘ, ਮੇਲਾ ਸਿੰਘ, ਨਿਰਮਲ ਸਿੰਘ, ਤੇਜੀ ਸਿੰਘ ਤੇ ਕਰਨੈਲ ਸਿਘ ਸਮੇਤ ਸ਼ਹਿਰ ਨਿਵਾਸੀ ਮੌਜੂਦ ਸਨ।