ਪੁਲੀਸ ਵੱਲੋਂ ਮੁਲਾਜ਼ਮ ਆਗੂਆਂ ਨੂੰ ਪ੍ਰੇਸ਼ਾਨ ਕਰਨ ਦਾ ਵਿਰੋਧ
ਸਤਵਿੰਦਰ ਬਸਰਾ
ਲੁਧਿਆਣਾ, 2 ਅਪਰੈਲ
ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦਾ ਵਫ਼ਦ ਅੱਜ ਥਾਣਾ ਜਮਾਲਪੁਰ ਦੇ ਐੱਸਐੱਚਓ ਨੂੰ ਮਿਲਿਆ। ਵਫ਼ਦ ਵਿੱਚ ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਕੁਤਬੇਵਾਲ, ਪ੍ਰਧਾਨ ਹਰਜਿੰਦਰ ਸਿੰਘ, ਜੀਐਸ ਜੌਹਰੀ ਅਤੇ ਹੋਰ ਜਥੇਬੰਦੀਆਂ ਵੱਲੋਂ ਦਰਸ਼ਨ ਸਿੰਘ, ਭਰਪੂਰ ਸਿੰਘ, ਅਵਤਾਰ ਸਿੰਘ ਆਦਿ ਸ਼ਾਮਲ ਸਨ।
ਇਸ ਵਫ਼ਦ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਨੂੰ ਵਾਰ-ਵਾਰ ਥਾਣੇ ਬੁਲਾਇਆ ਜਾ ਰਿਹਾ ਸੀ। ਇਸ ਦੇ ਵਿਰੋਧ ਵਿੱਚ ਅੱਜ ਉਹ ਆਗੂ ਨੂੰ ਨਾਲ ਲੈ ਕੇ ਥਾਣੇ ਪਹੁੰਚੇ ਅਤੇ ਅਧਿਕਾਰੀ ਨੂੰ ਮਿਲੇ। ਇਸ ਮੌਕੇ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਦੀ ਸ਼ਹਿ ’ਤੇ ਜੇ ਕਿਸੇ ਵੀ ਆਗੂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ। ਮੋਰਚੇ ਵੱਲੋਂ ਹੁਣ ਪਿੰਡਾਂ/ ਸ਼ਹਿਰਾਂ ਵਿੱਚ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਸਵਾਲ ਕਰਨ ਦਾ ਐਲਾਨ ਕੀਤਾ ਗਿਆ ਹੈ।
ਵਫ਼ਦ ਦੇ ਇੱਕ ਮੈਂਬਰ ਨੇ ਦੱਸਿਆ ਕਿ ਪੁਲੀਸ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ 12-15 ਆਗੂਆਂ ਦੇ ਨਾਮਾਂ ਵਾਲੀ ਸੂਚੀ ਆਈ ਹੈ ਜਿਨ੍ਹਾਂ ਨੂੰ ਨਿਗਰਾਨੀ ਹੇਠ ਰੱਖਣ ਦੀਆਂ ਹਦਾਇਤਾਂ ਹਨ।