ਜੰਮੂ-ਕੱਟੜਾ ਐਕਸਪ੍ਰੈੱਸ ਵੇਅ ਲਈ ਐਕੁਆਇਰ ਜ਼ਮੀਨ ਦਾ ਕਬਜ਼ਾ ਹਾਈਵੇਅ ਅਥਾਰਿਟੀ ਨੂੰ ਦੇਣ ਦਾ ਵਿਰੋਧ
ਪਵਨ ਕੁਮਾਰ ਵਰਮਾ
ਧੂਰੀ, 28 ਜੁਲਾਈ
ਇੱਥੋਂ ਦੇ ਪਿੰਡਾਂ ਕੋਲੋਂ ਲੰਘ ਰਹੇ ਜੰਮੂ-ਕੱਟੜਾ ਐਕਸਪ੍ਰੈੱਸ ਵੇਅ ਦੇ ਨਿਰਮਾਣ ਲਈ ਹਾਈਵੇਅ ਅਥਾਰਿਟੀ ਵੱਲੋਂ ਕਿਸਾਨਾਂ ਤੋਂ ਐਕੁਆਇਰ ਕੀਤੀਆਂ ਜ਼ਮੀਨਾਂ ’ਚੋਂ ਪਿੰਡ ਬੰਗਾਂਵਾਲੀ ਦੇ ਕਿਸਾਨਾਂ ਦੀ ਸਾਂਝੀ ਜ਼ਮੀਨ ਦੇ ਆਪਸੀ ਵਿਵਾਦ ਹੋਣ ਦੇ ਬਾਵਜੂਦ ਨਾਇਬ ਤਹਿਸੀਲਦਾਰ ਧੂਰੀ ਭਿਸ਼ਮ ਪਾਂਡੇ ਨੇ ਪੁਲੀਸ ਪ੍ਰਸ਼ਾਸਨ ਦੀ ਮਦਦ ਨਾਲ ਜ਼ਮੀਨ ਦਾ ਕਬਜ਼ਾ ਹਾਈਵੇਅ ਅਥਾਰਿਟੀ ਨੂੰ ਦੁਆ ਕੇ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਹੈ। ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਕਿਸਾਨ ਹਮੀਰ ਸਿੰਘ, ਸੁਖਦੇਵ ਸਿੰਘ, ਕੁਲਵਿੰਦਰ ਸਿੰਘ, ਗੁਰਜੀਤ ਸਿੰਘ ਅਤੇ ਮਨਜੀਤ ਕੌਰ ਨੇ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਦੇ ਹੋਏ ਦੱਸਿਆ ਕਿ ਨਵੇਂ ਬਣ ਰਹੇ ਇਸ ਹਾਈਵੇਅ ਵਿੱਚ ਉਨ੍ਹਾਂ ਦੀ ਦੋ ਏਕੜ ਜ਼ਮੀਨ ਆਉਂਦੀ ਹੈ ਅਤੇ ਹਾਈਵੇਅ ਅਥਾਰਿਟੀ ਵੱਲੋਂ ਐਕੁਆਇਰ ਕੀਤੀ ਜ਼ਮੀਨ ਦੀ ਬਣਦੀ ਕੀਮਤ ਉਨ੍ਹਾਂ ਅੱਜ ਤੱਕ ਅਦਾ ਨਹੀਂ ਕੀਤੀ ਗਈ। ਇਸ ਦੌਰਾਨ ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਜ਼ਮੀਨ ਦੇ ਬਣਦੇ ਪੈਸੇ ਉਨ੍ਹਾਂ ਨੂੰ ਦਿਵਾਏ ਜਾਣ ਤੋਂ ਬਾਅਦ ਹੀ ਜ਼ਮੀਨ ਦਾ ਕਬਜ਼ਾ ਹਾਈਵੇਅ ਅਥਾਰਿਟੀ ਨੂੰ ਦਿੱਤਾ ਜਾਵੇ। ਇਸ ਮੌਕੇ ਨਾਇਬ ਤਹਿਸੀਲਦਾਰ ਭਿਸ਼ਮ ਪਾਂਡੇ ਅਤੇ ਹੋਰ ਸਿਵਲ ਅਤੇ ਪੁਲੀਸ ਅਧਿਕਾਰੀ ਹਾਜ਼ਰ ਸਨ।