ਝੋਨੇ ਦੀ ਖ਼ਰੀਦ ’ਚ ਕੱਟ ਲਾਉਣ ਦਾ ਵਿਰੋਧ
ਮਿਹਰ ਸਿੰਘ
ਕੁਰਾਲੀ, 6 ਨਵੰਬਰ
ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਅਨਾਜ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਮੰਡੀਆਂ ਵਿੱਚ ਰੁਲ਼ਣ ਅਤੇ ਫ਼ਸਲ ਦੀ ਵਿਕਰੀ ’ਤੇ ਕੱਟ ਲਗਾਏ ਜਾਣ ਦੀ ਨਿਖੇਧੀ ਕਰਦਿਆਂ ਸੰਘਰਸ਼ ਦਾ ਐਲਾਨ ਕੀਤਾ ਹੈ। ਉਨ੍ਹਾਂ ਮੰਡੀਆਂ ਵਿੱਚ ਫਸਲ ਰੁਲ਼ਣ ਲਈ ਕੇਂਦਰ ਤੇ ਪੰਜਾਬ ਦੋਵੇਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਦਾ ਕਿਸਾਨ ਵਿਰੋਧੀ ਚਿਹਰਾ ਬੇਪਰਦ ਹੋ ਗਿਆ ਹੈ।
ਜੀਤੀ ਪਡਿਆਲਾ ਨੇ ਕਿਹਾ ਕਿ ਇੱਕ ਪਾਸੇ ਫ਼ਸਲ ਮੰਡੀਆਂ ਵਿੱਚ ਫਸਲ ਰੁਲ਼ ਰਹੀ ਹੈ ਤੇ ਦੂਜੇ ਪਾਸੇ ਆੜ੍ਹਤੀ ਕਿਸਾਨਾਂ ਦੀ ਮੁੁਸ਼ਕਲ ਦਾ ਫ਼ਾਇਦਾ ਚੁੱਕ ਕੇ ਪ੍ਰਤੀ ਕੁਇੰਟਲ 5 ਤੋਂ 6 ਕਿਲੋ ਤੱਕ ਦੇ ਕੱਟ ਲਗਾ ਰਹੇ ਹਨ। ਸ੍ਰੀ ਪਡਿਆਲਾ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਸ੍ਰੀ ਪਡਿਆਲਾ ਨੇ ਕਿਹਾ ਕਿ ਜੇਕਰ ਕਿਸਾਨਾਂ ਦੀ ਇਹ ਲੁੱਟ ਬੰਦ ਨਾ ਹੋਈ ਤਾਂ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਸੜਕਾਂ ਜਾਮ ਕਰ ਕੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਜਾਵੇਗਾ।
ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਮਦਨ ਸਿੰਘ ਮਾਣਕਪੁਰ ਸ਼ਰੀਫ਼, ਸਾਬਕਾ ਸਰਪੰਚ ਨਰਦੇਵ ਸਿੰਘ ਬਿੱਟੂ, ਕੌਂਸਲਰ ਰਮਾਂਕਤ ਕਾਲੀਆ, ਹਰਨੇਕ ਸਿੰਘ ਤਕੀਪੁਰ, ਨਵੀਨ ਬਾਂਸਲ ਖਿਜ਼ਰਾਬਾਦ, ਬੱਬੂ ਕੁਰਾਲੀ, ਸੁਖਦੇਵ ਸਿੰਘ ਮਾਣਕਪੁਰ ਸ਼ਰੀਫ਼ ਤੇ ਹੋਰ ਆਗੂ ਹਾਜ਼ਰ ਸਨ।