ਸਫ਼ਾਈ ਕਾਮਿਆਂ ਵੱਲੋਂ ਮਾਰਕੀਟਾਂ ਦੀ ਸਫ਼ਾਈ ਠੇਕੇ ’ਤੇ ਦੇਣ ਦਾ ਵਿਰੋਧ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 13 ਜੂਨ
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਨੇ ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਮਾਰਕੀਟਾਂ ਦੀ ਸਫ਼ਾਈ ਦਾ ਵੱਖਰਾ ਟੈਂਡਰ ਕੱਢੇ ਜਾਣ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਮੰਗ ਕੀਤੀ ਕਿ ਮਾਰਕੀਟਾਂ ਦੀ ਸਫ਼ਾਈ ਦਾ ਕੰਮ ਠੇਕੇ ’ਤੇ ਦੇਣ ਦੀ ਥਾਂ ਇਸ ਕੰਮ ਲਈ ਨਵੇਂ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇ। ਅੱਜ ਇੱਥੇ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮੋਹਣ ਸਿੰਘ, ਜਨਰਲ ਸਕੱਤਰ ਪਵਨ ਗੋਡਯਾਲ, ਮੁਹਾਲੀ ਦੇ ਪ੍ਰਧਾਨ ਸੋਭਾ ਰਾਮ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਅਨਿਲ ਕੁਮਾਰ, ਮਨੀਕੰਡਨ, ਇੰਦਰਜੀਤ ਸਿੰਘ, ਬ੍ਰਿਜ ਮੋਹਨ, ਸਚਿਨ ਕੁਮਾਰ ਅਤੇ ਰਾਜੁ ਸੰਗੇਲਿਆ ਨੇ ਠੇਕਾ ਦੇਣ ਦੀ ਓਟ ਵਿੱਚ ਭ੍ਰਿਸ਼ਟਾਚਾਰ ਵਧਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਫੈੱਡਰੇਸ਼ਨ ਸ਼ੁਰੂ ਤੋਂ ਹੀ ਠੇਕੇਦਾਰੀ ਸਿਸਟਮ ਦਾ ਵਿਰੋਧ ਕਰਦੀ ਆ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਕਿਸੇ ਵੀ ਕੀਮਤ ਸਫ਼ਾਈ ਦਾ ਨਵਾਂ ਠੇਕਾ ਨਹੀਂ ਦੇਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਸਫ਼ਾਈ ਕਾਮਿਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਂਦੇ ਦਿਨਾਂ ਵਿੱਚ ਸਫ਼ਾਈ ਦਾ ਕੰਮ ਬੰਦ ਕਰ ਕੇ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ ਕੀਤੀ ਜਾਵੇਗੀ।
ਪਿੱਛਲੇ ਢਾਈ ਸਾਲ ਤੋਂ ਸ਼ਹਿਰ ਵਿੱਚ ਮਸ਼ੀਨੀ ਸਫ਼ਾਈ ਦੇ ਨਾਂ ’ਤੇ ਸਿਰਫ਼ ਸਿਆਸਤ ਹੋ ਰਹੀ ਹੈ ਅਤੇ ਜਨਵਰੀ 2022 ਤੋਂ ਇਹ ਕੰਮ ਬੰਦ ਹੋਣ ਕਾਰਨ ਇਸ ਦਾ ਖ਼ਮਿਆਜ਼ਾ ਸ਼ਹਿਰ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਸਫ਼ਾਈ ਲਈ ਦਿੱਤੇ ਠੇਕੇ ਵਿੱਚ ਕਿਸੇ ਵੀ ਜ਼ੋਨ ਵਿੱਚ ਪੂਰੇ ਕਰਮਚਾਰੀ ਨਹੀਂ ਹਨ ਅਤੇ ਘੱਟ ਲੇਬਰ ਰੱਖ ਕੇ ਉਨ੍ਹਾਂ ਤੋਂ ਬੰਧੂਆ ਮਜ਼ਦੂਰਾਂ ਵਾਂਗ ਕੰਮ ਕਰਵਾਇਆ ਜਾ ਰਿਹਾ ਹੈ। ਸਫ਼ਾਈ ਕਰਮਚਾਰੀ ਨੂੰ ਨਾ ਤਾਂ ਸਮੇਂ ਸਿਰ ਵਰਦੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਨਾ ਹੀ ਮਾਸਕ, ਦਸਤਾਨੇ, ਗੁੜ, ਤੇਲ, ਸਾਬਣ ਦਿੱਤਾ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਅਪਰੈਲ ਮਹੀਨੇ ਵਿੱਚ ਜਨਤਕ ਪਖਾਨਿਆਂ ਦੀ ਦੇਖ-ਰੇਖ ਅਤੇ ਸਫ਼ਾਈ ਦਾ ਕੰਮ ਪ੍ਰਾਈਵੇਟ ਕੰਪਨੀ ਨੂੰ ਠੇਕੇ ’ਤੇ ਦਿੱਤਾ ਗਿਆ ਸੀ। ਜਨਤਕ ਪਖਾਨਿਆਂ ਵਿੱਚ ਪੁਰਸ਼ ਪਖਾਨਿਆਂ ਦੀ ਸਫ਼ਾਈ ਔਰਤਾਂ ਕੋਲੋਂ ਅਤੇ ਮਹਿਲਾ ਪਖਾਨਿਆਂ ਦੀ ਸਫ਼ਾਈ ਪੁਰਸ਼ਾਂ ਤੋਂ ਕਰਵਾਈ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਜ਼ਾਬਤੇ ਦੀ ਓਟ ਵਿੱਚ ਜਨਤਕ ਪਖਾਨਿਆਂ ਦਾ ਠੇਕਾ ਸਿਰੇ ਚਾੜ੍ਹਿਆ ਗਿਆ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਨਾਲ ਹੋਏ ਫ਼ੈਸਲੇ ਮੁਤਾਬਕ ਮੀਟਿੰਗ ਸੱਦ ਕੇ ਸਮੂਹ ਸਫ਼ਾਈ ਸੇਵਕਾਂ ਦੀਆਂ ਤਨਖ਼ਾਹਾਂ 18,000 ਰੁਪਏ ਪ੍ਰਤੀ ਮਹੀਨਾ, 500 ਰੁਪਏ ਸਪੈਸ਼ਲ ਤੇਲ ਭੱਤਾ ਲਾਗੂ ਕਰਨ, ਹਾਰਟੀਕਲਚਰ ਵਿੰਗ ਦੀ ਤਾਇਨਾਤੀ, ਜਨਤਕ ਪਖਾਨਿਆਂ ’ਤੇ ਪਹਿਲਾਂ ਵਾਂਗ ਚਾਰ ਸਫ਼ਾਈ ਸੇਵਕਾਂ ਦੀ ਡਿਊਟੀ ਲਗਾਉਣ, ਲੋੜ ਅਨੁਸਾਰ ਨਵੇਂ ਸਫ਼ਾਈ ਸੇਵਕਾਂ ਦੀਆਂ ਕੰਟਰੈਕਟ ’ਤੇ ਭਰਤੀ ਕਰਨ ਅਤੇ 6 ਰੈਗੂਲਰ ਡਰਾਈਵਰਾਂ ਦੇ ਪ੍ਰੋਬੇਸ਼ਨ ਪੀਰੀਅਡ ਦੀ ਫਾਈਲ ਕਲੀਅਰ ਕਰਨ ਆਦਿ ਮੰਗਾਂ ਦਾ ਨਿਬੇੜਾ ਕੀਤਾ ਜਾਵੇ।