ਗਾਲਿਬ ਕਲਾਂ ਵਿੱਚ ਦਲਿਤਾਂ ਦੀ ਜ਼ਮੀਨ ’ਤੇ ਸੈਰਗਾਹ ਬਣਾਉਣ ਦਾ ਵਿਰੋਧ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 29 ਜੁਲਾਈ
ਨੇੜਲੇ ਪਿੰਡ ਗਾਲਿਬ ਕਲਾਂ ‘ਚ ਅੱਜ ਮਜ਼ਦੂਰਾਂ ਨੇ ਧਰਨਾ ਲਾ ਕੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟਾਇਆ। ਧਰਨਾਕਾਰੀਆਂ ਨੇ ਪਿੰਡ ’ਚ 1957 ਦੀ ਮੁਰੱਬੇਬੰਦੀ ਦੌਰਾਨ ਦਲਿਤਾਂ ਅਤੇ ਪਛੜੇ ਵਰਗਾਂ ਦੀ ਭਲਾਈ ਲਈ ਛੱਡੀ ਗਈ ਜ਼ਮੀਨ ਦਾ ਸਬੰਧਤ ਵਰਗਾਂ ਨੂੰ ਜ਼ਮੀਨੀ ਹੱਕ ਦੇਣ ਦੀ ਬਜਾਏ ਉੱਥੇ ਸੈਰਗਾਹਬਣਾਉਣ ਅਤੇ ਜੰਗਲ ਲਾਉਣ ਨੂੰ ਧੱਕੇਸ਼ਾਹੀ ਕਰਾਰ ਦਿੱਤਾ। ਇਹ ਧੱਕਾ ਬੰਦ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਰਾਖਵੇਂ ਹਲਕੇ ਤੋਂ ਵਿਧਾਇਕ ਬਣੇ ਸਰਵਜੀਤ ਕੌਰ ਮਾਣੂੰਕੇ ਨੂੰ ਤਾਂ ਇਨ੍ਹਾਂ ਵਰਗਾਂ ਦੇ ਹੱਕ ’ਚ ਖੜ੍ਹਨਾ ਚਾਹੀਦਾ ਸੀ ਪਰ ਉਹ ਖੁਦ ਹੀ ਇਨ੍ਹਾਂ ਤੋਂ ਹੱਕ ਖੋਹਣ ਦੇ ਰਾਹ ਤੁਰ ਰਹੇ ਹਨ।
ਵੱਖ-ਵੱਖ ਜਥੇਬੰਦੀਆਂ ਨੇ ਆਪਣੇ ਨੁਮਾਇੰਦੇ ਭੇਜ ਕੇ ਗਾਲਿਬ ਕਲਾਂ ਦੇ ਮਜ਼ਦੂਰਾਂ ਨਾਲ ਇੱਕਮੁੱਠਤਾ ਦਾ ਇਜ਼ਹਾਰ ਕੀਤਾ। ਇਨ੍ਹਾਂ ਜਥੇਬੰਦੀਆਂ ’ਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਅਵਤਾਰ ਸਿੰਘ ਰਸੂਲਪੁਰ, ਬੁਹਜਨ ਸਮਾਜ ਪਾਰਟੀ ਵੱਲੋਂ ਬੂਟਾ ਸਿੰਘ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਵੱਲੋਂ ਜਸਵਿੰਦਰ ਸਿੰਘ ਭੁਮਾਲ, ਜਮਹੂਰੀ ਕਿਸਾਨ ਸਭਾ ਵੱਲੋਂ ਮਾਸਟਰ ਗੁਰਮੇਲ ਸਿੰਘ ਰੂਮੀ ਅਤੇ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਭਰਪੂਰ ਸਿੰਘ ਛੱਜਾਵਾਲ ਹਾਜ਼ਰ ਸਨ। ਇਨ੍ਹਾਂ ਦੀ ਅਗਵਾਈ ਹੇਠ ਪਿੰਡ ਗਾਲਿਬ ਦੇ ਦਲਿਤਾਂ ਅਤੇ ਪਛੜੇ ਵਰਗਾਂ ਨੇ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ।
ਆਗੂਆਂ ਕਿਹਾ ਕਿ ਪਿੰਡ ਗਾਲਿਬ ਕਲਾਂ ’ਚ ਤੰਗੀਆਂ ਤੁਰਸ਼ੀਆਂ ਅਤੇ ਛੋਟੇ ਛੋਟੇ ਘਰਾਂ ’ਚ ਰਹਿ ਰਹੇ ਦਲਿਤਾਂ ਅਤੇ ਪਛੜੇ ਵਰਗਾਂ ਦੀ ਭਲਾਈ ਲਈ ਮੁਰੱਬੇਬੰਦੀ ਦੌਰਾਨ ਛੱਡੀ ਗਈ ਜ਼ਮੀਨ ਨੂੰ ਸਬੰਧਤ ਲੋਕਾਂ ਦੇ ਹਿੱਤਾਂ ’ਚ ਵਰਤਣ ਦੀ ਬਜਾਏ ਭਗਵੰਤ ਮਾਨ ਸਰਕਾਰ ਇਸ ਜ਼ਮੀਨ ਨੂੰ ਸੈਰਗਾਹ ਬਣਾਉਣ ਦੇ ਨਾਂ ’ਤੇ ਖੋਹ ਰਹੀ ਹੈ। ਉਨ੍ਹਾਂ ਕਿਹਾ ਕਿ ਮੁਰੱਬੇਬੰਦੀ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਪਰ ਕਿਸੇ ਵੀ ਸਰਕਾਰ ਨੇ ਦਲਿਤਾਂ ਅਤੇ ਪਛੜੇ ਵਰਗਾਂ ਦੀ ਭਲਾਈ ਲਈ ਪਿੰਡ ’ਚ ਛੱਡੀ ਗਈ ਜ਼ਮੀਨ ’ਤੇ ਕਬਜ਼ਾ ਕਰਕੇ ਖੋਹਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਮੌਕੇ ਸਾਬਕਾ ਸਰਪੰਚ ਮੇਜਰ ਸਿੰਘ ਅਤੇ ਐੱਫਸੀਆਈ ਪੱਲੇਦਾਰ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਨੇ ਕਿਹਾ ਕਿ ਪਿੰਡ ਗਾਲਿਬ ਕਲਾਂ ਦੇ ਬੇਜ਼ਮੀਨੇ ਗਰੀਬ ਦਲਿਤ ਅਤੇ ਪਛੜੇ ਵਰਗਾਂ ਨਾਲ ਸਬੰਧਤ ਲੋਕ ਪੈਦਾਵਾਰੀ ਸਾਧਨਾਂ ਤੋਂ ਵਿਰਵੇ ਛੋਟੇ ਘਰਾਂ ’ਚ ਔਖਾ ਜੀਵਨ ਬਤੀਤ ਕਰ ਰਹੇ ਹਨ। ਚਾਹੀਦਾ ਤਾਂ ਇਹ ਹੈ ਕਿ ਇਸ ਜ਼ਮੀਨ ਦਾ ਮਾਲਕੀ ਹੱਕ ਗਰੀਬ ਲੋਕਾਂ ਨੂੰ ਦੇ ਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾਵੇ ਪਰ ਸਰਕਾਰ ਦਲਿਤ ਵਿਰੋਧੀ ਮਾਨਸਿਕਤਾ ਤਹਿਤ ਇਸ ਜ਼ਮੀਨ ਨੂੰ ਖੋਹ ਰਹੀ ਹੈ। ਇਕੱਤਰਤਾ ਨੇ ਫ਼ੈਸਲਾ ਕੀਤਾ ਕਿ ਇਸ ਮਾਮਲੇ ਸਬੰਧੀ ਹਫ਼ਤੇ ਤੱਕ ਪਿੰਡ ਦਾ ਜਨਤਕ ਵਫ਼ਦ ਐੱਸਡੀਐੱਮ ਜਗਰਾਉਂ ਨੂੰ ਮਿਲੇਗਾ। ਇਸ ਮੌਕੇ ਪਰਿਵਾਰ ਸਿੰਘ, ਦਰਸ਼ਨ ਸਿੰਘ, ਸੁਖਦੇਵ ਸਿੰਘ ਮਾਣੂੰਕੇ ਆਦਿ ਹਾਜ਼ਰ ਸਨ।