ਕਿਸਾਨਾਂ ਵੱਲੋਂ ਖਰੀਦ ਕੇਂਦਰ ਬੰਦ ਕਰਨ ਦਾ ਵਿਰੋਧ
ਪੱਤਰ ਪ੍ਰੇਰਕ
ਰਤੀਆ, 18 ਨਵੰਬਰ
ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਅੱਜ ਕਿਸਾਨ ਰੈਸਟ ਹਾਊਸ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਅਮਨ ਰਤੀਆ ਬੀਕੇਯੂ ਉਗਰਾਹਾਂ, ਮਾਸਟਰ ਰਾਜਿੰਦਰ ਬੱਟੂ ਜ਼ਿਲ੍ਹਾ ਸਕੱਤਰ ਕਿਸਾਨ ਸਭਾ, ਸਤਬੀਰ ਸਿੰਘ ਬੈਨੀਵਾਲ ਬੀਕੇਯੂ ਘਾਸੀਰਾਮ ਨੇ ਸਾਂਝੇ ਤੌਰ ’ਤੇ ਕੀਤੀ। ਸਾਂਝੇ ਕਿਸਾਨ ਮੋਰਚਾ ਫਤਿਹਾਬਾਦ ਦੇ ਕਨਵੀਨਰ ਅਤੇ ਕਿਸਾਨ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਗਤਾਰ ਸਿੰਘ ਨੇ ਸੰਚਾਲਨ ਕੀਤਾ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ 26, 27, 28 ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੌਮੀ ਪੱਧਰ ’ਤੇ ਰਾਜਪਾਲਾਂ ਨੂੰ ਮੰਗ ਪੱਤਰ ਅਤੇ ਘਿਰਾਓ ਕੀਤਾ ਜਾਵੇਗਾ, ਜਿਸ ਦੀ ਮੁੱਖ ਮੰਗ ਵਿੱਚ ਸਾਰੀਆਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਤੇ ਮੀਂਹ ਅਤੇ ਹੜ੍ਹਾਂ ਕਾਰਨ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਆਦਿ ਸ਼ਾਮਲ ਹੈ। ਅਮਨ ਰਤੀਆ, ਮਾਸਟਰ ਰਾਜਿੰਦਰ ਬੱਟੂ, ਸਤਬੀਰ ਸਿੰਘ ਬੈਨੀਵਾਲ ਨੇ ਦੱਸਿਆ ਕਿ ਝੋਨੇ ਦੀ ਖਰੀਦ 15 ਤਰੀਕ ਤੱਕ ਕੀਤੀ ਜਾਣੀ ਸੀ ਪਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਜੇ ਤੱਕ ਫਸਲ ਤਿਆਰ ਨਹੀਂ ਹੋਈ ਹੈ, ਫਸਲਾਂ ਨੂੰ ਪੱਕਣ ਵਿੱਚ 5 ਤੋਂ 10 ਦਿਨ ਦਾ ਸਮਾਂ ਲੱਗੇਗਾ, ਇਸ ਲਈ ਉਹ ਹਰਿਆਣਾ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਝੋਨੇ ਦੀ ਖਰੀਦ ਦੀ ਮਿਤੀ 30 ਤਰੀਕ ਤੱਕ ਵਧਾਈ ਜਾਵੇ। ਇੱਕ ਪਾਸੇ ਝੋਨੇ ਦੀ ਫ਼ਸਲ ਵਿੱਚ ਨਮੀ ਹੋਣ ਕਾਰਨ ਵਪਾਰੀ ਅਤੇ ਸਰਕਾਰ ਕਿਸਾਨਾਂ ਤੋਂ 2 ਤੋਂ 8 ਕਿਲੋ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਟੌਤੀ ਕਰਕੇ ਘੱਟੋ-ਘੱਟ ਸਮਰਥਨ ਮੁੱਲ ਤੋਂ ਹੇਠਾਂ ਖਰੀਦ ਕਰ ਰਹੇ ਹਨ ਅਤੇ ਦੂਜੇ ਪਾਸੇ 15 ਨਵੰਬਰ ਨੂੰ ਖਰੀਦ ਬੰਦ ਕਰ ਰਹੇ ਹਨ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਅਤੇ ਇੱਕ ਦੂਜੇ ਨਾਲ ਮਿਲੀਭੁਗਤ ਕਰਕੇ ਕਿਸਾਨਾਂ ਦੀ ਆਰਥਿਕ ਲੁੱਟ ਕਰ ਰਹੇ ਹਨ। ਕਿਸਾਨ ਸੰਯੁਕਤ ਮੋਰਚਾ ਨੇ ਚਿਤਾਵਨੀ ਦਿੱਤੀ ਕਿ ਜੇਕਰ 30 ਨਵੰਬਰ ਤੱਕ ਝੋਨੇ ਦੀ ਫਸਲ ਦੀ ਖਰੀਦ ਨਾ ਕੀਤੀ ਗਈ ਤਾਂ ਸਾਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ। ਮੀਟਿੰਗ ਮਗਰੋਂ ਆਗੂਆਂ ਨੇ ਮਾਰਕੀਟ ਕਮੇਟੀ ਦੇ ਸਕੱਤਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕਾਕਾ ਬਾਬਾ ਜੀ, ਜਗਦੀਸ਼ ਫੂਲਾ, ਛਤਰਪਾਲ ਸਿੰਘ ਨਥਵਾਨ, ਗੁਰਲਾਲ ਸਿੰਘ ਰਤੀਆ, ਅਸ਼ੋਕ ਕੁਮਾਰ, ਕਰਮ ਸਿੰਘ, ਕ੍ਰਿਸ਼ਨ ਕੁਮਾਰ ਡਾਂਗਰਾ, ਸਤਵੀਰ ਸਿੰਘ ਡੁੱਲਟ, ਸੀਟੂ ਦੇ ਜ਼ਿਲ੍ਹਾ ਪ੍ਰਧਾਨ ਜੰਗੀਰ ਸਿੰਘ ਤੇ ਸਾਜਨ ਕੁਮਾਰ ਇੰਦਾਛੋਈ ਆਦਿ ਹਾਜ਼ਰ ਸਨ।