ਬਰਸਾਲ ਤੇ ਖੁਦਾਈ ਚੱਕ ਦੀਆਂ ਮਨਰੇਗਾ ਮੇਟ ਬਦਲਣ ਦਾ ਵਿਰੋਧ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 5 ਅਗਸਤ
ਨੇੜਲੇ ਪਿੰਡ ਬਰਸਾਲ ਅਤੇ ਬੇਟ ਇਲਾਕੇ ਦੇ ਪਿੰਡ ਖੁਦਾਈ ਚੱਕ ਦੀਆਂ ਮਨਰੇਗਾ ਮੇਟ ਬਦਲਣ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਦੇ ਵਿਰੋਧ ’ਚ ਮਜ਼ਦੂਰ ਜਥੇਬੰਦੀਆਂ ਅਤੇ ਮਨਰੇਗਾ ਕਾਮਿਆਂ ਦਾ ਸੰਘਰਸ਼ ਜਾਰੀ ਹੈ। ਪੇਂਡੂ ਮਜ਼ਦੂਰ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂਆਂ ਡਾ. ਸੁਖਦੇਵ ਭੂੰਦੜੀ ਅਤੇ ਸੁਖਦੇਵ ਸਿੰਘ ਮਾਣੂੰਕੇ ਦੀ ਅਗਵਾਈ ’ਚ ਇਕ ਵਫ਼ਦ ਅੱਜ ਮੁੜ ਉਪ ਮੰਡਲ ਮੈਜਿਸਟੇਰਟ ਨੂੰ ਮਿਲਿਆ। ਆਗੂਆਂ ਨੇ ਦੱਸਿਆ ਕਿ ਵਫ਼ਦ ਨੂੰ ਸੁਣਨ ਮਗਰੋਂ ਐੱਸਡੀਐੱਮ ਮਨਜੀਤ ਕੌਰ ਨੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਸੋਮਵਾਰ ਤੱਕ ਮਸਲਾ ਹੱਲ ਕਰਨ ਦੀ ਹਦਾਇਤ ਕੀਤੀ ਹੈ। ਇਸ ਤੋਂ ਪਹਿਲਾਂ ਬਰਸਾਲ ਅਤੇ ਖੁਦਾਈ ਚੱਕ ਪਿੰਡਾਂ ’ਚ ਪਿਛਲੇ ਦਿਨੀਂ ਧਰਨੇ ਮੁਜ਼ਾਹਰੇ ਹੋ ਚੁੱਕੇ ਹਨ। ਮਜ਼ਦੂਰ ਆਗੂਆਂ ਦਾ ਦੋਸ਼ ਹੈ ਕਿ ਬਰਸਾਲ ਦੀ ਮਨਰੇਗਾ ਮੇਟ ਚਰਨਜੀਤ ਕੌਰ ਅਤੇ ਖੁਦਾਰੀ ਚੱਕ ਦੀ ਮੇਟ ਕਿਰਨਦੀਪ ਕੌਰ ਨੂੰ ਸੱਤਾਧਾਰੀ ਧਿਰ ਦੇ ਆਗੂਆਂ ਦੇ ਦਬਾਅ ਹੇਠ ਬਦਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਨ੍ਹਾਂ ਦੋਹਾਂ ਨੂੰ ਪੰਚਾਇਤੀ ਮਤੇ ਪਾਸ ਕਰ ਕੇ ਨਿਯਮਾਂ ਮੁਤਾਬਕ ਰੱਖਿਆ ਹੋਇਆ ਹੈ। ਮਨਰੇਗਾ ਵਰਕਰ ਵੀ ਇਨ੍ਹਾਂ ਦੇ ਕੰਮ ਤੋਂ ਖੁਸ਼ ਹਨ ਅਤੇ ਇਹ ਦੋਵੇਂ ਈਮਾਨਦਾਰੀ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰੌਲਾ ਸਿਰਫ ਇਸ ਗੱਲ ਤੋਂ ਸ਼ੁਰੂ ਹੋਇਆ ਜਦੋਂ ਇਨ੍ਹਾਂ ਨੇ ਕੋਰੇ ਕਾਗਜ਼ਾਂ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕੀਤਾ। ਉਸ ਤੋਂ ਬਾਅਦ ‘ਆਪ’ ਨਾਲ ਸਬੰਧਤ ਆਗੂ ਇਨ੍ਹਾਂ ਨੂੰ ਬਦਲਣ ’ਤੇ ਉਤਾਰੂ ਹੋ ਗਏ। ਮਜ਼ਦੂਰ ਜਥੇਬੰਦੀਆਂ ਨੇ ਕਿਹਾ ਕਿ ਇਹ ਕੋਸ਼ਿਸ਼ ਕਰਦੇ ਪੂਰੀ ਨਹੀਂ ਹੋਣ ਦਿੱਤੀ ਜਾਵੇਗੀ। ਜੇਕਰ ਹਾਕਮ ਧਿਰ ਫਿਰ ਵੀ ਨਾ ਹਟੀ ਤਾਂ ਘਿਰਾਓ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਵਫ਼ਦ ’ਚ ਮਨਜੀਤ ਕੌਰ, ਕਿਰਨਦੀਪ ਕੌਰ, ਗੁਰਦੇਵ ਕੌਰ, ਕਾਮਰੇਡ ਸੋਨੀ ਸਿੱਧਵਾਂ, ਜਸਪ੍ਰੀਤ ਸਿੰਘ, ਪ੍ਰਿਤਪਾਲ ਸਿੰਘ, ਚੰਦ ਸਿੰਘ ਆਦਿ ਸ਼ਾਮਲ ਸਨ।