ਖੇਡ ਸਟੇਡੀਅਮ ਨੂੰ ਚੋਣ ਸਮੱਗਰੀ ਲਈ ਸਟਰਾਂਗ ਰੂਮ ਬਣਾਉਣ ਦਾ ਵਿਰੋਧ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 29 ਮਾਰਚ
ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਣ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੁਹਾਲੀ ਦੇ ਫੇਜ਼ 78 ਦੇ ਬਹੁ-ਮੰਤਵੀ ਖੇਡ ਸਟੇਡੀਅਮ ਨੂੰ ਚੋਣ ਸਮੱਗਰੀ ਲਈ ਸਟਰਾਂਗ ਰੂਮ ਨਾ ਬਣਾਇਆ ਜਾਵੇ। ਉਨ੍ਹਾਂ ਚੋਣ ਸਮੱਗਰੀ ਲਈ ਕਿਸੇ ਬਦਲਵੀਂ ਥਾਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਖੇਡ ਸਟੇਡੀਅਮ ਦੇ ਸਟਰਾਂਗ ਰੂਮ ਬਣਨ ਨਾਲ ਅੱਧ ਜੂਨ ਤੱਕ ਸਟੇਡੀਅਮ ਨੂੰ ਬੰਦ ਰੱਖਣਾ ਪਵੇਗਾ, ਇਸ ਨਾਲ ਸੈਂਕੜੇ ਖਿਡਾਰੀਆਂ ਦਾ ਅਭਿਆਸ ਅਤੇ ਖੇਡ ਬੰਦ ਹੋ ਜਾਵੇਗੀ।
ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਜ਼ਿਲ੍ਹਾ ਅਧਿਕਾਰੀਆਂ ਨੂੰ ਇਸ ਸਬੰਧੀ ਹਦਾਇਤ ਕੀਤੀ ਜਾਵੇ ਤੇ ਖੇਡ ਸਟੇਡੀਅਮ ਦੀ ਥਾਂ ਹੋਰ ਥਾਂ ਸਟਰਾਂਗ ਰੂਮ ਬਣਾਇਆ ਜਾਵੇ।
ਅਧਿਕਾਰੀਆਂ ਨਾਲ ਸੰਪਰਕ ਕਰ ਰਹੇ ਹਾਂ: ਜ਼ਿਲ੍ਹਾ ਖੇਡ ਅਫ਼ਸਰ
ਮੁਹਾਲੀ ਦੇ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਸੈਕਟਰ 78 ਦੇ ਬਹੁਮੰਤਵੀ ਖੇਡ ਸਟੇਡੀਅਮ ਦੀ ਥਾਂ ਕਿਸੇ ਹੋਰ ਜਗ੍ਹਾ ’ਤੇ ਸਟਰਾਂਗ ਰੂਮ ਬਣਾਉਣ ਸਬੰਧੀ ਉਹ ਜ਼ਿਲ੍ਹਾ ਅਧਿਕਾਰੀਆਂ ਨਾਲ ਲਗਾਤਾਰ ਤਾਲਮੇਲ ਵਿਚ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਵੀ ਜਾਣੂ ਕਰਾ ਦਿੱਤਾ ਗਿਆ ਹੈ ਤੇ ਖਿਡਾਰੀਆਂ ਦੇ ਅਭਿਆਸ ਦੇ ਮੱਦੇਨਜ਼ਰ ਲਿਖਤੀ ਤੌਰ ’ਤੇ ਵੀ ਸਟਰਾਂਗ ਰੂਮ ਹੋਰ ਥਾਂ ਬਣਾਏ ਜਾਣ ਲਈ ਲਿਖਿਆ ਗਿਆ ਹੈ।