ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ
ਹਰਜੀਤ ਸਿੰਘ/ਬੀਐੱਸ ਚਾਨਾ
ਡੇਰਾਬੱਸੀ/ਸ੍ਰੀ ਆਨੰਦਪੁਰ ਸਾਹਿਬ, 12 ਮਈ
ਕਿਸਾਨਾਂ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੂਬਾ ਭਰ ਵਿੱਚ ਭਾਜਪਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਕਿਸਾਨੀ ਮਸਲਿਆਂ ਸਬੰਧੀ ਸਵਾਲ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਡੇਰਾਬਸੀ ਵਿੱਚ ਅਤੇ ਡਾ. ਸੁਭਾਸ਼ ਸ਼ਰਮਾ ਦਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਿਸਾਨਾਂ ਵੱਲੋਂ ਡੱਟਵਾਂ ਵਿਰੋਧ ਕੀਤਾ ਗਿਆ। ਅੱਜ ਪ੍ਰਨੀਤ ਕੌਰ ਨੇ ਜ਼ਿਰਕਪੁਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕਾ ਪਟਿਆਲਾ ਅਤੇ ਪੰਜਾਬ ਦੇ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਵਿੱਚ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ ਹਨ। ਉਹ ਅੱਜ ਜ਼ੀਰਕਪੁਰ ਵਿੱਚ ਹਲਕਾ ਚੋਣ ਇੰਚਾਰਜ ਐੱਸਐੱਮਐੱਸ ਸੰਧੂ ਦੀ ਅਗਵਾਈ ਹੇਠ ਕੀਤੇ ਰੋਡ ਸ਼ੋਅ ਉਪਰੰਤ ਰੱਖੇ ਸੰਮੇਲਨ ਦੌਰਾਨ ਪਾਰਟੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਕਿਸਾਨਾਂ ਨੇ ਉਨ੍ਹਾਂ ਦਾ ਡਟਕੇ ਵਿਰੋਧ ਕੀਤਾ। ਕਿਸਾਨਾਂ ਨੇ ਹੱਥ ਵਿੱਚ ਕਾਲੇ ਅਤੇ ਕਿਸਾਨ ਯੂਨੀਅਨ ਦੇ ਝੰਡੇ ਫੜ ਕੇ ਪ੍ਰਨੀਤ ਕੌਰ ਅਤੇ ਭਾਜਪਾ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਦੋਸ਼ ਲਾਇਆ ਕਿ ਭਾਜਪਾ ਨੇ ਕਿਸਾਨਾਂ ਨਾਲ ਧੋਖਾ ਅਤੇ ਧੱਕੇਸ਼ਾਹੀ ਕੀਤੀ ਹੈ, ਜਿਸਦਾ ਜਵਾਬ ਲੋਕ ਸਭਾ ਚੋਣਾਂ ਦੌਰਾਨ ਇਨ੍ਹਾਂ ਦਾ ਵਿਰੋਧ ਕਰ ਕੇ ਚੁਕਾਇਆ ਜਾਵੇਗਾ।
ਡੇਰਾਬੱਸੀ ਵਿੱਚ ਕਿਸਾਨਾਂ ਦੇ ਵਿਰੋਧ ਦੇ ਸਵਾਲ ’ਤੇ ਪ੍ਰਨੀਤ ਕੌਰ ਨੇ ਕਿਹਾ ਕਿ ਇੱਕ ਲੋਕਤੰਤਰੀ ਸਮਾਜ ਵਿੱਚ ਹਰ ਇੱਕ ਨੂੰ ਵਿਰੋਧ ਕਰਨ ਅਤੇ ਆਪਣੀ ਆਵਾਜ਼ ਚੁੱਕਣ ਦਾ ਅਧਿਕਾਰ ਹੈ। ਸਾਡੇ ਕਿਸਾਨ ਸਾਡੇ ਅੰਨਦਾਤੇ ਹਨ ਅਤੇ ਮੈਂ ਤੇ ਮੇਰਾ ਪਰਿਵਾਰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਉਨ੍ਹਾਂ ਦੇ ਹੱਕਾਂ ਦੀ ਰਾਖੀ ਕੀਤੀ ਹੈ ਅਤੇ ਉਨ੍ਹਾਂ ਲਈ ਖੜ੍ਹੇ ਹੋਏ ਹਨ। ਉਨ੍ਹਾਂ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਮੈਂ ਹਮੇਸ਼ਾ ਉਨ੍ਹਾਂ ਦੀਆਂ ਮੰਗਾਂ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਭਵਿੱਖ ਵਿੱਚ ਵੀ ਕਰਦੀ ਰਹਾਂਗੀ।
ਉਥੇ ਹੀ ਪ੍ਰਨੀਤ ਕੌਰ ਦੇ ਦੌਰੇ ਦੌਰਾਨ ਹਲਕਾ ਡੇਰਾਬੱਸੀ ਵਿੱਚ ਭਾਜਪਾ ਦੀ ਫੁੱਟ ਖੁੱਲ੍ਹ ਕੇ ਸਾਹਮਣੇ ਆ ਗਈ। ਭਾਜਪਾ ਆਗੂ ਸੰਜੀਵ ਖੰਨਾ ਅਤੇ ਮੁਕੇਸ਼ ਗਾਂਧੀ ਵੱਲੋਂ ਏਕਤਾ ਦਾ ਸਬੂਤ ਦੇਣ ਦੀ ਥਾਂ ਪ੍ਰਨੀਤ ਕੌਰ ਦੀ ਮੀਟਿੰਗ ਵੱਖ-ਵੱਖ ਥਾਵਾਂ ’ਤੇ ਰੱਖੀ ਗਈ ਅਤੇ ਦੋਵੇਂ ਆਗੂ ਇਕ ਦੂਜੇ ਦੇ ਪ੍ਰੋਗਰਾਮ ਵਿੱਚ ਨਹੀਂ ਗਏ। ਮੁਕੇਸ਼ ਗਾਂਧੀ ਵੱਲੋਂ ਮੀਟਿੰਗ ਭਾਜਪਾ ਚੋਣ ਦਫ਼ਤਰ ਵਿੱਚ ਰੱਖੀ ਗਈ, ਜਦੋਂਕਿ ਸੰਜੀਵ ਖੰਨਾ ਵੱਲੋਂ ਮੀਟਿੰਗ ਖਟੀਕ ਧਰਮਸ਼ਾਲਾ ਵਿੱਚ ਰੱਖੀ ਗਈ।
ਇਸੇ ਤਰ੍ਹਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਐਤਵਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਨ ਸਭਾ ਉਲੀਕੀ ਪਰ ਇਥੇ ਉਨ੍ਹਾਂ ਨੂੰ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਕਿਸਾਨਾਂ-ਮਜ਼ਦੂਰਾਂ ਨੇ ਭਾਜਪਾ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਭਾਰੀ ਰੋਹ ਦੇਖਦਿਆਂ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਦੇ ਹੱਕ ’ਚ ਰੱਖੀ ਜਨ ਸਭਾ ਵਿੱਚ ਸ਼ਮੂਲੀਅਤ ਕਰਨ ਆ ਰਹੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਆਪਣਾ ਦੌਰਾ ਰੱਦ ਕਰ ਦਿੱਤਾ। ਹਾਲਾਂਕਿ ਭਾਜਪਾ ਆਗੂਆਂ ਵੱਲੋਂ ਇਸ ਦੌਰੇ ਦੇ ਰੱਦ ਹੋਣ ਪਿੱਛੇ ਹੋਰ ਕਾਰਨ ਦੱਸੇ ਜਾ ਰਹੇ ਹਨ ਤੇ ਵਿਰੋਧ ਦੇ ਇਸ ਤਰੀਕੇ ਨੂੰ ਗਲਤ ਕਿਹਾ ਗਿਆ। ਉਧਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਡਾ. ਸੁਭਾਸ਼ ਸ਼ਰਮਾ ਨੇ ਮਾਈਨਿੰਗ ਮਾਫੀਆ ’ਤੇ ਤਿੱਖਾ ਨਿਸ਼ਾਨਾ ਸੇਧਿਆ ਹੈ| ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਆਗੂਆਂ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਨਾਜਾਇਜ਼ ਮਾਈਨਿੰਗ ਲਈ ਹੀ ਵਰਤਿਆ ਹੈ ਅਤੇ ਆਪਣੀਆਂ ਜੇਬਾਂ ਭਰੀਆਂ ਹਨ। ਡਾ. ਸੁਭਾਸ਼ ਸ਼ਰਮਾ ਨੇ ਵਾਅਦਾ ਕੀਤਾ ਕਿ ਜੇਕਰ ਉਨ੍ਹਾਂ ਨੂੰ ਇਲਾਕੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਤਾਂ ਉਹ ਸ੍ਰੀ ਆਨੰਦਪੁਰ ਸਾਹਿਬ ’ਚੋਂ ਮਾਈਨਿੰਗ ਮਾਫ਼ੀਆ ਦਾ ਸਫ਼ਾਇਆ ਕਰ ਦੇਣਗੇ|