For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਵਿੱਚ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ

08:58 AM Sep 17, 2024 IST
ਹਰਿਆਣਾ ਵਿੱਚ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ
ਅਨਿਲ ਵਿੱਜ ਦਾ ਵਿਰੋਧ ਕਰਦੇ ਹੋਏ ਭਾਕਿਯੂ ਸ਼ਹੀਦ ਭਗਤ ਸਿੰਘ ਦੇ ਵਰਕਰ। -ਫ਼ੋਟੋ: ਢਿੱਲੋਂ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 16 ਸਤੰਬਰ
ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਰਾਜਸੀ ਪਾਰਟੀਆਂ ਨੇ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਆਗੂਆਂ ਵੱਲੋਂ ਸੂਬੇ ਦੇ 90 ਵਿਧਾਨ ਸਭਾ ਹਲਕਿਆਂ ਵਿੱਚ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਭਾਜਪਾ ਉਮੀਦਵਾਰਾਂ ਦਾ ਘਿਰਾਓ ਕਰਕੇ ਪਿਛਲੇ 10 ਸਾਲਾਂ ਦਾ ਹਿਸਾਬ-ਕਿਤਾਬ ਮੰਗਣਾ ਸ਼ੁਰੂ ਕਰ ਦਿੱਤਾ ਹੈ। ਅੱਜ ਸੂਬੇ ਵਿੱਚ ਕਈ ਥਾਈਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਭਾਜਪਾ ਉਮੀਦਵਾਰਾਂ ਦਾ ਘਿਰਾਓ ਕਰਦਿਆਂ ਉਨ੍ਹਾਂ ਨੂੰ ਕਿਸਾਨਾਂ ਦੇ ਮੁੱਦੇ ’ਤੇ ਸਟੈਂਡ ਸਪੱਸ਼ਟ ਕਰਨ ਲਈ ਕਿਹਾ। ਹਾਲਾਂਕਿ ਭਾਜਪਾ ਆਗੂ ਆਪਣਾ ਬਚਾਅ ਕਰਦਿਆਂ ਮੌਕੇ ਤੋਂ ਖਿਸਕ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਹਿਸਾਰ ਦੇ ਵਿਧਾਨ ਸਭਾ ਹਲਕਾ ਆਦਮਪੁਰ ਵਿੱਚ ਭਾਜਪਾ ਉਮੀਦਵਾਰ ਭਵਿਆ ਬਿਸ਼ਨੋਈ ਲਈ ਪ੍ਰਚਾਰ ਕਰਨ ਪੁੱਜੇ ਕੁਲਦੀਪ ਬਿਸ਼ਨੋਈ ਦਾ ਕਿਸਾਨਾਂ ਨੇ ਵਿਰੋਧ ਕੀਤਾ, ਜਦੋਂ ਦੋਵੇਂ ਪਿਓ-ਪੁੱਤ ਉੱਥੋਂ ਨਿਕਲਣ ਲੱਗੇ ਤਾਂ ਲੋਕਾਂ ਨੇ ਪਿੱਛੇ ਭੱਜ ਕੇ ਉਨ੍ਹਾਂ ਖ਼ਿਲਾਫ਼ ਰੋਸ ਜਤਾਇਆ। ਇਸ ਉਪਰੰਤ ਕਿਸਾਨਾਂ ਨੇ ਪੰਚਾਇਤ ਸੱਦੀ, ਜਿੱਥੇ ਕੁਲਦੀਪ ਬਿਸ਼ਨੋਈ ਨੇ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ। ਕਿਸਾਨਾਂ ਨੇ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਨਾਲ ਮਤਰੇਆ ਸਲੂਕ ਕਰ ਰਹੀ ਹੈ। ਇਸ ’ਤੇ ਕੁਲਦੀਪ ਬਿਸ਼ਨੋਈ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਜ਼ਿਲ੍ਹਾ ਅੰਬਾਲਾ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਨਾਰਾਇਣਗੜ੍ਹ ਤੋਂ ਭਾਜਪਾ ਉਮੀਦਵਾਰ ਪਵਨ ਸੈਣੀ ਦਾ ਕਿਸਾਨਾਂ ਨੇ ਵਿਰੋਧ ਕੀਤਾ। ਚੋਣ ਪ੍ਰਚਾਰ ਲਈ ਆਏ ਪਵਨ ਸੈਣੀ ਦਾ ਵਿਰੋਧ ਕਰਦਿਆਂ ਕਿਸਾਨ ਆਗੂਆਂ ਨੇ ਝੰਡੇ ਲੈ ਕੇ ਸੈਣੀ ਦਾ ਰਾਹ ਜਾਮ ਕਰ ਦਿੱਤਾ। ਕਿਸਾਨਾਂ ਨੇ ਸੈਣੀ ਨੂੰ ਚੋਣ ਪ੍ਰਚਾਰ ਲਈ ਅੱਗੇ ਨਹੀਂ ਵਧਣ ਦਿੱਤਾ। ਇਸੇ ਤਰ੍ਹਾਂ ਫਰੀਦਾਬਾਦ ਦੇ ਵਿਧਾਨ ਸਭਾ ਹਲਕਾ ਬੜਖਲ ਵਿੱਚ ਭਾਜਪਾ ਉਮੀਦਵਾਰ ਧਨੇਸ਼ ਅਦਲੱਖਾ ਦਾ ਕਿਸਾਨਾਂ ਨੇ ਵਿਰੋਧ ਕੀਤਾ। ਧਨੇਸ਼ ਅਦਲੱਖਾ ਪਿੰਡ ਨਵਾਦਾ ਵਿੱਚ ਚੋਣ ਪ੍ਰਚਾਰ ਕਰਨ ਜਾ ਰਹੇ ਸਨ। ਰਾਹ ਵਿੱਚ ਪਿਛਲੇ ਲੰਬੇ ਸਮੇਂ ਤੋਂ ਗੰਦੇ ਨਾਲੇ ਤੇ ਸੀਵਰੇਜ ਦਾ ਦੂਸ਼ਿਤ ਪਾਣੀ ਸੜਕ ’ਤੇ ਖੜ੍ਹਾ ਹੋਣ ਦੇ ਮੁੱਦੇ ਅਤੇ ਕਿਸਾਨੀ ਮੰਗਾਂ ਸਬੰਧੀ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਸਮਾਗਮਾਂ ਦਾ ਵਿਰੋਧ ਕੀਤਾ। ਇਸ ਦੌਰਾਨ ਭਾਜਪਾ ਵਰਕਰ ਤੇ ਕਿਸਾਨ ਆਗੂ ਆਪਸ ਵਿੱਚ ਖਹਿਬੜ ਪਏ ਸਨ, ਜਿਨ੍ਹਾਂ ਨੂੰ ਪੁਲੀਸ ਨੇ ਰੋਕਿਆ। ਜ਼ਿਕਰਯੋਗ ਹੈ ਕਿ ਹਰਿਆਣਾ ਵਿੱਚ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਭਾਜਪਾ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਵੀ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ, ਹਰਿਆਣਾ ਸਣੇ ਹੋਰਨਾਂ ਸੂਬਿਆਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਗਿਆ ਸੀ, ਜਿਸ ਕਾਰਨ ਭਾਜਪਾ ਨੂੰ ਪੰਜਾਬ ਤੇ ਹਰਿਆਣਾ ਵਿੱਚ ਵਧੇਰੇ ਨੁਕਸਾਨ ਝੱਲਣਾ ਪਿਆ ਸੀ।

Advertisement

ਜਦੋਂ ਅਨਿਲ ਵਿੱਜ ਨੂੰ ਅੱਧ-ਵਿਚਾਲੇ ਮੀਟਿੰਗ ਛੱਡ ਕੇ ਜਾਣਾ ਪਿਆ

ਅੰਬਾਲਾ (ਨਿੱਜੀ ਪੱਤਰ ਪ੍ਰੇਰਕ):

Advertisement

ਇੱਥੇ ਦੇਰ ਸ਼ਾਮ ਅੰਬਾਲਾ ਕੈਂਟ ਦੇ ਸ਼ਾਹਪੁਰ ਪਿੰਡ ਵਿੱਚ ਚੋਣ ਪ੍ਰਚਾਰ ਲਈ ਪਹੁੰਚੇ ਸਾਬਕਾ ਗ੍ਰਹਿ ਮੰਤਰੀ ਅਤੇ ਅੰਬਾਲਾ ਛਾਉਣੀ ਹਲਕੇ ਤੋਂ ਭਾਜਪਾ ਉਮੀਦਵਾਰ ਅਨਿਲ ਵਿੱਜ ਨੂੰ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਵਰਕਰਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੌਰਾਨ ਉਨ੍ਹਾਂ ਨੂੰ ਮੀਟਿੰਗ ਵਿਚਾਲੇ ਛੱਡ ਕੇ ਜਾਣਾ ਪਿਆ। ਸ੍ਰੀ ਵਿੱਜ ਸ਼ਾਹਪੁਰ ਪਿੰਡ ਵਿੱਚ ਆਪਣੇ ਚੋਣ ਪ੍ਰਚਾਰ ਦੌਰਾਨ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੀ ਭਿਣਕ ਕਿਸਾਨਾਂ ਨੂੰ ਪੈ ਗਈ। ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਵਰਕਰ ਹੱਥਾਂ ਵਿਚ ਝੰਡੇ ਲੈ ਕੇ ਮੀਟਿੰਗ ਵਾਲੀ ਥਾਂ ’ਤੇ ਪਹੁੰਚ ਗਏ। ਇਸ ਦੌਰਾਨ ਕਿਸਾਨਾਂ ਨੇ ਭਾਜਪਾ ਆਗੂ ਅਤੇ ਹਰਿਆਣਾ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਜੇਲ੍ਹ ਵਿੱਚ ਰਹਿ ਕੇ ਆਏ ਨਵਦੀਪ ਸਿੰਘ ਜਲਬੇੜਾ ਅਤੇ ਸ਼ਾਹਪੁਰ ਦੇ ਗੁਰਕੀਰਤ ਸਿੰਘ ਨੇ ਸ੍ਰੀ ਵਿੱਜ ਨੂੰ ਸਿੱਧੇ ਸਵਾਲ ਕੀਤੇ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਕਿਉਂ ਰੱਖਿਆ ਗਿਆ, ਤਸੀਹੇ ਕਿਉਂ ਦਿੱਤੇ ਗਏ ਅਤੇ ਧਾਰਾ 307 ਦਾ ਕੇਸ ਕਿਵੇਂ ਦਰਜ ਕੀਤਾ ਗਿਆ। ਭਾਜਪਾ ਆਗੂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਾ ਦੇ ਸਕੇ। ਇਸ ਦੌਰਾਨ ਕਿਸਾਨ ਯੂਨੀਅਨ ਵਾਲਿਆਂ ਨੇ ਅਨਿਲ ਵਿੱਜ ਮੁਰਦਾਬਾਦ ਅਤੇ ਵਿੱਜ ਸਮਰਥਕਾਂ ਨੇ ਅਨਿਲ ਵਿੱਜ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਮਾਹੌਲ ਐਨਾ ਗਰਮ ਹੋ ਗਿਆ ਕਿ ਸ੍ਰੀ ਵਿੱਜ ਮੀਟਿੰਗ ਵਿਚਾਲੇ ਛੱਡ ਕੇ ਆਪਣੀ ਕਾਰ ਵਿਚ ਬੈਠ ਕੇ ਵਾਪਸ ਆ ਗਏ।

Advertisement
Author Image

joginder kumar

View all posts

Advertisement