ਮਹਿਮਾ ਸਰਜਾ ਵਿੱਚ ਭਾਜਪਾ ਉਮੀਦਵਾਰ ਦਾ ਵਿਰੋਧ
ਮਨੋਜ ਸ਼ਰਮਾ
ਬਠਿੰਡਾ, 22 ਮਈ
ਪਿੰਡਾਂ ਵਿੱਚ ਭਾਜਪਾ ਦਾ ਵਿਰੋਧ ਲਗਾਤਾਰ ਜਾਰੀ ਹੈ। ਅੱਜ ਦੁਪਹਿਰ ਵੇਲੇ ਪਿੰਡ ਮਹਿਮਾ ਸਰਜਾ ਵਿੱਚ ਕਿਸਾਨਾਂ ਨੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੂੰ ਬੀਬੀ ਮਲੂਕਾ ਦੇ ਪ੍ਰੋਗਰਾਮ ਬਾਰੇ ਪਹਿਲਾਂ ਹੀ ਪਤਾ ਸੀ। ਸਮਾਗਮ ਤੋਂ ਪਹਿਲਾਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਬੀਕੇਯੂ ਸਿੱਧੂਪਰ, ਬੀਕੇਯੂ ਮਾਨਸਾ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਕਾਰਕੁਨ ਸਮਾਗਮ ਵਾਲੀ ਜਗ੍ਹਾ ਨੇੜੇ ਪੁੱਜ ਗਏ ਅਤੇ ਸੜਕਾਂ ’ਤੇ ਡੇਰੇ ਲਗਾ ਲਏ। ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਜਿਵੇਂ ਹੀ ਪਿੰਡ ਵਿੱਚ ਦਾਖਲ ਹੋਏ ਤਾਂ ਕਿਸਾਨ ਧਿਰਾਂ ਵੱਲੋਂ ਉਨ੍ਹਾਂ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਮੌਕੇ ’ਤੇ ਮੌਜੂਦ ਪੁਲੀਸ ਬਲ ਨੇ ਕਿਸਾਨ ਜਥੇਬੰਦੀਆਂ ਨੂੰ ਸਮਾਗਮ ਤੋਂ ਦੂਰ ਰੱਖਣ ਲਈ ਰੱਸੇ ਬੰਨ੍ਹ ਕੇ ਘੇਰਾਬੰਦੀ ਕੀਤੀ ਹੋਈ ਸੀ।
ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਮਾਸਟਰ ਸੇਵਕ ਸਿੰਘ, ਬੀਕੇਯੂ ਸਿੱਧੂਪੁਰ ਦੇ ਸਕੱਤਰ ਗੁਰਦੀਪ ਸਿੰਘ ਮਹਿਮਾ ਸਰਜਾ, ਸਤਨਾਮ ਸਿੰਘ ਮਹਿਮਾ ਸਰਜਾ ਗੇਜਾ ਸਿੰਘ ਲੱਖੀ ਜੰਗਲ ਅਤੇ ਬੀਕੇਯੂ ਮਾਨਸਾ ਦੇ ਸੂਬਾ ਆਗੂ ਬੇਅੰਤ ਸਿੰਘ ਮਹਿਮਾ ਸਰਜਾ, ਬੀਕੇਯੂ ਉਗਰਾਹਾਂ ਦੇ ਜਨਕ ਸਿੰਘ ਬਰਾੜ ਅਤੇ ਭੋਲਾ ਸ਼ਰਮਾ ਸਣੇ ਵੱਖ- ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਸਮਾਗਮ ਸ਼ੁਰੂ ਹੋਣ ਸਾਰ ਨਾਅਰੇਬਾਜ਼ੀ ਕੀਤੀ। ਇੱਕ ਪਾਸੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਸੰਬੋਧਨ ਕਰ ਰਹੇ ਸਨ ਤੇ ਦੂਜੇ ਪਾਸੇ ਕਿਸਾਨ ਲਗਾਤਾਰ ਸਪੀਕਰ ਰਾਹੀਂ ਨਾਅਰੇਬਾਜ਼ੀ ਕਰ ਰਹੇ ਸਨ। ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਕਿਰਨਜੀਤ ਸਿੰਘ ਬਰਾੜ ਅਤੇ ਵੱਖ-ਵੱਖ ਪਾਰਟੀਆਂ ਤੋਂ ਆਏ ਵਰਕਰਾਂ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ ਗਿਆ। ਇਸ ਮੌਕੇ ਮਾਸਟਰ ਬਲਦੇਵ ਸਿੰਘ ਅਤੇ ਸਿਮਰਦੀਪ ਸ਼ਰਮਾ ਹਾਜ਼ਰ ਸਨ।
ਕੋਟਕਪੂਰਾ ਵਿੱਚ ਹੰਸ ਰਾਜ ਹੰਸ ਖ਼ਿਲਾਫ਼ ਨਾਅਰੇਬਾਜ਼ੀ
ਕੋਟਕਪੂਰਾ (ਭਾਰਤ ਭੂਸ਼ਨ ਆਜ਼ਾਦ): ਕੋਟਕਪੂਰਾ ਵਿੱਚ ਅੱਜ ਕਿਸਾਨਾਂ ਨੇ ਮੁੜ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਵਿਰੋਧ ਕੀਤਾ। ਹੰਸ ਰਾਜ ਹੰਸ ਨੇ ਸਥਾਨਕ ਜੈਤੋ ਰੋਡ ’ਤੇ ਰੱਥ ਵਿੱਚ ਸਵਾਰ ਹੋ ਕੇ ਚੋਣ ਪ੍ਰਚਾਰ ਸ਼ੁਰੂ ਹੀ ਕੀਤਾ ਸੀ ਕਿ ਕਿਸਾਨ ਜਥੇਬੰਦੀਆਂ ਨੂੰ ਸਮਾਗਮ ਬਾਰੇ ਪਤਾ ਲੱਗ ਗਿਆ। ਇਕੱਠੇ ਹੋਏ ਵੱਡੀ ਗਿਣਤੀ ਕਿਸਾਨਾਂ ਨੇ ਭਾਜਪਾ ਉਮੀਦਵਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਹੰਸ ਰਾਜ ਹੰਸ ਨਾਲ ਸਵਾਲ-ਜਵਾਬ ਕਰਨ ਦੀ ਕੋਸ਼ਿਸ਼ ਵੀ ਕੀਤੀ। ਕਿਸਾਨਾਂ ਨੇ ਕਿਹਾ ਕਿ ਕਿਸਾਨੀ ਮਸਲੇ ਹੱਲ ਹੋਣ ਤੱਕ ਭਾਜਪਾ ਉਮੀਦਵਾਰਾਂ ਦਾ ਵਿਰੋਧ ਜਾਰੀ ਰਹੇਗਾ।