For the best experience, open
https://m.punjabitribuneonline.com
on your mobile browser.
Advertisement

ਮੂਲੋਵਾਲ ਵਿੱਚ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਵਿਰੋਧ

07:51 AM May 22, 2024 IST
ਮੂਲੋਵਾਲ ਵਿੱਚ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਵਿਰੋਧ
ਪਿੰਡ ਮੂਲੋਵਾਲ ਵਿੱਚ ਮੰਗਲਵਾਰ ਨੂੰ ਭਾਜਪਾ ਉਮੀਦਵਾਰ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਦੇ ਹੋਏ ਕਿਸਾਨ।
Advertisement

ਬੀਰਬਲ ਰਿਸ਼ੀ
ਸ਼ੇਰਪੁਰ, 21 ਮਈ
ਲੋਕ ਸਭਾ ਹਲਕਾ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਦਾ ਅੱਜ ਬਲਾਕ ਸ਼ੇਰਪੁਰ ਦੇ ਇਤਿਹਾਸਕ ਪਿੰਡ ਮੂਲੋਵਾਲ ਵਿੱਚ ਚੋਣ ਮੀਟਿੰਗ ਦੌਰਾਨ ਪਹੁੰਚਣ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਤਿੱਖਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ। ਜਥੇਬੰਦੀਆਂ ਨੂੰ ਜਦੋਂ ਭਾਜਪਾ ਉਮੀਦਵਾਰ ਦੇ ਮੂਲੋਵਾਲ ’ਚ ਮੀਟਿੰਗ ਕਰਨ ਦੀ ਭਿਣਕ ਪਈ ਤਾਂ ਉਹ ਵਿਰੋਧ ਲਈ ਪਹਿਲਾਂ ਹੀ ਕਾਲੀਆਂ ਝੰਡੀਆਂ ਲੈ ਕੇ ਪਹੁੰਚ ਗਏ। ਸ੍ਰੀ ਖੰਨਾ ਦੀ ਆਮਦ ’ਤੇ ਉਨ੍ਹਾਂ ਕਾਲੀਆਂ ਝੰਡੀਆਂ ਲਹਿਰਾ ਕੇ ਆਪਣੇ ਰੋਸ ਦਾ ਇਜ਼ਹਾਰ ਕੀਤਾ।
ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਹਰਪਾਲ ਸਿੰਘ ਪੇਧਨੀ, ਬਲਾਕ ਆਗੂ ਰਾਮ ਸਿੰਘ ਕੱਕੜਵਾਲ ਤੇ ਬਜ਼ੁਰਗ ਆਗੂ ਬਾਬੂ ਸਿੰਘ ਮੂਲੋਵਾਲ ਨੇ ਕਿਹਾ ਕਿ ਜਦੋਂ ਕਿਸਾਨ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਦਿੱਲੀ ਨੂੰ ਤੁਰਦੇ ਹਨ ਤਾਂ ਉਨ੍ਹਾਂ ਦੇ ਰਾਹਾਂ ਵਿੱਚ ਕੰਧਾਂ ਖੜ੍ਹੀਆਂ ਕੀਤੀਆਂ ਜਾਂਦੀਆਂ, ਲਾਠੀਚਾਰਜ ਕੀਤਾ ਜਾਂਦਾ ਹੈ ਪਰ ਹੁਣ ਵੋਟਾਂ ਵੇਲੇ ਭਾਜਪਾ ਉਨ੍ਹਾਂ ਹੀ ਕਿਸਾਨ-ਮਜ਼ਦੂਰ ਪਰਿਵਾਰਾਂ ਤੋਂ ਆਪਣੇ ਉਮੀਦਵਾਰਾਂ ਨੂੰ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਭੇਜਦੀ ਹੈ? ਪਿੰਡਾਂ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਭਾਜਪਾ ਉਮੀਦਵਾਰ ਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਭਾਜਪਾ ਉਮੀਦਵਰ ਅਰਵਿੰਦ ਖੰਨਾ ਦਾ ਕਹਿਣਾ ਹੈ ਕਿ ਉਸ ਦਾ ਵਿਰੋਧ ਕਰਨ ਵਾਲੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥਾਂ ਦੀ ਕਠਪੁਤਲੀ ਬਣੇ ਹੋਏ ਹਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨ ਸਨਮਾਨ ਨਿਧੀ ਯੋਜ਼ਨਾ ਤਹਿਤ 6 ਹਜ਼ਾਰ ਪ੍ਰਤੀ ਕਿਸਾਨ ਪਰਿਵਾਰ ਸਲਾਨਾਂ ਰਾਸ਼ੀ ਦੇਣ ਅਤੇ ਆਯੂਸ਼ਮਾਨ ਕਾਰਡ ਤਹਿਤ 5 ਲੱਖ ਦਾ ਮੁਫ਼ਤ ਇਲਾਜ ਯੋਜਨਾ ਵਿੱਚ ਲਾਭ ਲੈਂਦੇ ਕਿਸਾਨ ਨੂੰ ਕਈ ਵਾਰ ਕੀਤੇ ਜਾ ਚੁੱਕੇ ਸੁਆਲਾਂ ਦਾ ਜਵਾਬ ਦੇਣ ਦੀ ਚੁਣੌਤੀ ਦਿੱਤੀ।

Advertisement

ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸੋਢੀ ਦਾ ਵਿਰੋਧ

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਰਾਣਾ ਸੋਢੀ ਦਾ ਅੱਜ ਪਿੰਡ ਲੁਬਾਣਿਆਂਵਾਲੀ ਤੇ ਥਾਂਦੇਵਾਲਾ ਵਿਚ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਜਦਕਿ ਝਬੇਲਵਾਲੀ ਤੇ ਖੋਖਰ ਵਿਚ ਬੀਤੀ ਸ਼ਾਮ ਵਿਰੋਧ ਕੀਤਾ ਗਿਆ ਸੀ। ਪਿੰਡ ਝਬੇਲਵਾਲੀ ਵਿੱਚ ਕਿਸਾਨਾਂ ਨੇ ਪਿੰਡ ਦੇ ਸਾਰੇ ਰਸਤੇ ਟਰੈਕਟਰ ਲਾ ਕੇ ਬੰਦ ਕਰ ਦਿੱਤੇ। ਇਸ ਮੌਕੇ ਕਿਸਾਨ ਆਗੂ ਬਲਵਿੰਦਰ ਸਿੰਘ ਥਾਂਦੇਵਾਲਾ ਅਤੇ ਬਲਵਿੰਦਰ ਸਿੰਘ ਭੁੱਟੀਵਾਲਾ, ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਖੋਖਰ, ਮਹਾਸ਼ਾ ਸਿੰਘ ਸਮਾਘ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਲਖਵੰਤ ਸਿੰਘ ਕਿਰਤੀ, ਪੀਐਸਯੂ ਆਗੂ ਸੁਖਪ੍ਰੀਤ ਕੌਰ ਤੇ ਵੀਰਪਾਲ ਕੌਰ ਨੇ ਕਿਹਾ ਕਿ ਭਾਜਪਾ ਹੁਣ ਦਲਿਤ ਅਤੇ ਕਿਸਾਨਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੀ ਹੈ। ਭਾਜਪਾ ਆਰਐੱਸਐੱਸ ਦਾ ਰਾਜਨੀਤਿਕ ਵਿੰਗ ਹੈ ਅਤੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਵੱਲੋਂ ਬਣਾਏ ਗਏ ਸੰਵਿਧਾਨ ਨੂੰ ਬਦਲ ਕੇ ਇੱਥੇ ਮਨੂ ਸਮ੍ਰਿਤੀ ਨੂੰ ਆਪਣਾ ਸੰਵਿਧਾਨ ਬਣਾਉਣਾ ਚਾਹੁੰਦੀ ਹੈ। ਦੂਜੇ ਪਾਸੇ ਭਾਜਪਾ ਆਗੂ ਪੁਸ਼ਪਿੰਦਰ ਸਿੰਘ ਭੰਡਾਰੀ ਅਤੇ ਗੋਰਾ ਪਠੇਲਾ ਨੇ ਕਿਹਾ ਕਿ ਭਾਜਪਾ ਹਮੇਸ਼ਾ ਵਿਕਾਸ ਦੇ ਮੁੱਦੇ ਨੂੰ ਲੈ ਕੇ ਕੰਮ ਕਰਦੀ ਹੈ ਅਤੇ ਉਹ ਵੀ ਲੋਕਾਂ ਕੋਲ ਵਿਕਾਸ ਦੀ ਗੱਲ ਲੈ ਕੇ ਜਾ ਰਹੇ ਹਨ ਪਰ ਕੁਝ ਲੋਕ ਬੇਵਜ੍ਹਾ ਹੀ ਭਾਜਪਾ ਦਾ ਵਿਰੋਧ ਕਰ ਰਹੇ ਹਨ।

Advertisement

ਭਗਵਾਂ ਪਾਰਟੀ ਦੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਖ਼ਿਲਾਫ਼ ਨਾਅਰੇਬਾਜ਼ੀ

ਮਾਨਸਾ (ਜੋਗਿੰਦਰ ਸਿੰਘ ਮਾਨ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਕਾਰਕੁਨਾਂ ਨੇ ਅੱਜ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਕਿਸਾਨਾਂ ਵੱਲੋਂ ਪਿੰਡ ਦੀਆਂ ਗਲੀਆਂ ਵਿੱਚ ਭਾਜਪਾ ਉਮੀਦਵਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਸਾਨੀ ਝੰਡੇ ਲੈ ਕੇ ਉਮੀਦਵਾਰ ਵਾਪਸ ਜਾਣ ਦੇ ਨਾਅਰੇ ਲਗਾਏ ਗਏ। ਭਾਕਿਯੂ (ਏਕਤਾ ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਸਾਰਾ ਦੇਸ਼ ਕਾਰਪੋਰੇਟ ਘਰਾਣਿਆਂ ਨੂੰ ਥਾਲੀ ਵਿੱਚ ਪਰੋਸ ਕੇ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੀ ਧਰਤੀ ’ਤੇ ਅੱਜ ਵਾਂਗ ਕਾਲੇ ਝੰਡਿਆਂ ਨਾਲ ਸ਼ਾਂਤਮਈ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਤੇ ਰਵਨੀਤ ਬਿੱਟੂ ਵੱਲੋਂ ਕਿਸਾਨਾਂ ਖਿਲਾਫ਼ ਹਿੰਸਕ ਅਤੇ ਅਕਸਾਊ ਭਾਸ਼ਾ ਵਰਤਣ ਦਾ ਚੋਣ ਕਮਿਸ਼ਨ ਵੱਲੋਂ ਸਖ਼ਤ ਨੋਟਿਸ ਲੈ ਕੇ ਵੱਡੀ ਕਾਰਵਾਈ ਕਰਨੀ ਚਾਹੀਦੀ ਹੈ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂ ਜਗਸੀਰ ਸਿੰਘ ਜਵਾਹਰਕੇ ਨੇ ਕਿਹਾ ਕਿ ਭਾਜਪਾ ਵੱਲੋਂ ਲੋਕਾਂ ਦੀ ਲੰਬੇ ਸੰਘਰਸ਼ਾਂ ਦੌਰਾਨ ਉਸਰੀ ਭਾਈਚਾਰਕ ਸਾਂਝ ਨੂੰ ਤੋੜਨ ਦੇ ਮਨਸੂਬੇ ਪੰਜਾਬ ਵਿੱਚ ਸਫ਼ਲ ਨਹੀਂ ਹੋਣ ਦਿੱਤੇ ਜਾਣਗੇ।

Advertisement
Author Image

joginder kumar

View all posts

Advertisement