For the best experience, open
https://m.punjabitribuneonline.com
on your mobile browser.
Advertisement

ਲੌਂਗੋਵਾਲ ’ਚ ਕਿਸਾਨਾਂ ਵੱਲੋਂ ਅਕਾਲੀ ਉਮੀਦਵਾਰ ਝੂੰਦਾਂ ਦਾ ਵਿਰੋਧ

10:47 AM Apr 21, 2024 IST
ਲੌਂਗੋਵਾਲ ’ਚ ਕਿਸਾਨਾਂ ਵੱਲੋਂ ਅਕਾਲੀ ਉਮੀਦਵਾਰ ਝੂੰਦਾਂ ਦਾ ਵਿਰੋਧ
ਲੌਂਗੋਵਾਲ ’ਚ ਅਕਾਲੀ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਦੇ ਵਿਰੋਧ ’ਚ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।
Advertisement

ਗੁਰਦੀਪ ਸਿੰਘ ਲਾਲੀ/ਜਗਤਾਰ ਸਿੰਘ ਨਹਿਲ
ਸੰਗਰੂਰ/ਲੌਂਗੋਵਾਲ, 20 ਅਪਰੈਲ
ਲੌਂਗੋਵਾਲ ’ਚ ਚੋਣ ਮੀਟਿੰਗ ਕਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਦਾ ਕਿਸਾਨਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਅਤੇ ਕਾਲੀਆਂ ਝੰਡੀਆਂ ਦਿਖਾਉਂਦਿਆਂ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀ ਕਿਸਾਨ ਸ਼੍ਰੋਮਣੀ ਅਕਾਲੀ ਦਲ ਅਤੇ ਐੱਸਜੀਪੀਸੀ ’ਤੇ ਮਸਤੂਆਣਾ ਸਾਹਿਬ ਵਿਖੇ ਬਣਨ ਵਾਲੇ ਮੈਡੀਕਲ ਕਾਲਜ ਦੀ ਉਸਾਰੀ ਦਾ ਰਾਹ ਵਿੱਚ ਅੜਿੱਕਾ ਪਾਉਣ ਦੇ ਦੋਸ਼ ਲਗਾ ਰਹੇ ਸਨ ਅਤੇ ਮੰਗ ਕਰ ਰਹੇ ਸਨ ਕਿ ਅਦਾਲਤ ਵਿੱਚੋਂ ਮੈਡੀਕਲ ਕਾਲਜ ਦੀ ਜ਼ਮੀਨ ਬਾਬਤ ਲਈ ਸਟੇਅ ਵਾਪਸ ਲਈ ਜਾਵੇ।
ਸੰਗਰੂਰ ਲੋਕ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਆਪਣੇ ਸਾਥੀ ਅਕਾਲੀ ਆਗੂਆਂ ਸਮੇਤ ਲੌਂਗੋਵਾਲ ਦੇ ਇੱਕ ਹੋਟਲ ’ਚ ਵਰਕਰਾਂ ਨਾਲ ਚੋਣ ਮੀਟਿੰਗ ਕਰਨ ਪੁੱਜੇ ਸਨ ਜਿਉਂ ਹੀ ਮਸਤੂਆਣਾ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਖ਼ਿਲਾਫ਼ ਪਿਛਲੇ ਕਈ ਮਹੀਨਿਆਂ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਧਰਨਾ ਲਗਾ ਕੇ ਬੈਠੇ ਇਲਾਕੇ ਦੇ ਲੋਕਾਂ ਨੂੰ ਇਸ ਦੀ ਭਿਣਕ ਪਈ ਤਾਂ ਉਹ ਲੌਂਗੋਵਾਲ ਪੁੱਜੇ ਅਤੇ ਹੋਟਲ ਦੇ ਬਾਹਰ ਰੋਸ ਧਰਨਾ ਦਿੱਤਾ ਅਤੇ ਕਾਲੀਆਂ ਝੰਡੀਆਂ ਲਹਿਰਾਉਂਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪ੍ਰਦਰਸ਼ਨਕਾਰੀ ਕਿਸਾਨ ਆਗੂਆਂ ਭਰਪੂਰ ਸਿੰਘ ਦੁੱਗਾਂ, ਮਾਸਟਰ ਅਜੈਬ ਸਿੰਘ, ਰਾਜਿੰਦਰ ਸਿੰਘ ਲਿੱਦੜਾਂ, ਬੰਤ ਸਿੰਘ ਚੰਗਾਲ, ਅਮਰ ਸਿੰਘ ਬਾਲੀਆਂ, ਜਸਵੰਤ ਸਿੰਘ ਆਦਿ ਨੇ ਦੋਸ਼ ਲਾਇਆ ਕਿ ਅਕਾਲੀ ਦਲ ਅਤੇ ਐਸਜੀਪੀਸੀ ਵਲੋਂ ਮੈਡੀਕਲ ਕਾਲਜ ਦੇ ਰਾਹ ਵਿਚ ਅੜਿੱਕਾ ਪਾਇਆ ਜਾ ਰਿਹਾ ਹੈ ਜਿਸ ਕਾਰਨ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਦਾ ਵਿਰੋਧ ਕਰਨ ਪੁੱਜੇ ਹਨ। ਭਰਪੂਰ ਸਿੰਘ ਦੁੱਗਾਂ ਨੇ ਦੱਸਿਆ ਕਿ ਕਰੀਬ ਇੱਕ ਘੰਟੇ ਤੱਕ ਕਿਸਾਨ ਧਰਨੇ ’ਤੇ ਡਟੇ ਰਹੇ ਅਤੇ ਨਾਅਰੇਬਾਜ਼ੀ ਕਰਦੇ ਰਹੇ। ਇਸ ਦੌਰਾਨ ਥਾਣਾ ਮੁਖੀ ਲੌਂਗੋਵਾਲ ਪੁੱਜੇ ਜਿੰਨ੍ਹਾਂ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਇਸ ਮਗਰੋਂ ਇਕਬਾਲ ਸਿੰਘ ਝੂੰਦਾਂ ਉਥੋਂ ਕਿਸਾਨਾਂ ਦੇ ਨਾਅਰਿਆਂ ਦੀ ਗੂੰਜ਼ ਸੁਣਦਿਆਂ ਚਲੇ ਗਏ। ਕਿਸਾਨਾਂ ਨੇ ਐਲਾਨ ਕੀਤਾ ਕਿ ਅਕਾਲੀ ਦਲ ਦੇ ਹਰ ਪ੍ਰੋਗਰਾਮ ਦਾ ਵਿਰੋਧ ਕਰਾਂਗੇ। ਉਧਰ ਇਕਬਾਲ ਸਿੰਘ ਝੂੰਦਾਂ ਦਾ ਕਹਿਣਾ ਹੈ ਕਿ ਮੈਡੀਕਲ ਕਾਲਜ ਦੀ ਉਸਾਰੀ ਨਾ ਕਰਾਉਣ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ।

Advertisement

Advertisement
Author Image

sukhwinder singh

View all posts

Advertisement
Advertisement
×