ਖੇਤੀ ਆਰਡੀਨੈਂਸਾਂ ਦਾ ਵਿਰੋਧ: ਕਿਸਾਨਾਂ ਵੱਲੋਂ ਟਰੈਕਟਰ ਮਾਰਚ ਰਾਹੀਂ ਪ੍ਰਦਰਸ਼ਨ
ਲਖਵੀਰ ਸਿੰਘ ਚੀਮਾ
ਟੱਲੇਵਾਲ, 27 ਜੁਲਾਈ
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਖੇਤੀ ਆਰਡੀਨੈਂਸਾਂ ਦੇ ਵਿਰੋਧ ’ਚ ਅੱਜ ਪੰਜਾਬ ਦੀਆਂ ਵੱਖ ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕਰਕੇ ਅਕਾਲੀ-ਭਾਜਪਾ ਆਗੂਆਂ ਦੀਆਂ ਕੋਠੀਆਂ ਦਾ ਘਿਰਾਓ ਕੀਤਾ ਗਿਆ। ਪਿੰਡ ਗਹਿਲ ਤੋਂ ਬੀਕੇਯੂ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਟਰੈਕਟਰ ਮਾਰਚ ਸ਼ੁਰੂ ਕੀਤਾ ਗਿਆ। ਇਹ ਟਰੈਕਟਰ ਮਾਰਚ ਪਿੰਡਾਂ ਵਿੱਚੋਂ ਹੁੰਦੇ ਹੋਇਆ ਬਰਨਾਲਾ ਵੱਲ ਰਵਾਨਾ ਹੋਇਆ।
ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਚੀਮਾ ਤੋਂ ਦਰਸ਼ਨ ਸਿੰਘ ਚੀਮਾ ਦੀ ਅਗਵਾਈ ਹੇਠ ਟਰੈਕਟਰ ਮਾਰਚ ਪੱਖੋ-ਕੈਂਚੀਆਂ ਤੋਂ ਟੱਲੇਵਾਲ ਹੁੰਦਾ ਹੋਇਆ ਬਰਨਾਲਾ ਵੱਲ ਰਵਾਨਾ ਹੋਇਆ।
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਕਿਸਾਨ ਆਗੂਆਂ ਨੇ ਸ਼ਹਿਰ ਅਤੇ ਛਾਉਣੀ ਵਿੱਚ ਮਾਰਚ ਕਰਦਿਆਂ ਪਹਿਲਾਂ ਭਾਜਪਾ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂੰ ਅਤੇ ਫ਼ਿਰ ਅਕਾਲੀ ਆਗੂ ਜਨਮੇਜਾ ਸਿੰਘ ਸੇਖੋਂ ਦੀ ਰਿਹਾਇਸ਼ ਦਾ ਘਿਰਾਓ ਕੀਤਾ। ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪਈ। ਹਾਲਾਂਕਿ ਸੁਰੱਖਿਆ ਦੇ ਮੱਦੇਨਜ਼ਰ ਪੁਲੀਸ ਵੱਲੋਂ ਸਖ਼ਤ ਪ੍ਰਬੰਧ ਪਹਿਲਾਂ ਤੋਂ ਹੀ ਕੀਤੇ ਗਏ ਸਨ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਅੱਜ ਕਿਸਾਨ ਜਥੇਬੰਦੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਸ਼ੋਕ ਅਨੇਜਾ ਨੂੰ ਮੰਗ ਪੱਤਰ ਸੌਂਪਿਆ ਤੇ ਕਿਸਾਨਾਂ ਦੀ ਆਵਾਜ਼ ਸੂਬਾ ਤੇ ਕੇਂਦਰ ਸਰਕਾਰ ਤੱਕ ਪਹੁੰਚਾਉਣ ਦੀ ਮੰਗ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਵਾਲਾ, ਜ਼ਿਲ੍ਹਾ ਮੀਤ ਪ੍ਰਧਾਨ ਸਤਪਾਲ ਸਿੰਘ ਭੋਡੀਪੁਰ, ਹਰਮੀਤ ਸਿੰਘ ਢਾਬਾਂ, ਸਾਵਨ ਸਿੰਘ ਢਾਬਾਂ, ਜੰਗੀਰ ਸਿੰਘ ਭੋਡੀਪੁਰ, ਚਰਨਜੀਤ ਸਿੰਘ ਢਾਬਾਂ, ਬਿਸ਼ਨ ਚੰਦ ਅਮੀਰ ਖਾਸ, ਪਰਮਜੀਤ ਸਿੰਘ ਘਾਂਗਾ, ਜਸਵੰਤ ਸਿੰਘ ਤੇ ਸੁਰਜੀਤ ਸਿੰਘ ਰੱਤਾ ਖੇੜਾ ਨੇ ਸੰਬੋਧਨ ਕੀਤਾ।
ਕੋਟਕਪੂਰਾ (ਟ੍ਰਬਿਿਊਨ ਨਿਊਜ਼ ਸਰਵਿਸ): ਅੱਜ ਅਕਾਲੀ-ਭਾਜਪਾ ਸਰਕਾਰ ’ਚ ਰਹੇ ਸਾਬਕਾ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੀ ਰਿਹਾਇਸ਼ ਸੰਧਵਾਂ ਵਿੱਚ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਕਾਫਲੇ ’ਤੇ ਰੂਪ ਵਿੱਚ ਕਿਸਾਨ ਆਪੋ-ਆਪਣੇ ਟਰੈਕਟਰਾਂ ’ਤੇ ਇਥੇ ਪਹੁੰਚੇ। ਭਾਕਿਯੂ ਏਕਤਾ (ਡਕੌਂਦਾ) ਦੇ ਬੈਨਰ ਥੱਲੇ ਅੱਜ ਗੰਗਸਰ ਜੈਤੋ ਗੁਰਦੁਆਰਾ ਸਾਹਿਬ ਤੋਂ ਸੈਂਕੜੇ ਟਰੈਕਟਰਾ ਨਾਲ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਦੀ ਅਗਵਾਈ ਹੇਠ ਕਾਫਲਾ ਰਵਾਨਾ ਹੋਇਆ। ਟਰੈਕਟਰ ਮਾਰਚ ਨੂੰ ਪਿੰਡ ਨੇੜੇ ਭਾਰੀ ਪੁਲੀਸ ਫੋਰਸ ਲਾ ਕੇ ਰੋਕ ਲਿਆ, ਕਿਸਾਨਾਂ ਨੇ ਉਥੇ ਧਰਨਾ ਦਿੱਤਾ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਨੇ ਕੋਟਕਪੂਰਾ ਦੀ ਦਾਣਾ ਮੰਡੀ ਤੋਂ ਸ਼ਹਿਰ ਵਿੱਚ ਟਰੈਕਟਰ ਮਾਰਚ ਕਰਨ ਤੋਂ ਬਾਅਦ ਪੰਜਾਬ ਭਾਜਪਾ ਦੀ ਜਨਰਲ ਸਕੱਤਰ ਸੁਨੀਤਾ ਗਰਗ ਦੀ ਰਿਹਾਇਸ਼ ਅੱਗੇ ਦੋ ਘੰਟੇ ਤੱਕ ਰੋਸ ਧਰਨਾ ਦਿੱਤਾ ਗਿਆ।
ਸ਼ਹਿਣਾ (ਪ੍ਰਮੋਦ ਸਿੰਗਲਾ): ਭਾਕਿਯੂ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਦੀ ਅਗਵਾਈ ਹੇਠ ਟਰੈਕਟਰ ਮਾਰਚ ਪਿੰਡ ਸੁਖਪੁਰਾ ਤੋਂ ਸ਼ੁਰੂ ਹੋ ਕੇ ਪਿੰਡ ਜੋਧਪੁਰ, ਚੀਮਾ, ਸ਼ਹਿਣਾ, ਪੱਖੋਕੇ, ਨਾਈਵਾਲਾ, ਠਕੀਰੀਵਾਲਾ ਤੋਂ ਵਿਧਾਨ ਸਭਾ ਹਲਕਾ ਬਰਨਾਲਾ ਦੇ ਹਲਕਾ ਇੰਚਾਰਜ ਕਲਵੰਤ ਸਿੰਘ ਕੀਤੂ ਦੇ ਘਰ ਅੱਗੇ ਸਮਾਪਤ ਹੋਇਆ।
ਭਾਰਤੀ ਕਿਸਾਨ ਏਕਤਾ (ਸਿੱਧੂਪੁਰ) ਦੀ ਮੀਟਿੰਗ
ਫਾਜ਼ਿਲਕਾ (ਪਰਮਜੀਤ ਸਿੰਘ): ਭਾਰਤੀ ਕਿਸਾਨ ਏਕਤਾ (ਸਿੱਧੂਪੁਰ) ਜ਼ਿਲ੍ਹਾ ਫਾਜਿਲਕਾ ਦੀ ਕਮੇਟੀ ਅਤੇ ਸਮੂਹ ਬਲਾਕਾਂ ਦੇ ਪ੍ਰਧਾਨਾਂ ਦੀ ਮੀਟਿੰਗ ਅੱਜ ਇੱਥੇ ਹੋਈ। ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਚੱਕ ਪੱਖੀ ਨਾਲ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਅਖੌਤੀ ਰੂਪ ਨਾਲ ਕੀਤੀ ਗਈ ਕੁੱਟਮਾਰ ਅਤੇ ਪੱਗੜੀ ਉਤਾਰਨ ਦੇ ਮਾਮਲੇ ਵਿੱਚ ਸਬੰਧਤ ਪੁਲੀਸ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਦਾ ਨੋਟਿਸ ਲਿਆ ਗਿਆ ਅਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਮੰਗ ਪੱਤਰ ਸੌਂਪਦਿਆਂ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਗਈ। ਯੂਨੀਅਨ ਆਗੂਆਂ ਨੇ ਕਿਹਾ ਕਿ ਝਗੜਾ ਹੋਏ ਨੂੰ ਅੱਜ ਲਗਭਗ 15 ਦਨਿ ਬੀਤ ਗਏ ਹਨ ਅਤੇ ਪੁਲੀਸ ਵਿਭਾਗ ਵੱਲੋਂ ਇਸ ਸਬੰਧੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਜੱਥੇਬੰਦੀ ਮਜਬੂਰਨ ਕਾਨੂੰਨੀ ਦਾਇਰੇ ਵਿੱਚ ਰਹਿ ਕੇ 30 ਜੁਲਾਈ 2020 ਤੋਂ ਲੜੀਵਾਰ ਧਰਨੇ ਦੇਵੇਗੀ ਜੋ ਕਿ ਅਣਮਿੱਥੇ ਸਮੇਂ ਤੱਕ ਜਾਰੀ ਰਹਿਣਗੇ।
ਬਲਵਿੰਦਰ ਸਿੰਘ ਭੂੰਦੜ ਦੀ ਰਿਹਾਇਸ਼ ਅੱਗੇ ਰੋਸ ਮਾਰਚ
ਸਰਦੂਲਗੜ੍ਹ (ਬਲਜੀਤ ਸਿੰਘ): ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੇ ਆਪੋ-ਆਪਣੇ ਸੰਦਾਂ ਉੱਪਰ ਪਾਰਟੀਆਂ ਦੇ ਝੰਡੇ ਲਗਾ ਕੇ ਰੋਸ ਮਾਰਚ ਕਰਦਿਆਂ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਹਲਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਦੇ ਰਿਹਾਇਸ਼ ਦੇ ਅੱਗੇ ਟਰੈਕਟਰ ਮਾਰਚ ਕੀਤਾ। ਉਸ ਤੋਂ ਬਾਅਦ ਸਮੂਹ ਜਥੇਬੰਦੀਆਂ ਨੇ ਸਰਦੂਲਗੜ੍ਹ ਸ਼ਹਿਰ ਅਤੇ ਬਾਜ਼ਾਰ ਵਿੱਚ ਵੀ ਪ੍ਰਦਰਸ਼ਨ ਕੀਤਾ। ਇਸ ਮੌਕੇ ਕਿਸਾਨ ਆਗੂ ਕਾਮਰੇਡ ਲਾਲ ਚੰਦ ਸਰਦੂਲਗੜ੍ਹ, ਜਗਰਾਜ ਸਿੰਘ ਹੀਰਕੇ, ਮਨਜੀਤ ਸਿੰਘ ਉੱਲਕ ਅਤੇ ਮਹਿੰਦਰ ਸਿੰਘ ਦਿਆਲਪੁਰਾ ਨੇ ਸੰਬੋਧਨ ਕੀਤਾ।
ਬੀਕੇਯੂ (ਕ੍ਰਾਂਤੀਕਾਰੀ) ਵੱਲੋਂ ਮਲੂਕਾ ਦੀ ਰਿਹਾਇਸ਼ ਅੱਗੇ ਧਰਨਾ
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕਿਰਤੀ ਕਿਸਾਨ ਯੂਨੀਅਨ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਸਾਝੀਂ ਅਗਵਾਈ ਹੇਠ ਪਿੰਡ ਮਲੂਕਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਘਰ ਤੱਕ ਟਰੈਕਟਰ ਮਾਰਚ ਕਰਦਿਆਂ ਉਨ੍ਹਾਂ ਦੀ ਰਿਹਾਇਸ਼ ਦਾ ਘਿਰਾਓ ਕਰਕੇ ਧਰਨਾ ਲਗਾਇਆ ਗਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਜ਼ਿਲ੍ਹਾ ਪ੍ਰਧਾਨ ਪਰਸ਼ੋਤਮ ਮਹਿਰਾਜ, ਤੀਰਥ ਰਾਮ, ਸੁਰਮੁੱਖ ਸਿੰਘ ਸੇਲਬਰਾਹ, ਅਮਰਜੀਤ ਹਨੀ, ਜਗਦੀਸ਼ ਗੁੰਮਟੀ, ਸੁਖਦੇਵ ਢਪਾਲੀ, ਕੁਲਵੰਤ ਸੇਲਬਰਾਹ ਅਤੇ ਲੋਕ ਸੰਗਰਾਮ ਮੋਰਚੇ ਦੇ ਆਗੂ ਸੁਖਵਿੰਦਰ ਕੌਰ ਨੇ ਧਰਨੇ ਨੂੰ ਸੰਬੋਧਨ ਕੀਤਾ।
ਸੈਕੜਿਆਂ ਦੀ ਗਿਣਤੀ ਵਿੱਚ ਜੋਸ਼ੋ-ਖਰੋਸ਼ ਨਾਲ ਪੁੱਜੇ ਕਿਸਾਨ
ਬਰਨਾਲਾ (ਪਰਸ਼ੋਤਮ ਬੱਲੀ): ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਚੈਪਟਰ ਵਿਚ ਸ਼ਾਮਲ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸੈਕੜਿਆਂ ਦੀ ਗਿਣਤੀ ਵਿੱਚ ਜੋਸ਼ੋ-ਖਰੋਸ਼ ਨਾਲ ਪੁੱਜੇ ਕਾਲੇ ਝੰਡੇ, ਬੈਨਰਾਂ ਨਾਲ ਸਜੇ 587 ਟਰੈਕਟਰਾਂ ਦੇ ਕਾਫਲੇ ਨੇ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਦੀ ਸਥਾਨਕ ਰਿਹਾਇਸ਼ ਅੱਗੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮਨਜੀਤ ਧਨੇਰ, ਬਲਵੰਤ ਉੱਪਲੀ, ਦਰਸ਼ਨ ਉੱਗੋਕੇ, ਗੁਰਦੇਵ ਮਾਂਗੇਵਾਲ, ਮੋਹਣ ਸਿੰਘ ਰੂੜੇਕੇ, ਜੱਗਾ ਸਿੰਘ ਬਦਰਾ, ਯਸ਼ਪਾਲ ਸਿੰਘ ਮਹਿਲਕਲਾਂ, ਅਮਰਜੀਤ ਸਿੰਘ ਕੁੱਕੂ, ਪਵਿੱਤਰ ਸਿੰਘ ਲਾਲੀ ਕਾਲਸਾਂ ਅਤੇ ਵਰਿੰਦਰ ਸਿੰਘ ਆਜ਼ਾਦ ਨੇ ਸੰਬੋਧਨ ਕੀਤਾ।
ਬੀਕੇਯੂ ਏਕਤਾ ਉਗਰਾਹਾਂ ਵੱਲੋਂ ਸੰਤ ਘੁੰਨਸ ਦੀ ਰਿਹਾਇਸ਼ ਦਾ ਘਿਰਾਓ
ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਕਮੇਟੀ ਦੀ ਅਗਵਾਈ ਹੇਠ ਅਕਾਲੀ ਸਰਕਾਰ ਸਮੇਂ ਸੰਸਦੀ ਸਕੱਤਰ ਰਹੇ ਸੰਤ ਬਲਵੀਰ ਸਿੰਘ ਘੁੰਨਸ ਦੀ ਸਥਾਨਕ ਰਿਹਾਇਸ਼ ਦਾ ਘਿਰਾਓ ਕਰਕੇ ਮੰਗ ਪੱਤਰ ਸੌਂਪਿਆ। ਵੱਖ-ਵੱਖ ਪਿੰਡਾਂ ਤੋਂ ਟਰੈਕਟਰ ਟਰਾਲੀਆਂ ’ਤੇ ਕਿਸਾਨਾਂ ਨੇ ਸੰਤ ਘੁੰਨਸ ਦੀ ਰਿਹਾਇਸ਼ ਅੱਗੇ ਧਰਨਾ ਲਾਇਆ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਸੂਬਾਈ ਆਗੂ ਰੂਪ ਸਿੰਘ ਛੰਨਾ, ਬਲਾਕ ਬਰਨਾਲਾ ਪ੍ਰਧਾਨ ਬਲੌਰ ਸਿੰਘ ਤੋਂ ਇਲਾਵਾ ਭਗਤ ਸਿੰਘ ਛੰਨਾ, ਜਰਨੈਲ ਸਿੰਘ ਜਵੰਧਾ, ਸੁਖਦੇਵ ਭੋਤਨਾ, ਦਰਸ਼ਨ ਸਿੰਘ, ਜੱਜ ਸਿੰਘ ਗਹਿਲ, ਚਮਕੌਰ ਸਿੰਘ ਨੈਣੇਵਾਲ ਤੇ ਬੁੱਕਣ ਸਿੰਘ ਸੱਦੋਵਾਲ ਨੇ ਸੰਬੋਧਨ ਕੀਤਾ।