ਆੜ੍ਹਤੀਆਂ ਵੱਲੋਂ ਖੇਤੀ ਆਰਡੀਨੈਂਸਾਂ ਦਾ ਵਿਰੋਧ
ਜੋਗਿੰਦਰ ਸਿੰਘ ਓਬਰਾਏ
ਖੰਨਾ, 21 ਅਗਸਤ
ਅੱਜ ਇੱਥੋਂ ਦੀ ਅਨਾਜ ਮੰਡੀ ਵਿਚ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਆਰਡੀਨੈਂਸਾਂ ਦੇ ਵਿਰੋਧ ਵਿਚ ਆੜ੍ਹਤੀਆਂ ਨੇ ਕਾਲੀਆਂ ਝੰਡੀਆਂ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਡੀ ਮੁਕੰਮਲ ਤੌਰ ’ਤੇ ਬੰਦ ਕੀਤੀ। ਇਸ ਮੌਕੇ ਬੋਲਦਿਆਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਇਹ ਰੋਸ ਸੂਬੇ ਦੀਆਂ ਸਾਰੀਆਂ ਮੰਡੀਆਂ ਵਿਚ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਯਾਦਵਿੰਦਰ ਸਿੰਘ ਲਬਿੜਾ ਨੇ ਕਿਹਾ ਕਿ ਕੇਂਦਰ ਸਰਕਾਰ ਖ਼ਰੀਦ ਵਿਚ ਕਾਰਪੋਰੇਟ ਘਰਾਣਿਆਂ ਨੂੰ ਲਿਆ ਕੇ ਆੜ੍ਹਤੀ ਤੇ ਕਿਸਾਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਜਿਸ ਨੂੰ ਆੜ੍ਹਤੀ ਵਰਗ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਲਈ ਯੂਨੀਅਨਾਂ ਦਾ ਸਾਥ ਦੇਣ ਤਾਂ ਜੋ ਇਸ ਕਾਲੇ ਕਾਨੂੰਨ ਨੂੰ ਵਾਪਸ ਕਰਵਾ ਸਕੀਏ।
ਇਸ ਮੌਕੇ ਭਰਪੂਰ ਚੰਦ ਬੈਕਟਰ, ਮੋਹਿਤ ਗੋਇਲ, ਰਾਮ ਚੰਦ ਸਿੰਗਲਾ, ਰਣਜੀਤ ਸਿੰਘ ਇਕੋਲਾਹਾ, ਗੁਰਮੇਲ ਸਿੰਘ ਬੋਪੁਰ, ਲਵਪ੍ਰੀਤ ਸਿੰਘ, ਬਲਵਿੰਦਰ ਸਿੰਘ, ਸੰਜੀਮ ਧੰਮੀ, ਹਮੀਰ ਸਿੰਘ ਤੇ ਬੂਟਾ ਸਿੰਘ ਰਾਜੇਵਾਲ ਆਦਿ ਹਾਜ਼ਰ ਸਨ।