ਬਠਿੰਡਾ ’ਚ ਧੱਕੇ ਨਾਲ ਜ਼ਮੀਨਾਂ ਐਕੁਆਇਰ ਕਰਨ ਦਾ ਵਿਰੋਧ
ਸ਼ਗਨ ਕਟਾਰੀਆ
ਬਠਿੰਡਾ, 22 ਨਵੰਬਰ
‘ਭਾਰਤ ਮਾਲਾ’ ਪ੍ਰਾਜੈਕਟ ਲਈ ਬਠਿੰਡਾ ਜ਼ਿਲ੍ਹੇ ’ਚ ਹਕੂਮਤ ਵੱਲੋਂ ਕਥਿਤ ਜਬਰੀ ਐਕੁਆਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਦੀ ਮਜ਼ਦੂਰ ਆਗੂਆਂ ਨੇ ਵਿਰੋਧ ਕੀਤਾ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿ 21 ਨਵੰਬਰ ਨੂੰ ਤਿੰਨ ਪਿੰਡਾਂ ਦੀ ਜ਼ਮੀਨ ਕਿਸਾਨਾਂ ਨੂੰ ਬਿਨਾਂ ਮੁਆਵਜ਼ਾ ਦਿੱਤਿਆਂ ਧੱਕੇ ਨਾਲ ਐਕੁਆਇਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਗਿਆ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਮਜ਼ਦੂਰ ਆਗੂਆਂ ਨੇ ਆਖਿਆ ਕਿ ਇਸ ਕਾਰਵਾਈ ਨਾਲ ਸਰਕਾਰਾਂ ਦਾ ਕਿਸਾਨ ਅਤੇ ਲੋਕ ਵਿਰੋਧੀ ਚਿਹਰਾ ਇੱਕ ਵਾਰ ਫਿਰ ਨੰਗਾ ਹੋਇਆ ਹੈ। ਉਨ੍ਹਾਂ ਆਖਿਆ ਕਿ ਸਰਕਾਰਾਂ ਕਿਸਾਨਾਂ ਦੀ ਸਹਿਮਤੀ ਬਿਨਾਂ ਜ਼ਮੀਨਾਂ ਐਕੁਆਇਰ ਨਾਂ ਕਰਨ ਦੇ ਐਲਾਨਾਂ ਤੋਂ ਭੱਜ ਕੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਿੱਚ ਭੁਗਤ ਰਹੀਆਂ ਹਨ। ਉਨ੍ਹਾਂ ਆਖਿਆ ਕਿ ਬਦਲਾਅ ਦਾ ਝਾਂਸਾ ਦੇ ਕੇ ਸੱਤਾ ’ਚ ਆਈ ‘ਆਪ’ ਸਰਕਾਰ ਵੱਲੋਂ ਜ਼ਿਮਨੀ ਚੋਣਾਂ ਲੰਘਣ ਸਾਰ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਭਾਰੀ ਪੁਲੀਸ ਬਲ ਨਾਲ ਧਾਵਾ ਬੋਲਣਾ, ਉਸਦੀ ਪੰਜਾਬ ਅਤੇ ਲੋਕ ਵਿਰੋਧੀ ਨੀਤੀ ਦਾ ਹਿੱਸਾ ਹੈ। ਉਨ੍ਹਾਂ ਆਖਿਆ ਕਿ ਭਾਰਤ ਮਾਲਾ ਵਰਗੇ ਪ੍ਰਾਜੈਕਟਾਂ ਨੂੰ ਉਸਾਰਨ ਰਾਹੀਂ ਵਿਕਾਸ ਦੇ ਮਾਰੇ ਜਾ ਰਹੇ ਦਮਗਜ਼ੇ ਦਰਅਸਲ ਅੰਗਰੇਜ਼ਾਂ ਵਾਲੀ ਉਸੇ ਨੀਤੀ ਦਾ ਹਿੱਸਾ ਹੈ। ਉਨ੍ਹਾਂ ਕਿਸਾਨਾਂ ’ਤੇ ਲਾਠੀਚਾਰਜ ਕਰਨ ਦੀ ਨਿਖੇਧੀ ਵੀ ਕੀਤੀ ਹੈ।
ਬਠਿੰਡਾ ਵੱਲ ਜਾਣ ਤੋਂ ਰੋਕਣ ਮਗਰੋਂ ਕਿਸਾਨਾਂ ਨੇ ਕੌਮੀ ਮਾਰਗ ’ਤੇ ਲਾਇਆ ਜਾਮ
ਹੰਢਿਆਇਆ (ਕੁਲਦੀਪ ਸੂਦ): ਹੰਢਿਆਇਆ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਬਠਿੰਡਾ ਵੱਲ ਜਾਣ ਤੋਂ ਪੁਲੀਸ ਵੱਲੋਂ ਰੋਕਿਆ ਗਿਆ। ਇਸ ਤੋਂ ਰੋਹ ਵਿਚ ਆਏ ਕਾਰਕੁਨਾਂ ਨੇ ਕੌਮੀ ਮਾਰਗ ਦਾ ਇਕ ਪਾਸ ਜਾਮ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਇਸਤਰੀ ਬਲਾਕ ਆਗੂ ਲਖਵੀਰ ਕੌਰ, ਇਕਾਈ ਪ੍ਰਧਾਨ ਬਲਦੇਵ ਸਿੰਘ ਸੇਖਾ, ਦਾਨਗੜ੍ਹ ਇਕਾਈ ਪ੍ਰਧਾਨ ਤੇਜਾ ਸਿੰਘ ਨੇ ਕਿਹਾ ਕਿ ਬਠਿੰਡਾ ਵਿੱਚ ਭਾਰਤ ਮਾਲਾ ਸੜਕ ਦੇ ਵਿਰੋਧ ਵਿੱਚ ਧਰਨਾ ਦਿੱਤਾ ਗਿਆ। ਵਾਈਸ ਪ੍ਰਧਾਨ ਬਲਜਿੰਦਰ ਸਿੰਘ ਧੌਲਾ ਨੇ ਕਿਹਾ ਕਿ ਉਹ ਬਠਿੰਡਾ ਦੇ ਪਿੰਡ ਦੂਨੇਵਾਲਾ, ਸ਼ੇਰਗੜ੍ਹ, ਭੁੱਖੇਵਾਲਾ ਵੱਲ ਜਾ ਰਹੇ ਸਨ ਪਰ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਜਿਸ ਦੇ ਵਿਰੋਧ ਵਿੱਚ ਧਰਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਮਨਪ੍ਰੀਤ ਸਿੰਘ ਬਾਦਲ ਦੀ 9 ਕਿੱਲੇ ਜ਼ਮੀਨ ਆ ਰਹੀ ਹੈ ਜਿਸਦਾ ਇੱਕ ਕਿੱਲੇ ਦਾ ਮੁੱਲ ਇੱਕ ਕਰੋੜ ਰੁਪਏ ਪਾਇਆ ਜਾ ਰਿਹਾ ਹੈ ਤੇ ਹੋਰ ਪਿੰਡਾਂ ਦੀ ਜ਼ਮੀਨ ਦਾ ਮੁੱਲ 48 ਲੱਖ ਦੇਣ ਦੀ ਗੱਲ ਕਹੀ ਗਈ ਹੈ।