For the best experience, open
https://m.punjabitribuneonline.com
on your mobile browser.
Advertisement

‘ਆਪ’ ਅਤੇ ਅਕਾਲੀ ਕਿਸਾਨ ਵਿਰੋਧੀ: ਜੀਤਮਹਿੰਦਰ ਸਿੱਧੂ

08:03 AM May 13, 2024 IST
‘ਆਪ’ ਅਤੇ ਅਕਾਲੀ ਕਿਸਾਨ ਵਿਰੋਧੀ  ਜੀਤਮਹਿੰਦਰ ਸਿੱਧੂ
ਪਿੰਡ ਖਿਆਲਾ ਕਲਾਂ ਵਿੱਚ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੱਧੂ ਲੋਕਾਂ ਨੂੰ ਮਿਲਦੇ ਹੋਏ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 12 ਮਈ
ਬਠਿੰਡਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿਰੋਧੀ ਹਨ, ਜਿਨ੍ਹਾਂ ਦੇ ਰਾਜ-ਭਾਗ ਦੌਰਾਨ ਕਿਸਾਨਾਂ ’ਤੇ ਅੱਤਿਆਚਾਰ ਹੋਏ ਹਨ ਅਤੇ 700 ਦੇ ਕਰੀਬ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀ ਕੋਈ ਪਾਰਟੀ ਹਮਦਰਦ ਹੈ ਤਾਂ ਉਹ ਕਾਂਗਰਸ ਹੈ, ਜਿਸ ਨੇ ਪਹਿਲਾਂ ਵੀ ਕਰਜ਼ੇ ਮੁਆਫ਼ ਕਰਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ਉਹ ਮਾਨਸਾ ਹਲਕੇ ਦੇ ਪਿੰਡਾਂ ਖਿਆਲਾ ਕਲਾਂ, ਭੈਣੀਬਾਘਾ, ਫਰਮਾਹੀ, ਫਫੜੇ ਭਾਈਕੇ, ਧਲੇਵਾਂ, ਕੋਟੜਾ, ਖੀਵਾ, ਅਤਲਾ ਕਲਾਂ ਤੇ ਸਮਾਓ ’ਚ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਅਕਾਲੀ ਉਮੀਦਵਾਰ ’ਤੇ ਤਨਜ਼ ਕੱਸਦਿਆਂ ਕਿਹਾ ਕਿ ਲਗਾਤਾਰ 15 ਸਾਲ ਇਸ ਹਲਕੇ ਦੀ ਨੁਮਾਇੰਦਗੀ ਅਤੇ 7 ਸਾਲ ਤੱਕ ਕੇਂਦਰ ਵਿੱਚ ਵਜ਼ੀਰ ਰਹਿਣ ਦੇ ਬਾਵਜੂਦ ਉਹ ਹਲਕੇ ਦਾ ਕੁਝ ਵੀ ਸੁਮਾਰ ਨਹੀਂ ਸਕੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਬਦਲਾਅ ਦਾ ਨਾਅਰਾ ਦੇ ਕੇ ਆਈ ਆਮ ਆਦਮੀ ਪਾਰਟੀ ਦੇ ਉਮੀਦਵਾਰ, ਜੋ ਕਿ ਸੂਬੇ ਦੇ ਖੇਤੀਬਾੜੀ ਮੰਤਰੀ ਵੀ ਹਨ, ਦੋ ਸਾਲਾਂ ਦੇ ਵਿੱਚ ਕਿਸਾਨਾਂ ਦਾ ਇੱਕ ਵੀ ਭਲਾ ਨਹੀਂ ਕਰ ਪਾਏ। ਇਸ ਮੌਕੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਮਾਈਕਲ ਗਾਗੋਵਾਲ ਤੇ ਸਿਮਰਜੀਤ ਸਿੰਘ ਮਾਨਸ਼ਾਹੀਆ ਵੀ ਮੌਜੂਦ ਸਨ।

Advertisement

ਧੀ ਅਤੇ ਨੂੰਹ ਵੱਲੋਂ ਘਰੋਂ-ਘਰੀਂ ਪ੍ਰਚਾਰ

ਬਠਿੰਡਾ: ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੀ ਧੀ ਬੀਆ ਸਿੱਧੂ ਅਤੇ ਨੂੰਹ ਏਕਨੂਰ ਸਿੱਧੂ ਵੱਲੋਂ ਸ਼ਹਿਰ ਦੇ ਵੋਟਰਾਂ ਤੱਕ ਸਿੱਧੀ ਪਹੁੰਚ ਕਰਦਿਆਂ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਸੀਨੀਅਰ ਕਾਂਗਰਸ ਲੀਡਰਸ਼ਿਪ ਮੌਜੂਦ ਰਹੀ। ਇਸ ਮੌਕੇ ਬੀਆ ਸਿੱਧੂ ਅਤੇ ਏਕਨੂਰ ਸਿੱਧੂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਕੌਮੀ ਪਾਰਟੀ ਨੇ ਬਠਿੰਡਾ ਵਿੱਚ ਰਹਿਣ ਵਾਲੇ ਲੀਡਰ ਨੂੰ ਲੋਕ ਸਭਾ ਹਲਕੇ ਦੀ ਟਿਕਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਕਲ ਉਮੀਦਵਾਰ ਹੋਣ ਕਾਰਨ ਉਨ੍ਹਾਂ ਦੇ ਪਿਤਾ ਜਿੱਤ ਤੋਂ ਬਾਅਦ ਵੀ ਬਠਿੰਡਾ ਦੇ ਵਿੱਚ ਹੀ ਰਹਿਣਗੇ ਕਿਉਂਕਿ ਉਹ ਪਿਛਲੇ ਕਈ ਦਹਾਕਿਆਂ ਤੋਂ ਬਠਿੰਡਾ ਦੇ ਹੀ ਵਾਸੀ ਹਨ, ਜਿਸ ਕਾਰਨ ਉਹ ਬਠਿੰਡਾ ਸ਼ਹਿਰ ਦੇ ਵਾਸੀਆਂ ਦੀਆਂ ਸਮੱਸਿਆਵਾਂ ਸਭ ਤੋਂ ਵੱਧ ਜਾਣਦੇ ਹਨ ਅਤੇ ਇਨ੍ਹਾਂ ਨੂੰ ਹੱਲ ਕਰਾਉਣ ਦੇ ਲਈ ਉਹ ਆਪਣਾ ਪੂਰਾ ਯਤਨ ਕਰਨਗੇ। -ਨਿੱਜੀ ਪੱਤਰ ਪ੍ਰੇਰਕ

Advertisement
Author Image

sukhwinder singh

View all posts

Advertisement
Advertisement
×