ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਵਿਧਾਨ ਤੇ ਜਮਹੂਰੀਅਤ ਦੀ ਰਾਖੀ ਲਈ ਵਿਰੋਧੀ ਧਿਰਾਂ ਇਕਜੁੱਟ ਹੋਈਆਂ: ਇੰਡੀਆ ਆਗੂ

07:35 AM Sep 01, 2023 IST
ਮੁੰਬਈ ਵਿੱਚ ‘ਇੰਡੀਆ’ ਗੱਠਜੋੜ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਪੁੱਜੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਸ਼ਿਵ ਸੈਨਾ ਆਗੂ ਸੰਜੈ ਰਾਊਤ, ਆਦਿਤਿਆ ਠਾਕਰੇ ਅਤੇ ਹੋਰ।

ਮੁੰਬਈ, 31 ਅਗਸਤ
ਇੰਡੀਆ ਗੱਠਜੋੜ ਦੇ ਆਗੂਆਂ ਨੇ ਅੱਜ ਕਿਹਾ ਕਿ ਉਹ ਦੇਸ਼ ਦੇ ਸੰਵਿਧਾਨ ਤੇ ਜਮਹੂਰੀਅਤ ਨੂੰ ਬਚਾਉਣ ਲਈ ਇਕੱਠੇ ਹੋਏ ਹਨ ਤੇ ਸੱਤਾਧਾਰੀ ਭਾਜਪਾ ਨਾਲ ਮੱਥਾ ਲਾਉਣ ਲਈ ਸਾਂਝਾ ਘੱਟੋ-ਘੱਟ ਪ੍ਰੋਗਰਾਮ ਉਲੀਕਣਗੇ।
ਇਥੇ ਗਰੈਂਡ ਹਯਾਤ ਹੋਟਲ ਵਿੱਚ ਗੱਠਜੋੜ ਦੀ ਦੋ ਰੋਜ਼ਾ ਬੈਠਕ ਦੇ ਪਹਿਲੇ ਦਿਨ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਦੇਸ਼ ਦੀ ਏਕਤਾ ਤੇ ਪ੍ਰਭੂਸੱਤਾ ਨੂੰ ਮਜ਼ਬੂਤ ਕਰਨਾ ਅਤੇ ਸੰਵਿਧਾਨ ਤੇ ਜਮਹੂਰੀਅਤ ਦੀ ਰੱਖਿਆ ਸਮੇਂ ਦੀ ਲੋੜ ਹੈ। ਆਰਜੇਡੀ ਆਗੂ ਨੇ ਕਿਹਾ, ‘‘ਮੋਦੀ ਸਰਕਾਰ ਗਰੀਬੀ, ਬੇਰੁਜ਼ਗਾਰੀ ਤੇ ਕਿਸਾਨਾਂ ਦੇ ਭਲਾਈ ਜਿਹੇ ਮੁੱਦਿਆਂ ਨੂੰ ਮੁਖਾਤਬਿ ਹੋਣ ਵਿਚ ਨਾਕਾਮ ਰਹੀ ਹੈ।
ਇੰਡੀਆ ਗੱਠਜੋੜ ਦੀ ਮੀਟਿੰਗ ਵਿਚ ਅਸੀਂ ਸਾਂਝਾ ਪ੍ਰੋਗਰਾਮ ਤਿਆਰ ਕਰਨ ’ਤੇ ਕੰਮ ਕਰਾਂਗੇ। ਸਾਨੂੰ ਭਾਜਪਾ ਖਿਲਾਫ਼ ਸਾਂਝੇ ਉਮੀਦਵਾਰ ਖੜ੍ਹੇ ਕਰਕੇ ਚੋਣਾਂ ਲੜਨੀਆਂ ਹੋਣਗੀਆਂ।’’ ਯਾਦਵ ਦੇ ਪੁੱਤਰ ਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾ ਕਿ ਲੋਕ ਕੇਂਦਰ ਵਿਚ ਭਾਜਪਾ ਦਾ ਢੁੱਕਵਾਂ ਬਦਲ ਚਾਹੁੰਦੇ ਹਨ ਤੇ ‘ਇੰਡੀਆ’ ਗੱਠਜੋੜ ਨੇ ਉਨ੍ਹਾਂ ਨੂੰ ਇਹ ਬਦਲ ਦਿੱਤਾ ਹੈ। ਤੇਜਸਵੀ ਨੇ ਕਿਹਾ ਕਿ ਲੋਕ ‘ਸਮਾਜ ਵਿਚ ਵੰਡੀਆਂ ਪਾਉਣ ਵਾਲਿਆਂ ਨੂੰ ਲੋਕ ਢੁੱਕਵਾਂ ਜਵਾਬ ਦੇਣਗੇ।

Advertisement

ਸੋਨੀਆ ਗਾਂਧੀ ਦਾ ਸਵਾਗਤ ਕਰਦਾ ਹੋਇਆ ਕਾਂਗਰਸੀ ਆਗੂ।

ਉਨ੍ਹਾਂ ਕਿਹਾ, ‘‘ਜੇਕਰ ਅਸੀਂ ਵੀ ਲੋਕਾਂ ਦੀਆਂ ਆਸਾਂ ਉਮੀਦਾਂ ’ਤੇ ਖਰੇ ਨਾ ਉਤਰੇ ਤਾਂ ਉਹ ਸਾਨੂੰ ਵੀ ਨਹੀਂ ਬਖ਼ਸ਼ਣਗੇ।’’ ਬੈਠਕ ਲਈ ਮੁੰਬਈ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇੰਡੀਆ ਗੱਠਜੋੜ ਦਾ ਗਠਨ ਦੇਸ਼ ਬਚਾਉਣ ਵੱਲ ਸੇਧਿਤ ਹੈ। ਉਨ੍ਹਾਂ ਕਿਹਾ, ‘‘ਦੇਸ਼ ਦਾ ਸੰਘੀ ਢਾਂਚਾ ਖ਼ਤਰੇ ਵਿੱਚ ਹੈ। ਜਿਨ੍ਹਾਂ ਰਾਜਾਂ ਵਿੱਚ ਭਾਜਪਾ ਨੂੰ ਲੋਕਾਂ ਦਾ ਫ਼ਤਵਾ ਨਹੀਂ ਮਿਲਦਾ, ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇੰਡੀਆ ਗੱਠਜੋੜ ਸੀਟਾਂ ਦੀ ਗਿਣਤੀ ਵਧਾਉਣ ਜਾਂ ਘਟਾਉਣ ਖਾਤਿਰ ਨਹੀਂ ਬਲਕਿ ਦੇਸ਼ ਨੂੰ ਬਚਾਉਣ ਲਈ ਹੈ।’’ ‘ਆਪ’ ਆਗੂ ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਇੰਡੀਆ ਗੱਠਜੋੜ ਤੋਂ ਡਰਦੀ ਹੈ। ਉਨ੍ਹਾਂ ਕਿਹਾ, ‘‘ਉਹ ਇੰਡੀਆ ਸ਼ਬਦ ਤੋਂ ਨਫ਼ਰਤ ਕਰਦੇ ਹਨ ਤੇ ਇਹੀ ਨਹੀਂ ਉਨ੍ਹਾਂ ਇਸ ਸ਼ਬਦ ਨੂੰ ਦਹਿਸ਼ਤੀ ਜਥੇਬੰਦੀ ਨਾਲ ਵੀ ਜੋੜਿਆ। ਇਹ ਸਿਰਫ਼ ਨਫ਼ਰਤ ਨਹੀਂ ਬਲਕਿ ਡਰ ਵੀ ਹੈ ਕਿ ਜੇਕਰ ਗੱਠਜੋੜ ਜਿੱਤ ਗਿਆ ਤਾਂ ਕੀ ਬਣੇਗਾ।’’ ਪੀਡੀਪੀ ਆਗੂ ਮਹਬਿੂਬਾ ਮੁਫਤੀ ਨੇ ਕਿਹਾ ਕਿ ਨੌਜਵਾਨ ਦੇਸ਼ ਦੀ ਤਾਕਤ ਹਨ। ਉਨ੍ਹਾਂ ਕਿਹਾ, ‘‘ਜਵਾਹਰਲਾਲ ਨਹਿਰੂ ਤੋਂ ਲੈ ਕੇ ਮਨਮੋਹਨ ਸਿੰਘ ਤੱਕ ਸਾਰੇ ਆਗੂਆਂ ਨੇ ਨੌਜਵਾਨਾਂ ਨੂੰ ਦਿਸ਼ਾ ਦੇਣ ਲਈ ਕੰਮ ਕੀਤਾ ਅਤੇ ਜੇਐੱਨਯੂ, ਆਈਆਈਐੱਮ’ਜ਼ ਤੇ ਇਸਰੋ ਜਿਹੀਆਂ ਸੰਸਥਾਵਾਂ ਸਥਾਪਤ ਕੀਤੀਆਂ।’’ ਸ਼ਿਵ ਸੈਨਾ (ਯੂਬੀਟੀ) ਆਗੁੂ ਆਦਿੱਤਿਆ ਠਾਕਰੇ ਨੇ ਕਿਹਾ ਕਿ ਇੰਡੀਆ ਗੱਠਜੋੜ ਦੇ ਆਗੂ ਜਮਹੂਰੀਅਤ ਤੇ ਸੰਵਿਧਾਨ ਨੂੰ ਬਚਾਉਣ ਖਾਤਿਰ ਇਕੱਠੇ ਹੋਏ ਹਨ। ਆਰਜੇਡੀ ਆਗੂ ਮਨੋਜ ਝਾਅ ਨੇ ਕਿਹਾ ਕਿ ਗੱਠਜੋੜ ਦੇਸ਼ ਨੂੰ ਇਕਜੁੱਟ ਕਰਨ ਲਈ ਕੰਮ ਕਰ ਰਿਹੈ ਤੇ ਇਹ ਮਹਿਜ਼ ਪਾਰਟੀਆਂ ਦਾ ਨਹੀਂ ਬਲਕਿ ਵਿਚਾਰਾਂ ਦਾ ਗੱਠਜੋੜ ਹੈ। ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਕਿ ‘ਇੰਡੀਆ’ ਨੂੰ ਮਿਲੇ ਲੋਕਾਂ ਦੇ ਹੁਲਾਰੇ ਨਾਲ ਪ੍ਰਧਾਨ ਮੰਤਰੀ ਤੇ ਭਾਜਪਾ ਸ਼ਕਤੀਹੀਣ ਹੋ ਗਏ ਹਨ। ਐੱਨਸੀਪੀ ਦੀ ਕਾਰਜਕਾਰੀ ਪ੍ਰਧਾਨ ਸੁਪ੍ਰਿਆ ਸੂਲੇ ਨੇ ਕਿਹਾ ਕਿ ਇੰਡੀਆ ਗੱਠਜੋੜ ਨੂੰ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਕਰਕੇ ਹੋਏ ਨੁਕਸਾਨ ਨੂੰ ਦਰੁਸਤ ਕਰਨ ਜਿਹੀਆਂ ਚੁਣੌਤੀਆਂ ਦਰਪੇਸ਼ ਹਨ। ਉਨ੍ਹਾਂ ਕਿਹਾ, ‘‘ਭਾਜਪਾ ਨੂੰ ਜੇਕਰ ਸਾਡੇ ਨਾਮ ਨਾਲ ਦਿੱਕਤ ਹੈ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਠੀਕ ਜਾ ਰਹੇ ਹਾਂ।’’

ਐੱਨਸੀਪੀ ਆਗੂ ਸ਼ਰਦ ਪਵਾਰ ਮੀਟਿੰਗ ਵਿੱਚ ਹਿੱਸਾ ਲੈਣ ਲਈ ਪੁੱਜਦੇ ਹੋਏ। -ਫੋਟੋਆਂ: ਪੀਟੀਆਈ

ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਨੇ ਭਾਜਪਾ ’ਤੇ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਿਹੜੇ 2014 ਵਿਚ ਸੱਤਾ ’ਚ ਆਏ ਸਨ, ਨੂੰ 2024 ਵਿੱਚ ਸੱਤਾ ਤੋਂ ਲਾਂਭੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਵਿੱਚ ਯੂਪੀ ਦੀ ਅਹਿਮ ਭੂਮਿਕਾ ਹੋਵੇਗੀ। ਕਾਂਗਰਸ ਦੇ ਮਿਲਿੰਦ ਦਿਓੜਾ ਨੇ ਕਿਹਾ ਕਿ ਭਾਜਪਾ ‘ਇੰਡੀਆ’ ਗੱਠਜੋੜ ਨੂੰ ਦੇਖ ਕੇ ਬੁਖਲਾ ਗਈ ਹੈ ਕਿਉਂਕਿ ਇਸ ਨੇ ਕਦੇ ਵੀ ਉਮੀਦ ਨਹੀਂ ਕੀਤੀ ਸੀ ਕਿ ਵੱਖ ਵੱਖ ਰਾਜਾਂ ਨਾਲ ਸਬੰਧਤ ਇੰਨੀਆਂ ਪਾਰਟੀਆਂ ਇਕ ਮੰਚ ’ਤੇ ਇਕੱਠੀਆਂ ਹੋ ਜਾਣਗੀਆਂ। ਉਧਰ ਮਹਾਰਾਸ਼ਟਰ ਕਾਂਗਰਸ ਦੇ ਸੀਨੀਅਰ ਆਗੂ ਅਸ਼ੋਕ ਚਵਾਨ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਦੇ ਕਨਵੀਨਰ ਦੇ ਨਾਂ ਬਾਰੇ ਫੈਸਲਾ ਦੋ ਰੋਜ਼ਾ ਮੀਟਿੰਗ ਦੌਰਾਨ ਸਾਰੇੇ ਸਬੰਧਤ ਭਾਈਵਾਲਾਂ ਨਾਲ ਵਿਚਾਰ ਚਰਚਾ ਮਗਰੋਂ ਲਿਆ ਜਾਵੇਗਾ। -ਪੀਟੀਆਈ

Advertisement

ਲਾਲੂ ਤੇ ਤੇਜਸਵੀ ਸਿੱਧੀਵਿਨਾਇਕ ਮੰਦਰ ’ਚ ਹੋਏ ਨਤਮਸਤਕ

ਸੀਪੀਐੱਮ ਆਗੂ ਸੀਤਾਰਾਮ ਯੇਚੁਰੀ (ਖੱਬੇ), ਆਰਜੇਡੀ ਆਗੂ ਲਾਲੂ ਪ੍ਰਸਾਦ ਯਾਦਵ, ਸੀਪੀਆਈ ਆਗੂ ਡੀ. ਰਾਜਾ ਅਤੇ ਤੇਜਸਵੀ ਯਾਦਵ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ। -ਫੋਟੋ: ਪੀਟੀਆਈ

ਮੁੰਬਈ: ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਤੇ ਉਨ੍ਹਾਂ ਦੇ ਪੁੱਤਰ ਤੇਜਸਵੀ ਯਾਦਵ, ਜੋ ਕਿ ਬਿਹਾਰ ਦੇ ਉਪ ਮੁੱਖ ਮੰਤਰੀ ਹਨ, ਨੇ ਅੱਜ ਇਥੋਂ ਦੇ ਸਿੱਧੀਵਿਨਾਇਕ ਮੰਦਰ ’ਚ ਮੱਥਾ ਟੇਕਿਆ। ਉਨ੍ਹਾਂ ਨੇ ਭਗਵਾਨ ਗਣੇਸ਼ ਦੀ ਪੂਜਾ ਅਰਚਨਾ ਵੀ ਕੀਤੀ। ਜ਼ਿਕਰਯੋਗ ਹੈ ਕਿ ਭਾਜਪਾ ਦੇ ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਦੀ ਮੀਟਿੰਗ ’ਚ ਸ਼ਾਮਲ ਹੋਣ ਲਈ ਦੋਵੇਂ ਪਿਓ-ਪੁੱਤਰ ਮੁੰਬਈ ਵਿੱਚ ਹਨ। -ਪੀਟੀਆਈ

 

ਆਰਜੇਡੀ ਆਗੂ ਮਨੋਜ ਝਾਅ ਅਤੇ ਸੀਤਾਰਾਮ ਯੇਚੁਰੀ ਦਾ ਸਵਾਗਤ ਕਰਦੇ ਹੋਏ ਪ੍ਰਬੰਧਕ।

 

ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਅਤੇ ਤਾਮਿਲਨਾਡੂੁ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਲੋਕਾਂ ਦਾ ਪਿਆਰ ਕਬੂਲਦੇ ਹੋਏ। -ਫੋਟੋ: ਪੀਟੀਆਈ

 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (ਖੱਬੇ), ‘ਆਪ’ ਆਗੂ ਰਾਘਵ ਚੱਢਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੀਟਿੰਗ ਲਈ ਪੁੱਜਦੇ ਹੋਏ। -ਫੋਟੋਆਂ: ਪੀਟੀਆਈ

 

ਸ਼ਿਵ ਸੈਨਾ ਆਗੂ ਸੰਜੈ ਰਾਊਤ ਡੀ. ਰਾਜਾ ਨੂੰ ਗਲਵੱਕੜੀ ’ਚ ਲੈਂਦੇ ਹੋਏ। (ਸੱਜੇ) ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦਾ ਸਵਾਗਤ ਕਰਦੇ ਹੋਏ ਪ੍ਰਬੰਧਕ। -ਫੋਟੋਆਂ: ਪੀਟੀਆਈ
Advertisement