For the best experience, open
https://m.punjabitribuneonline.com
on your mobile browser.
Advertisement

ਪਟਨਾ ਵਿੱਚ ਵਿਰੋਧੀ ਧਿਰਾਂ ਦੀ ਮੀਟਿੰਗ ‘ਫੋਟੋ ਸੈਸ਼ਨ’: ਸ਼ਾਹ

10:15 PM Jun 29, 2023 IST
ਪਟਨਾ ਵਿੱਚ ਵਿਰੋਧੀ ਧਿਰਾਂ ਦੀ ਮੀਟਿੰਗ ‘ਫੋਟੋ ਸੈਸ਼ਨ’  ਸ਼ਾਹ
Advertisement

ਜੰਮੂ/ਭਵਾਨੀਪਟਨਾ/ਨਵੀਂ ਦਿੱਲੀ, 23 ਜੂਨ

Advertisement

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਟਨਾ ਵਿਚ ਹੋਈ ਵਿਰੋਧੀ ਧਿਰਾਂ ਦੀ ਮੀਟਿੰਗ ਨੂੰ ‘ਫੋਟੋ ਸੈਸ਼ਨ’ ਕਰਾਰ ਦਿੱਤਾ ਹੈ। ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰਾਂ ਦਾ ਇਕਜੁੱਟ ਹੋਣਾ ਲਗਪਗ ਅਸੰਭਵ ਹੈ ਤੇ ਅਗਾਮੀ ਲੋਕ ਸਭਾ ਚੋਣਾਂ ਵਿੱਚ ਇਨ੍ਹਾਂ ਨੂੰ ਮੂੰਹ ਦੀ ਖਾਣੀ ਪਏਗੀ। ਜੰਮੂ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਜੰਮ ਕੇ ਭੰਡਿਆ। ਸ਼ਾਹ ਨੇ ਕਿਹਾ ਕਿ ਰਾਹੁਲ ਨੂੰ ਹਰੇਕ ਚੀਜ਼ ਦੀ ਨੁਕਤਾਚੀਨੀ ਕਰਨ ਦੀ ਆਦਤ ਹੈ। ਉਨ੍ਹਾਂ ਬਿਹਾਰ ਦੀ ਰਾਜਧਾਨੀ ਵਿਚ ਵਿਰੋਧੀ ਧਿਰਾਂ ਦੀ ਮੀਟਿੰਗ ਦੇ ਹਵਾਲੇ ਨਾਲ ਕਿਹਾ, ”ਪਟਨਾ ਵਿੱਚ ਫੋਟੋ ਸੈਸ਼ਨ ਹੋ ਰਿਹਾ ਹੈ। ਸਾਰੀਆਂ ਵਿਰੋਧੀ ਪਾਰਟੀਆਂ ਇਕ ਮੰਚ ‘ਤੇ ਆਈਆਂ ਹਨ ਤਾਂ ਕਿ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਉਹ (2024 ਵਿੱਚ) ਭਾਜਪਾ, ਐੱਨਡੀਏ ਤੇ ਮੋਦੀ ਨੂੰ ਚੁਣੌਤੀ ਦੇਣਗੀਆਂ।” ਸ਼ਾਹ ਨੇ ਕਿਹਾ, ”ਮੈਂ ਇਨ੍ਹਾਂ ਵਿਰੋਧੀ ਧਿਰਾਂ ਨੂੰ ਸਿਰਫ਼ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੁਹਾਡਾ ਏਕਾ ਲਗਪਗ ਨਾਮੁਮਕਿਨ ਹੈ ਅਤੇ ਜੇਕਰ ਸੱਚਮੁੱਚ ਅਜਿਹਾ ਹੁੰਦਾ ਹੈ ਤਾਂ ਕ੍ਰਿਪਾ ਕਰਕੇ ਲੋਕਾਂ ਦੇ ਸਾਹਮਣੇ ਹੋਣਾ, ਕਿਉਂਕਿ 2024 ਵਿੱਚ ਮੋਦੀ ਦੀ 300 ਤੋਂ ਵੱਧ ਸੀਟਾਂ ਨਾਲ ਵਾਪਸੀ ਪੱਕੀ ਹੈ।” ਕੇਂਦਰੀ ਮੰਤਰੀ ਨੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ”ਰਾਹੁਲ ਬਾਬਾ ਨੂੰ ਨੁਕਤਾਚੀਨੀ ਕਰਨ ਦੀ ਆਦਤ ਹੈ…ਫਿਰ ਚਾਹੇ ਧਾਰਾ 370 ਹੋਵੇ, ਰਾਮ ਮੰਦਿਰ ਦੀ ਨੀਂਹ ਰੱਖਣੀ ਹੋਵੇ ਜਾਂ ਫਿਰ ਤਿੰਨ ਤਲਾਕ ‘ਤੇ ਪਾਬੰਦੀ। ਉਨ੍ਹਾਂ ਕਿਹਾ ਕਿ 2024 ਦੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮੋਦੀ ਖਿਲਾਫ਼ ਰਾਹੁਲ ਗਾਂਧੀ ਨੂੰ ਉਤਾਰੇ ਜਾਣ ਦੀਆਂ ਗੱਲਾਂ ਹੋ ਰਹੀਆਂ ਹਨ, ਪਰ ਲੋਕਾਂ ਨੂੰ ਪਤਾ ਹੈ ਕਿ ਕਿਸ ਨੂੰ ਚੁਣਨਾ ਹੈ।” -ਪੀਟੀਆਈ

Advertisement

ਐਨਸੀ ਤੇ ਪੀਡੀਪੀ ਨੂੰ ਭੰਡਿਆ

ਜੰਮੂ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ, ਨੈਸ਼ਨਲ ਕਾਨਫਰੰਸ (ਐਨਸੀ) ਅਤੇ ਪੀਪਲ’ਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ‘ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਜੰਮੂ ਤੇ ਕਸ਼ਮੀਰ ਵਿੱਚ ਅਤਿਵਾਦ ਕਾਰਨ ਹੋਈਆਂ 42 ਹਜ਼ਾਰ ਲੋਕਾਂ ਦੀਆਂ ਮੌਤਾਂ ਲਈ ਕੌਣ ਜ਼ਿੰਮੇਵਾਰ ਹੈ। ਸ਼ਾਹ ਨੇ ਕਿਹਾ ਕਿ ਸੰਨ 2019 ਵਿੱਚ ਸੰਵਿਧਾਨ ਦੀ ਧਾਰਾ 370 ਦੀਆਂ ਮੱਦਾਂ ਖ਼ਤਮ ਕੀਤੇ ਜਾਣ ਮਗਰੋਂ ਨਵਾਂ ਜੰਮੂ ਤੇ ਕਸ਼ਮੀਰ ਹੋਂਦ ਵਿੱਚ ਆਇਆ ਹੈ।

ਜੇਲ੍ਹਾਂ ਕੱਟਣ ਵਾਲੇ ਹੁਣ ਇੰਦਰਾ ਦੇ ਪੋਤੇ ਨਾਲ ਹੱਥ ਮਿਲਾ ਰਹੇ: ਨੱਢਾ

ਭਾਜਪਾ ਪ੍ਰਧਾਨ ਜੇ.ਪੀ.ਨੱਢਾ ਨੇ ਉੜੀਸਾ ਦੇ ਕਾਲਾਹਾਂਡੀ ਜ਼ਿਲ੍ਹੇ ਦੇ ਭਵਾਨੀਪਟਨਾ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਨੂੰ ਐਮਰਜੈਂਸੀ ਦੌਰਾਨ ਜੈ ਪ੍ਰਕਾਸ਼ ਨਰਾਇਣ ਦੇ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ, ”ਸਿਆਸਤ ਵਿੱਚ ਅੱਜ ਅਜੀਬੋ ਗਰੀਬ ਚੀਜ਼ਾਂ ਹੋ ਰਹੀਆਂ ਹਨ। ਆਗੂਆਂ, ਜਿਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜੇਲ੍ਹਾਂ ਵਿੱਚ ਡੱਕਿਆ ਸੀ, ਨੇ ਹੁਣ ਉਨ੍ਹਾਂ ਦੇ ਪੋਤਰੇ ਰਾਹੁਲ ਗਾਂਧੀ ਨਾਲ ਹੱਥ ਮਿਲਾ ਲਏ ਹਨ।” ਨੱਢਾ ਨੇ ਕਿਹਾ ਕਿ ਉਦੋਂ ਲਾਲੂ ਨੂੰ 22 ਮਹੀਨੇ ਤੇ ਨਿਤੀਸ਼ ਨੂੰ 20 ਮਹੀਨੇ ਸਲਾਖਾਂ ਪਿੱਛੇ ਰਹਿਣਾ ਪਿਆ ਸੀ। ਭਾਜਪਾ ਪ੍ਰਧਾਨ ਨੇ ਕਿਹਾ, ”ਮੈਂ ਊਧਵ ਠਾਕਰੇ ਨੂੰ ਵੀ ਪਟਨਾ ਵਿੱਚ ਵਿਰੋਧੀ ਧਿਰਾਂ ਦੀ ਮੀਟਿੰਗ ਲਈ ਪੁੱਜਦੇ ਵੇਖਿਆ। ਉਨ੍ਹਾਂ ਦੇ ਪਿਤਾ ‘ਹਿੰਦੂ ਹਰਿਦੇ ਸਮਰਾਟ’ ਬਾਲਾਸਾਹਿਬ ਠਾਕਰੇ ਨੇ ਹਮੇਸ਼ਾ ਕਾਂਗਰਸ ਦਾ ਵਿਰੋਧ ਕੀਤਾ।

ਵਿਰੋਧੀ ਧਿਰਾਂ ਆਪਣੇ ਦਮ ‘ਤੇ ਮੋਦੀ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ: ਸ੍ਰਿਮਤੀ ਇਰਾਨੀ

ਨਵੀਂ ਦਿੱਲੀ ਵਿੱਚ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਜੇਡੀਯੂ ਤੇ ਹੋਰਨਾਂ ਵਿਰੋਧੀ ਪਾਰਟੀਆਂ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਇਹ ਕਿੰਨਾ ‘ਵਿਅੰਗਮਈ’ ਹੈ ਕਿ ਕੁਝ ਆਗੂ ਜਿਨ੍ਹਾਂ ਐਮਰਜੈਂਸੀ ਦੌਰਾਨ ‘ਜਮਹੂਰੀਅਤ ਦਾ ਕਤਲ’ ਹੁੰਦਾ ਦੇਖਿਆ ਹੈ, ਪਟਨਾ ਵਿੱਚ ਕਾਂਗਰਸ ਦੀ ਛਤਰੀ ਹੇਠ ਇਕੱਤਰ ਹੋੲੇ ਹਨ। ਇਰਾਨੀ ਨੇ ਦਾਅਵਾ ਕੀਤਾ ਕਿ ਉਨ੍ਹਾਂ (ਵਿਰੋਧੀ ਧਿਰਾਂ ਨੇ) ਸਪਸ਼ਟ ਸੁਨੇਹਾ ਦਿੱਤਾ ਹੈ ਕਿ ਉਹ ਆਪੋ ਆਪਣੇ ਦਮ ‘ਤੇ ਮੋਦੀ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਹਨ। ਕੇਂਦਰੀ ਮੰਤਰੀ ਨੇ ਕਿਹਾ, ”ਮੈਂ ਖਾਸ ਤੌਰ ‘ਤੇ ਕਾਂਗਰਸ ਦਾ ਧੰਨਵਾਦ ਕਰਨਾ ਚਾਹਾਂਗੀ ਕਿ ਉਸ ਨੇ ਸਾਰਿਆਂ ਦੇ ਵਿਚ ਮੰਨਿਆ ਹੈ ਕਿ ਉਹ ਮੋਦੀ ਨੂੰ ਆਪਣੇ ਦਮ ‘ਤੇ ਹਰਾਉਣ ਵਿੱਚ ਅਸਮਰੱਥ ਹਨ ਤੇ ਉਸ ਨੂੰ ਹਮਾਇਤ ਦੀ ਲੋੜ ਹੈ।” -ਪੀਟੀਆਈ

Advertisement
Tags :
Advertisement