Kejriwal ‘ਵਿਪਾਸਨਾ’ ਲਈ ਪੰਜਾਬ ਪੁੱਜੇ ਕੇਜਰੀਵਾਲ ਨੂੰ ਵੱਡਾ ਸੁਰੱਖਿਆ ਕਾਫ਼ਲਾ ਮੁਹੱਈਆ ਕਰਵਾਉਣ ਦੀ ਵਿਰੋਧੀ ਧਿਰਾਂ ਵੱਲੋਂ ਨੁਕਤਾਚੀਨੀ
ਦੀਪਕਮਲ ਕੌਰ
ਜਲੰਧਰ, 5 ਮਾਰਚ
ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵਿਪਾਸਨਾ (ਧਿਆਨ) ਲਈ ਪੰਜਾਬ ਦੌਰੇ ’ਤੇ ਆਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੂੰ ਵੱਡਾ ਸੁਰੱਖਿਆ ਕਾਫ਼ਲਾ ਮੁਹੱਈਆ ਕੀਤੇ ਜਾਣ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ। ਕੇਜਰੀਵਾਲ ਮੰਗਲਵਾਰ ਸ਼ਾਮੀਂ ਵੱਡੇ ਸੁਰੱਖਿਆ ਕਾਫ਼ਲੇ ਨਾਲ ਹੁਸ਼ਿਆਰਪੁਰ ਪਹੁੰਚੇ ਸਨ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਕੇਜਰੀਵਾਲ ਭਾਵੇਂ ਦੂਜੀ ਵਾਰ ਹੁਸ਼ਿਆਰਪੁਰ ਆਏ ਹਨ, ਪਰ ਦਿੱਲੀ ਵਿਧਾਨ ਸਭਾ ਚੋਣਾਂ ਹਾਰਨ ਮਗਰੋਂ ਉਨ੍ਹਾਂ ਦੀ ਇਹ ਪਲੇਠੀ ਪੰਜਾਬ ਫੇਰੀ ਹੈ। ਹੁਸ਼ਿਆਰਪੁਰ ਤੋਂ ਕਰੀਬ 11 ਕਿਲੋਮੀਟਰ ਦੂਰ ਪਿੰਡ ਆਨੰਦਗੜ੍ਹ ਵਿੱਚ ਸਥਿਤ Dhamma Dhaja ਵਿਪਾਸਨਾ ਸੈਂਟਰ (ਡੀਡੀਵੀਸੀ) ਵਿੱਚ 10 ਦਿਨਾ ਵਿਪਾਸਨਾ (ਧਿਆਨ) ਕੋਰਸ ਅੱਜ ਸਵੇਰ ਤੋਂ ਸ਼ੁਰੂ ਹੋਣਾ ਸੀ।
ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਆਪਣੇ ਸੋਸ਼ਲ ਮੀਡੀਆ ਪੇਜਾਂ ’ਤੇ ਕੇਜਰੀਵਾਲ ਦੇ ਕਾਫਲੇ ਦੀਆਂ ਵੀਡੀਓਜ਼ ਪੋਸਟ ਕੀਤੀਆਂ, ਜਿਸ ਵਿੱਚ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਤੋਂ ਇਲਾਵਾ 20 ਤੋਂ ਵੱਧ ਵਾਹਨ ਸ਼ਾਮਲ ਸਨ।
ਜਲੰਧਰ ਛਾਉਣੀ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਲਈ ਉੱਚ ਸੁਰੱਖਿਆ ਪ੍ਰਬੰਧਾਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ‘‘ਵਿਪਾਸਨਾ ਮਨ ਦੀ ਸ਼ਾਂਤੀ ਅਤੇ ਆਰਾਮ ਲਈ ਹੈ। ਕੇਜਰੀਵਾਲ ਦੀ ਪੰਜਾਬ ਵਿੱਚ ਉੱਚ ਡੈਸੀਬਲ ਐਂਟਰੀ ਪਿੱਛੇ ਕੀ ਵਿਚਾਰ ਹੈ? ਇੱਕ ਨੇਤਾ ਜੋ ਪਹਿਲਾਂ ਸ਼ੇਖੀ ਮਾਰਦਾ ਸੀ ਕਿ ਉਹ ਅਜੇ ਵੀ ਆਪਣੀ WagonR ਦੀ ਵਰਤੋਂ ਕਰ ਰਿਹਾ ਹੈ, ਪੰਜਾਬ ਦੇ ਸਰੋਤਾਂ ਦੀ ਦੁਰਵਰਤੋਂ ਕਰ ਰਿਹਾ ਹੈ। ਅਜਿਹੇ ਆਗੂਆਂ ਕਰਕੇ ਹੀ ਲੋਕਾਂ ਦਾ ਸਿਆਸਤਦਾਨਾਂ ਤੋਂ ਯਕੀਨ ਉੱਠ ਗਿਆ ਹੈ।’’
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਵੀ ਕੇਜਰੀਵਾਲ ’ਤੇ ਨਿਸ਼ਾਨਾ ਸੇਧਦੇ ਹੋਏ ਪੁੱਛਿਆ, ‘‘ਇਹ ਕਿਹੋ ਜਿਹੀ ਵਿਪਾਸਨਾ ਹੈ? ਹੁਣ ਪੂਰਾ ਪੰਜਾਬ ਪ੍ਰਸ਼ਾਸਨ ਇੱਕ ਅਜਿਹੇ ਵਿਅਕਤੀ ਲਈ ਡਿਊਟੀ ’ਤੇ ਕਿਉਂ ਹੈ ਜਿਸ ਕੋਲ ਕੋਈ ਸੰਵਿਧਾਨਕ ਅਹੁਦਾ ਵੀ ਨਹੀਂ ਹੈ?’’
ਪੰਜਾਬ ਦੇ ਆਗੂਆਂ ਤੋਂ ਇਲਾਵਾ ਦਿੱਲੀ ਦੇ ਲੋਕਾਂ ਨੇ ਵੀ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਐਕਸ ’ਤੇ ਲਿਖਿਆ, ‘‘ਜੋ ਆਦਮੀ VIP ਸੱਭਿਆਚਾਰ ਦੀ ਆਲੋਚਨਾ ਕਰਦਾ ਸੀ, ਉਹ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਵੀ ਵੱਡੇ ਸੁਰੱਖਿਆ ਕਵਰ ਨਾਲ ਘੁੰਮ ਰਿਹਾ ਹੈ।’’
ਦਿੱਲੀ ਸਰਕਾਰ ’ਚ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿਚ ਉਨ੍ਹਾਂ ਲਿਖਿਆ, ‘‘ਕੇਜਰੀਵਾਲ ਵਿਪਾਸਨਾ ਸੈਂਟਰ ਵਿੱਚ ਕਿਸ ਤਰ੍ਹਾਂ ਦੀ ਸ਼ਾਂਤੀ ਦੀ ਭਾਲ ਕਰ ਰਹੇ ਹਨ ਜਿੱਥੇ ਉਹ ਲਗਜ਼ਰੀ ਕਾਰਾਂ ਦੇ ਵੱਡੇ ਕਾਫਲੇ ਵਿੱਚ ਪਹੁੰਚੇ ਸਨ? 100 ਤੋਂ ਵੱਧ ਕਮਾਂਡੋ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਸਨ। ਉਹ VIP ਸੱਭਿਆਚਾਰ ਦਾ ਇੰਨਾ ਆਦੀ ਹੋ ਗਿਆ ਹੈ ਕਿ ਸ਼ਾਇਦ ਉਹ ਆਪਣੇ ਆਲੇ ਦੁਆਲੇ ਇੰਨੇ ਸਾਰੇ ਸਮਾਨ ਤੋਂ ਬਿਨਾਂ ਧਿਆਨ ਵੀ ਨਹੀਂ ਕਰ ਸਕਦਾ।’’