ਹੰਸ ਰਾਜ ਹੰਸ ਦੇ ਪੱਖ ’ਚ ਚੋਣ ਪ੍ਰਚਾਰ ਕਰਨ ਆਏ ਭਾਜਪਾ ਦੇ ਕੌਮੀ ਆਗੂਆਂ ਦਾ ਵਿਰੋਧ
ਜਸਵੰਤ ਜੱਸ
ਫਰੀਦਕੋਟ, 19 ਮਈ
ਫਰੀਦਕੋਟ ਰਾਖਵੇਂ ਲੋਕ ਸਭਾ ਹਲਕੇ ਤੋਂ ਉਮੀਦਵਾਰ ਹੰਸ ਰਾਜ ਹੰਸ ਦੇ ਹੱਕ ਵਿੱਚ ਇੱਥੇ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਆਏ ਭਾਜਪਾ ਦੇ ਕੌਮੀ ਆਗੂਆਂ ਨੂੰ ਵੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਨੌਜਵਾਨ ਭਾਰਤ ਸਭਾ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਪਿੰਡ ਮਾਨੀ ਸਿੰਘ ਵਾਲਾ ਵਿੱਚ ਭਾਜਪਾ ਹਰਾਓ, ਭਾਜਪਾ ਭਜਾਓ ਦੇ ਨਾਅਰੇ ਹੇਠ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਲਾਗੂ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਉਤਰਾਖੰਡ ਤੋਂ ਆਗੂ ਅਜੈ ਰਿਜੋੜ ਦਾ ਤਿੱਖਾ ਵਿਰੋਧ ਕੀਤਾ ਗਿਆ। ਨੌ ਨਿਹਾਲ ਸਿੰਘ ਦੀਪ ਸਿੰਘ ਵਾਲਾ ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਇਲਜ਼ਾਮ ਲਾਇਆ ਕਿ ਭਾਜਪਾ ਭਾਰਤ ਨੂੰ ਇੱਕ ਫਾਸ਼ੀਵਾਦੀ ਤਾਨਾਸ਼ਾਹੀ ਰਾਜ ਵਾਲੇ ਦੇਸ਼ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ ਜਿੱਥੇ ਘੱਟ ਗਿਣਤੀਆਂ, ਦਲਿਤਾਂ, ਪੱਤਰਕਾਰਾਂ, ਬੁੱਧੀਜੀਵੀਆਂ ਨੂੰ ਟਾਰਗੇਟ ਕਰਕੇ ਜੇਲ੍ਹਾਂ ਸੁੱਟਿਆ ਜਾ ਰਿਹਾ ਹੈ। ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ, ਦੇਸ਼ ਦੇ ਕੁਦਰਤੀ ਸਰੋਤ ਜਲ, ਜੰਗਲ, ਜ਼ਮੀਨ ਕੌਡੀਆਂ ਦੇ ਭਾਅ ਭਾਜਪਾ ਹਕੂਮਤ ਵੱਲੋਂ ਦੇਸ਼ ਦੇ ਕਾਰਪੋਰੇਟ ਘਰਾਣਿਆਂ ਨੂੰ ਵੇਚੇ ਜਾ ਰਹੇ ਹਨ। ਨੌ ਨਿਹਾਲ ਸਿੰਘ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਗੁਰਮੀਤ ਸਿੰਘ ਸੰਗਰਾਹੂਰ ਅਤੇ ਰਜਿੰਦਰ ਸਿੰਘ ਕਿੰਗਰਾ ਨੇ ਕਿਹਾ ਕਿ ਜੇਕਰ ਕੋਈ ਵੀ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆਉਂਦਾ ਹੈ ਤਾਂ ਉਸ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ।