For the best experience, open
https://m.punjabitribuneonline.com
on your mobile browser.
Advertisement

ਬਰਨਾਲਾ ’ਚ ਭਾਜਪਾ ਆਗੂ ਅਰਵਿੰਦ ਖੰਨਾ ਦਾ ਵਿਰੋਧ

10:35 AM Apr 22, 2024 IST
ਬਰਨਾਲਾ ’ਚ ਭਾਜਪਾ ਆਗੂ ਅਰਵਿੰਦ ਖੰਨਾ ਦਾ ਵਿਰੋਧ
ਬਰਨਾਲਾ ਵਿੱਚ ਭਾਜਪਾ ਆਗੂ ਅਰਵਿੰਦ ਖੰਨਾ ਦਾ ਵਿਰੋਧ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵਰਕਰ।
Advertisement

ਪਰਸ਼ੋਤਮ ਬੱਲੀ
ਬਰਨਾਲਾ, 21 ਅਪਰੈਲ
ਸੰਯੁਕਤ ਕਿਸਾਨ ਮੋਰਚੇ ਵੱਲੋਂ ਲੋਕ ਸਭਾ ਚੋਣ ਮੁਹਿੰਮ ਦੌਰਾਨ ਭਾਜਪਾ ਆਗੂਆਂ ਤੇ ਉਮੀਦਵਾਰਾਂ ਦੇ ਜਨਤਕ ਵਿਰੋਧ ਦੇ ਦਿੱਤੇ ਸੱਦੇ ਤਹਿਤ ਅੱਜ ਭਾਜਪਾ ਦੇ ਸੂਬਾਈ ਆਗੂ ਤੇ ਹਲਕਾ ਸੰਗਰੂਰ ਤੋਂ ਸੰਭਾਵੀ ਉਮੀਦਵਾਰ ਅਰਵਿੰਦ ਖੰਨਾ ਦੇ ਇੱਥੇ ਪੁੱਜਣ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਡਟਵਾਂ ਵਿਰੋਧ ਕੀਤਾ ਗਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਜਥੇਬੰਦੀ ਦੇ ਸੂਬਾਈ ਮੀਤ ਪ੍ਰਧਾਨ ਰੂਪ ਸਿੰਘ ਛੰਨਾ, ਜ਼ਿਲ੍ਹਾ ਆਗੂ ਚਮਕੌਰ ਸਿੰਘ ਨੈਣੇਵਾਲ, ਕਮਲਜੀਤ ਕੌਰ ਬਰਨਾਲਾ ਤੇ ਬਲਾਕ ਬਰਨਾਲਾ ਪ੍ਰਧਾਨ ਬਲੌਰ ਸਿੰਘ ਛੰਨਾਂ ਨੇ ਕਿਹਾ ਮੋਦੀ ਸਰਕਾਰ ਨੇ ਦਿੱਲੀ ਘੋਲ ਮੌਕੇ ਕਿਸਾਨਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ। ਆਗੂਆਂ ਨੇ ਕਿਹਾ ਕਿ ਕੇਂਦਰੀ ਹਕੂਮਤ ਦੇ ਅਜਿਹੇ ਅੜੀਅਲ ਵਤੀਰੇ ਦਾ ਜਵਾਬ ਉਨ੍ਹਾਂ ਦੇ ਨੁਮਾਇੰਦਿਆਂ/ਆਗੂਆਂ ਤੇ ਉਮੀਦਵਾਰਾਂ ਨੂੰ ਲੋਕ ਸੱਥਾਂ, ਪਿੰਡਾਂ/ਸ਼ਹਿਰਾਂ ਵਿੱਚ ਵਿਰੋਧ ਕਰ ਕੇ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਭਾਜਪਾ ਆਗੂ ਅਰਵਿੰਦ ਖੰਨਾ ਇੱਥੇ ਸ਼ਹਿਰ ’ਚ ਪਾਰਟੀ ਵਰਕਰਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਨ ਪੁੱਜੇ ਸਨ, ਇਨ੍ਹਾਂ ਦੀ ਫੇਰੀ ਦੀ ਭਿਣਕ ਪੈਣ ’ਤੇ ਬੀਕੇਯੂ ਏਕਤਾ ਉਗਰਾਹਾਂ ਦੇ ਕਾਫ਼ਲੇ ਪੈੜ ਨੱਪਦਿਆਂ ਬਰਨਾਲੇ ਵੱਲ ਆਉਣੇ ਸ਼ੁਰੂ ਹੋ ਗਏ। ਸਥਾਨਕ ਕਚਹਿਰੀ ਚੌਕ ਵਿੱਚ ਪੁਲੀਸ ਨੇ ਭਾਰੀ ਬੈਰੀਕੇਡਿੰਗ ਕਰ ਕੇ ਕਿਸਾਨਾਂ ਨੂੰ ਰੋਕਿਆ। ਕਿਸਾਨਾਂ ਨੇ ਅਰਵਿੰਦ ਖੰਨਾ ਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਰੋਹ ਨੂੰ ਦੇਖਦਿਆਂ ਮੀਟਿੰਗ ਨੂੰ ਸੰਖੇਪ ’ਚ ਨਿਪਟਾ ਕੇ ਅਰਵਿੰਦ ਖੰਨਾ ਨੂੰ ਉਥੋਂ ਭੇਜ ਦਿੱਤਾ ਗਿਆ। ਕਿਸਾਨ ਨੇ ਸ਼ਹਿਰ ਦੇ ਜੌੜੇ ਪੰਪਾਂ ਤੱਕ ਰੋਸ ਮੁਜ਼ਾਹਰਾ ਵੀ ਕੀਤਾ।
ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਦਿੱਲੀ ਕਿਸਾਨ ਮੋਰਚੇ ਸਮੇਂ ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾਣ। ਅਸ਼ੀਸ਼ ਮਿਸ਼ਰਾ ਟੇਨੀ ਨੂੰ ਸਜ਼ਾ ਦਿੱਤੀ ਜਾਵੇ। ਇਸ ਮੌਕੇ ਕ੍ਰਿਸ਼ਨ ਸਿੰਘ ਛੰਨਾ ,ਦਰਸ਼ਨ ਸਿੰਘ ਭੈਣੀ, ਬੁੱਕਣ ਸਿੰਘ ਸੈਦੋਵਾਲ, ਨਿਰਪਜੀਤ ਸਿੰਘ ਬਡਬਰ, ਕੁਲਜੀਤ ਸਿੰਘ ਵਜੀਦਕੇ, ਰਾਮ ਸਿੰਘ ਸੰਘੇੜਾ, ਨਾਜਰ ਸਿੰਘ ਠੁੱਲੀਵਾਲ, ਗੁਰਨਾਮ ਸਿੰਘ ਬਿੰਦਰ, ਸਿੰਘ ਭੋਤਨਾ ,ਔਰਤ ਆਗੂ ਬਿੰਦਰ ਪਾਲ ਕੌਰ ਭਦੌੜ , ਸੰਦੀਪ ਕੌਰ ਪੱਤੀ ਸੇਖਵਾਂ, ਲਖਵੀਰ ਕੌਰ ਧਨੌਲਾ ਤੇ ਅਮਰਜੀਤ ਕੌਰ ਬਡਬਰ ਆਦਿ ਆਗੂ ਹਾਜ਼ਰ ਸਨ।

Advertisement

ਸਵਾਲਾਂ ਤੋਂ ਭੱਜ ਰਹੇ ਭਾਜਪਾ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿਆਂਗੇ: ਕਿਸਾਨ ਆਗੂ

ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਕਿਸਾਨੀ ਮਸਲਿਆਂ ਬਾਰੇ ਸਵਾਲ-ਜਵਾਬੀ ਲਈ ਡਟੇ ਕਿਸਾਨਾਂ ਨੇ ਸਿਰਸਾ ਤੋਂ ਭਾਜਪਾ ਉਮੀਦਵਾਰ ਅਸ਼ੋਕ ਤੰਵਰ ਦਾ ਅੱਜ ਡਟਵਾਂ ਵਿਰੋਧ ਕੀਤਾ। ਅੱਜ ਕਿਸਾਨਾਂ ਨੇ ਸਿਲਵਰ ਜੁਬਲੀ ਚੌਕ ’ਚ ਅਸ਼ੋਕ ਤੰਵਰ ਦੀ ਚੋਣ ਮੀਟਿੰਗ ਦੇ ਸਾਹਮਣੇ ਕਾਲੇ ਝੰਡੇ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ। ਮਹਿਜ਼ 40 ਮੀਟਰ ਦੀ ਦੂਰੀ ’ਤੇ ਸਿਲਵਰ ਜੁਬਲੀ ਚੌਕ ਦੀ ਉੱਚੀ ਕੰਧ ’ਤੇ ਖੜ੍ਹੇ ਕਿਸਾਨਾਂ ਦੇ ਤਿੱਖੇ ਨਾਅਰਿਆਂ ਕਾਰਨ ਅਸ਼ੋਕ ਤੰਵਰ ਨੂੰ ਤਕਰੀਰ ਕਰਨ ’ਚ ਕਾਫ਼ੀ ਦਿੱਕਤ ਆਈ। ਕਿਸਾਨ, ਭਾਜਪਾ ਉਮੀਦਵਾਰ ਤੋਂ ਕਿਸਾਨੀ ਮਸਲਿਆਂ ਸਬੰਧੀ ਸਵਾਲ ਕਰਨਾ ਚਾਹੁੰਦੇ ਸਨ। ਵੱਡੀ ਗਿਣਤੀ ਪੁਲੀਸ ਫੋਰਸ ਵੀ ਮੌਕੇ ’ਤੇ ਤਾਇਨਾਤ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਭਾਜਪਾ ਉਮੀਦਵਾਰ ਦੇ ਡੱਬਵਾਲੀ ’ਚ ਕਰੀਬ ਦੋ ਦਰਜਨ ਦੁਕਾਨਾਂ ਤੇ ਘਰਾਂ ’ਚ ਚੋਣ ਪ੍ਰੋਗਰਾਮ ਸਨ। ਭਾਜਪਾ ਦੇ ਸ਼ਹਿਰੀ ਪ੍ਰਧਾਨ ਸਤੀਸ਼ ਗਰਗ ਦੀ ਦੁਕਾਨ ’ਤੇ ਕੀਤੀ ਚੋਣ ਮੀਟਿੰਗ ਦੌਰਾਨ ਕਿਸਾਨਾਂ ਦੀ ਤਿੱਖੀ ਨਾਅਰੇਬਾਜ਼ੀ ਕਾਰਨ ਅਸ਼ੋਕ ਤੰਵਰ ਨੂੰ ਮਾਈਕ ਰਾਹੀਂ ਵੀ ਆਪਣੀ ਗੱਲ ਨੇੜੇ-ਤੇੜੇ ਦੇ ਲੋਕਾਂ ਤੱਕ ਪਹੁੰਚਾਉਣ ਵਿੱਚ ਕਾਫੀ ਪ੍ਰੇਸ਼ਾਨੀ ਹੋਈ। ਕਿਸਾਨਾਂ ਦੇ ਪ੍ਰਦਰਸ਼ਨ ਤੋਂ ਤੰਵਰ ਖਾਸੇ ਖਫ਼ਾ ਦਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਿੰਡ ਘੁੱਕਿਆਂਵਾਲੀ ’ਚ ਅਸ਼ੋਕ ਤੰਵਰ ’ਤੇ ਕਿਸਾਨਾਂ ਦੇ ਸਵਾਲ ਭਾਰੀ ਪਏ ਸਨ। ਕਿਸਾਨ ਆਗੂ ਗੁਰਪ੍ਰੇਮ ਦੇਸੂਜੋਧਾ ਨੇ ਕਿਹਾ ਕਿ ਸਵਾਲਾਂ ਤੋਂ ਭੱਜ ਰਹੇ ਭਾਜਪਾ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਵਾਂਗੇ। ਦੱਸਣਯੋਗ ਹੈ ਕਿ ਭਾਜਪਾ ਦੇ ਉਮੀਦਵਾਰ ਪ੍ਰਿੰਟ ਮੀਡੀਆ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ। ਭਾਜਪਾ ਨੇਤਾਵਾਂ ਅਤੇ ਉਮੀਦਵਾਰ ਦੀਆਂ ਪ੍ਰੈੱਸ ਮਿਲਣੀਆਂ ਸਿਰਫ਼ ਸੋਸ਼ਲ ਮੀਡੀਆ ਨੈੱਟਵਰਕ ਨਾਲ ਜੁੜੇ ਲੋਕਾਂ ਤੱਕ ਸੀਮਤ ਹਨ। ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਸਵਾਲਾਂ ਵਾਂਗ ਪ੍ਰਿੰਟ ਮੀਡੀਆ ਦੇ ਸਵਾਲ ਵੀ ਭਾਜਪਾ ਉਮੀਦਵਾਰਾਂ ਨੂੰ ਔਖੇ ਲੱਗ ਰਹੇ ਹਨ।

Advertisement
Author Image

sukhwinder singh

View all posts

Advertisement
Advertisement
×