ਵਿਰੋਧੀ ਧਿਰ ਨੇ ਫੁੱਟ ਕਾਰਨ ਤਾਕਤ ਗੁਆਈ: ਅਮਰਤਿਆ ਸੇਨ
ਕੋਲਕਾਤਾ, 14 ਅਪਰੈਲ
ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਜੇਤੂ ਅਮਰਤਿਆ ਸੇਨ ਨੇ ਕਿਹਾ ਕਿ ਭਾਰਤ ਵਿੱਚ ਵਿਰੋਧੀ ਧਿਰ ਫੁੱਟ ਕਾਰਨ ਆਪਣੀ ਜ਼ਿਆਦਾਤਰ ਤਾਕਤ ਗੁਆ ਚੁੱਕੀ ਹੈ ਅਤੇ ਕਾਂਗਰਸ ਵਿੱਚ ਕਈ ਜਥੇਬੰਦਕ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੈ। ਸੇਨ ਨੇ ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਜਾਤੀ ਜਨਗਣਨਾ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ, ਪਰ ਭਾਰਤ ਨੂੰ ਬਿਹਤਰ ਸਿੱਖਿਆ ਤੇ ਸਿਹਤ ਸੇਵਾ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ।
ਉੱਘੇ ਅਰਥ ਸ਼ਾਸਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਵਰਗੇ ਜਮਹੂਰੀ ਦੇਸ਼ ਦੇ ਨਾਗਰਿਕ ਹੋਣ ’ਤੇ ‘ਬਹੁਤ ਮਾਣ’ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਗੱਠਜੋੜ ‘ਇੰਡੀਆ’ ਜ਼ਿਆਦਾ ਪਛਾਣ ਬਣਾਉਣ ’ਚ ਨਾਕਾਮ ਰਿਹਾ ਹੈ ਕਿਉਂਕਿ ਜਨਤਾ ਦਲ (ਯੂਨਾਈਟਿਡ) ਅਤੇ ਰਾਸ਼ਟਰੀ ਲੋਕ ਦਲ ਵਰਗੇ ਇਸ ਦੇ ਮੁੱਖ ਸਹਿਯੋਗੀ ਵੱਖ ਹੋ ਗਏ ਹਨ। ਇਹ ਪੁੱਛੇ ਜਾਣ ’ਤੇ ਕਿ ਭਾਜਪਾ ਦਾ ਮੁਕਾਬਲਾ ਕਰਨ ਲਈ ਵਿਰੋਧੀ ਧਿਰ ਵਿੱਚ ਕੀ ਕਮੀ ਹੈ, ਉਨ੍ਹਾਂ ਕਿਹਾ, ‘‘ਭਾਰਤ ਵਿੱਚ ਵਿਰੋਧੀ ਧਿਰ ਨੇ ਫੁੱਟ ਕਾਰਨ ਆਪਣੀ ਜ਼ਿਆਦਾਤਰ ਤਾਕਤ ਗੁਆ ਲਈ ਹੈ। ਏਕਤਾ ਨਾਲ ਉਸ ਨੂੰ ਹੋਰ ਤਾਕਤ ਮਿਲਣੀ ਸੀ।’’ -ਪੀਟੀਆਈ