ਵਿਰੋਧੀ ਨੇਤਾਵਾਂ ਦੇ ਫੋਨ ਨਾਲ ‘ਸਰਕਾਰੀ ਹੈਕਰਾਂ’ ਨੇ ਛੇੜਖਾਨੀ ਕੀਤੀ, ਅਡਾਨੀ ਮਾਮਲੇ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼: ਰਾਹੁਲ ਗਾਂਧੀ
ਨਵੀਂ ਦਿੱਲੀ, 31 ਅਕਤੂਬਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਆਈਫੋਨਾਂ ਨਾਲ ‘ਸਰਕਾਰੀ ਹੈਕਰਾਂ’ ਨੇ ਛੇੜਛਾੜ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਸਭ ਅਡਾਨੀ ਮਾਮਲੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਗੌਤਮ ਅਡਾਨੀ ਦੇਸ਼ 'ਚ ਪਹਿਲੇ ਨੰਬਰ 'ਤੇ ਹੈ ਅਤੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਤਿ ਸ਼ਾਹ ਦਾ ਨੰਬਰ ਆਉਂਦਾ ਹੈ। ਸ੍ਰੀ ਗਾਂਧੀ ਨੇ ਇਹ ਵੀ ਕਿਹਾ ਕਿ ਜਦੋਂ ਵੀ ਅਡਾਨੀ ਨਾਲ ਜੁੜਿਆ ਮਾਮਲਾ ਚੁੱਕਿਆ ਜਾਂਦਾ ਹੈ ਤਾਂ ਏਜੰਸੀਆਂ ਜਾਸੂਸੀ ਕਰਨ ਲੱਗਦੀਆਂ ਹਨ। ਉਨ੍ਹਾਂ ਪੁਰਾਣੀ ਕਹਾਣੀ ਦਾ ਜ਼ਿਕਰ ਕਰਦਿਆਂ ਕਿਹਾ, ‘ਨਰਿੰਦਰ ਮੋਦੀ ਜੀ ਦੀ ਆਤਮਾ ਅਡਾਨੀ ਵਿੱਚ ਹੈ, ਤੋਤਾ ਕਤਿੇ ਬੈਠਾ ਹੈ, ਰਾਜਾ ਕਤਿੇ ਹੋਰ ਬੈਠਾ ਹੈ। ਅਸਲੀਅਤ ਇਹ ਹੈ ਕਿ ਸੱਤਾ ਅਡਾਨੀ ਜੀ ਦੇ ਹੱਥ ਵਿੱਚ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਦਫ਼ਤਰ ਦੇ ਕਈ ਵਿਅਕਤੀਆਂ ਕੇਸੀ ਵੇਣੂਗੋਪਾਲ ਸਣੇ ਕਾਂਗਰਸ ਦੇ ਕੁੱਝ ਨੇਤਾਵਾਂ, ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ, ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਅਤੇ ਕੁਝ ਹੋਰ ਵਿਰੋਧੀ ਨੇਤਾਵਾਂ ਦੇ ਆਈਫੋਨ ‘ਸਰਕਾਰੀ ਹੈਕਰਾਂ’ ਵੱਲੋਂ ਨਿਸ਼ਾਨਾ ਬਣਾਏ ਗਏ ਹਨ।