ਹਰੀ ਭਰੀ ਕੰਪਨੀ ਦੀ ਕਾਰਗੁਜਾਰੀ ’ਤੇ ਵਿਰੋਧੀ ਧਿਰ ਨੇ ਉਠਾਏ ਸਵਾਲ
ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 23 ਅਗਸਤ
ਸ਼੍ਰੋਮਣੀ ਅਕਾਲੀ ਦੱਲ ਪਟਿਆਲਾ ਸ਼ਹਿਰੀ ਦੇ ਸਕੱਤਰ ਜਰਨਲ ਤੇ ਸਾਬਕਾ ਕੌਂਸਲਰ ਰਵਿੰਦਰਪਾਲ ਸਿੰਘ ਜੌਨੀ ਕੋਹਲੀ ਤੇ ਨਗਰ ਨਿਗਮ ਦੀ ਇੱਕੋ ਇੱਕ ਅਕਾਲੀ ਕੌਂਸਲਰ ਤੇ ਨਿਗਮ ’ਚ ਵਿਰੋਧੀ ਧਿਰ ਦੀ ਆਗੂ ਬੀਬੀ ਰਮਨਪ੍ਰੀਤ ਕੌਰ ਕੋਹਲੀ ਨੇ ਹਰੀ ਭਰੀ ਕੰਪਨੀ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦਿਆਂ ਲੋਕਾਂ ਦੀ ਸਹੂਲਤ ਲਈ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ। ਵਿਰੋਧੀ ਧਿਰ ਦੀ ਕੌਂਸਲਰ ਤੇ ਅਕਾਲੀ ਆਗੂ ਨੇ ਆਖਿਆ ਹੈ ਕਿ ਸਭ ਤੋਂ ਪਹਿਲਾਂ ਹਰੀ ਭਰੀ ਕੰਪਨੀ ਇਹ ਜਨਤਕ ਕਰੇ ਕਿ ਪਟਿਆਲਾ ਸ਼ਹਿਰ ’ਚ ਅੰਦਾਜ਼ਨ ਇੱਕ ਲੱਖ ਤੋਂ ਵੱਧ ਘਰਾਂ ਤੇ ਦੁਕਾਨਾਂ ਆਦਿ ਤੋਂ ਕੰਪਨੀ ਵੱਲੋਂ ਕੂੜਾ ਇਕੱਤਰ ਕਰਨ ਲਈ ਜੋ ਟੈਗਿੰਗ ਕੀਤੀ ਜਾਣੀ ਸੀ, ਉਸ ਵਿੱਚੋਂ ਕਿੰਨੀਆਂ ਪਲੇਟਾਂ ਲਗਾਈਆਂ ਗਈਆਂ ਜਾ ਚੁੱਕੀਆਂ ਹਨ? ਤੇ ਕਿੰਨੀਆਂ ਹਾਲੇ ਅੱਧ ਵਿਚਾਲੇ ਹਨ? ਉਨ੍ਹਾਂ ਕਿਹਾ ਕਿ ਸਵਾ ਸਾਲ ਤੋਂ ਵੱਧ ਠੇਕਾ ਮਿਲਣ ਦੇ ਬਾਵਜੂਦ ਕੰਪਨੀ ਨੇ ਹਾਲੇ ਤੀਜਾ ਹਿੱਸਾ ਵੀ ਘਰਾਂ ’ਚ ਬਾਇਓ ਮੈਟਰਿਕ ਪਲੇਟਾਂ ਨਹੀ ਲਗਾਈਆਂ ਤੇ ਕੂੜਾ ਵੀ ਮਰਜ਼ੀ ਨਾਲ ਚੁੱਕਿਆ ਜਾ ਰਿਹਾ ਹੈ।
ਅਕਾਲੀ ਆਗੂਆਂ ਲਿਖਤੀ ਬਿਆਨ ’ਚ ਦੋਸ਼ ਲਾਇਆ ਕਿ ਇਹ ਕੰਪਨੀ ਵਾਲੇ ਮਹੀਨੇ ਦੇ ਪੈਸੇ ਇਕੱਤਰ ਕਰਨ ਤੋਂ ਬਾਅਦ ਕਈਂ ਕਈਂ ਦਿਨ ਕੂੜਾ ਚੁੱਕਣ ਲਈ ਨਹੀਂ ਆਉਂਦੇ, ਜਿਸ ਨਾਲ ਸ਼ਹਿਰੀਆਂ ’ਚ ਕੰਪਨੀ ਖ਼ਿਲਾਫ਼ ਰੋਸ ਹੈ। ਜਦੋਂ ਤੱਕ ਇਹ ਕੰਪਨੀ ਇਕਰਾਰਨਾਮੇ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦੀ ਉਦੋਂ ਤੱਕ ਨਿਗਮ ਪ੍ਰਸ਼ਾਸਨ ਇਸ ਕੰਪਨੀ ਨੂੰ ਨਾ ਹੀ ਕੂੜਾ ਚੁੱਕਣ ਦੀ ਇਜ਼ਾਜਤ ਦੇਵੇ ਤੇ ਨਾ ਹੀ ਪੈਸੇ ਇਕੱਤਰਨ ਦਾ ਅਧਿਕਾਰ ਦੇਵੇ। ਨਿਗਮ ਦੱਸੇ ਕਿ ਕੰਮ ਨੂੰ ਸਹੀ ਢੰਗ ਨਾਲ ਨਾ ਕਰਨ ਦੀ ਸੂਰਤ ’ਚ ਇਸ ਕੰਪਨੀ ’ਤੇ ਕੀ ਕਾਰਵਾਈ ਕਰੇਗੀ। ਦੋਵੇਂ ਆਗੂਆਂ ਨੇ ਦੱਸਿਆ ਕਿ ਕੰਪਨੀ ਕੋਲ ਨਾ ਹੀ ਟੈਂਡਰ ਮੁਤਾਬਕ ਲੋੜੀਂਦੇ ਟਰੱਕ ਉਪਲਬੱਧ ਹਨ ਤੇ ਉਹ ਸ਼ਰਤਾ ਤਹਿਤ ਜੀਪੀਐੱਸ ਪ੍ਰਣਾਲੀ ਤੋਂ ਵੀ ਸੱਖਣੇ ਹਨ।
ਉਧਰ ਕੰਪਨੀ ਦੇ ਡਾਇਰੈਕਟਰ ਸਤਿਨਾਮ ਸਿੰਘ ਨੇ ਦੱਸਿਆ ਕਿ ਨਿਗਮ ਨਾਲ ਟੈਂਡਰ ਵੇਲੇ ਜੋ ਸ਼ਰਤਾਂ ਤੈਅ ਕੀਤੀਆਂ ਸਨ, ਨੂੰ ਪੜਾਅਵਾਰ ਮੁਕੰਮਲ ਕੀਤਾ ਜਾ ਰਿਹਾ ਹੈ। ਨਵੰਬਰ ਤੱਕ ਸ਼ਹਿਰ ਦੇ ਸਾਰੇ ਘਰਾਂ ਅੱਗੇ ਬਾਇਓ ਮੈਟਰਿਕ ਪਲੇਟ ਲਾ ਕੇ ਜੀਪੀਐਸ ਸਿਸਟਮ ਦੀ ਸਹੂਲਤ ਨਾਲ ਜੋੜ ਦਿੱਤਾ ਜਾਵੇਗਾ। ਉਨ੍ਹਾਂ ਇਸ ਗੱਲੋ ਇਨਕਾਰ ਕੀਤਾ ਕਿ ਨਿਗਮ ਨੇ ਕੰਮ ਦੇ ਮਾਮਲੇ ’ਤੇ ਕਦੇ ਕੰਪਨੀ ਨੂੰ ਕੋਈ ਚਿਤਾਵਨੀ ਦਿੱਤੀ ਹੈ।