ਸਲੇਮਪੁਰ ਵਾਸੀਆਂ ਵੱਲੋਂ ਵੋਟਾਂ ਗੁਆਂਢੀ ਪਿੰਡ ਵਿੱਚ ਬਣਾਉਣ ਦਾ ਵਿਰੋਧ
ਚਰਨਜੀਤ ਸਿੰਘ ਢਿੱਲੋਂ/ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 12 ਅਕਤੂਬਰ
ਸਿੱਧਵਾਂ ਬੇਟ ਕੋਲ ਪਿੰਡ ਸਲੇਮਪੁਰ ਦੇ ਵਸਨੀਕਾਂ ਵੱਲੋਂ ਆਪਣੀਆਂ ਵੋਟਰ ਸੂਚੀਆਂ ਵਿੱਚ ਹੋਈ ਗੜਬੜ ਦੇ ਵਿਰੋਧ ਵਿੱਚ ਅੱਜ ਸਿੱਧਵਾਂ ਬੇਟ-ਜਗਰਾਉਂ ਮਾਰਗ ’ਤੇ ਧਰਨਾ ਲਾ ਕੇ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪਿੰਡ ਬਲਾਕ ਸਿੱਧਵਾਂ ਬੇਟ, ਹਲਕਾ ਦਾਖਾ ਤੇ ਉਪ-ਮੰਡਲ ਜਗਰਾਉਂ ਦੇ ਅਧਿਕਾਰ ਖੇਤਰ ’ਚ ਹੈ, ਉਨ੍ਹਾਂ ਦੋਸ਼ ਲਾਇਆ ਕਿ ਹਾਈਕੋਰਟ ਦੇ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਦੇ ਪਿੰਡ ਦੀ ਵਾਰਡਬੰਦੀ ਹੋਈ ਹੈ, ਪਰ ਹੁੱਣ ਆਈਆਂ ਨਵੀਆਂ ਲਿਸਟਾਂ ’ਚ ਉਨ੍ਹਾਂ ਦੇ ਪਿੰਡ ਦੀਆਂ 700 ਵੋਟਾਂ ਦੂਸਰੇ ਪਿੰਡ ਸਲੇਮਪੁਰ ਟਿੱਬਾ ’ਚ ਤਬਦੀਲ ਕਰ ਦਿੱਤੀਆਂ ਗਈਆਂ ਹਨ।
ਪਿਛਲੇ 17 ਦਿਨਾਂ ਤੋਂ ਪਭਾਵਿਤ ਪਿੰਡ ਵਾਸੀ ਪ੍ਰਸ਼ਾਸਨ ਦੀ ਇਸ ਗਲਤੀ ਨੂੰ ਠੀਕ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਮਿਲ ਰਹੇ ਹਨ, ਪਰ ਹਾਲੇ ਤੱਕ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਹੈ। ਇਸ ਤਬਦੀਲੀ ਨਾਲ ਜਿੱਥੇ ਪੰਚਾਇਤੀ ਚੋਣਾਂ ਦੀਆਂ ਸਮੀਕਰਨਾਂ ਬਦਲੀਆਂ ਹਨ, ਉੱਥੇ ਵੋਟਰਾਂ ਲਈ ਵੀ ਪ੍ਰੇਸ਼ਾਨ ਖੜ੍ਹੀ ਹੋ ਗਈ ਹੈ। ਪਿੰਡ ਵਾਸੀਆਂ ਨੇ ਰੋਸ ਜ਼ਾਹਰ ਕਰਦਿਆਂ ਮੰਗ ਕੀਤੀ ਹੈ ਕਿ ਤੁਰੰਤ ਵੋਟਾਂ ਦੀ ਸੁਧਾਈ ਕੀਤੀ ਜਾਵੇ ਤੇ ਜੇਕਰ ਇਹ ਸੁਧਾਈ ਨਹੀਂ ਕੀਤੀ ਜਾਂਦੀ ਤਾਂ ਉਨ੍ਹਾਂ ਵੱਲੋਂ ਚੋਣਾਂ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਚੋਣ ਅਮਲੇ ਨੂੰ ਵੀ ਪਿੰਡ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
ਕੀ ਕਹਿੰਦੇ ਨੇ ਅਧਿਕਾਰੀ
ਇਸ ਸਬੰਧ ਵਿੱਚ ਜਦੋਂ ਉਪ-ਮੰਡਲ ਮੈਜਿਸਟਰੇਟ ਦਫ਼ਤਰ ਨਾਲ ਸਪੰਰਕ ਕੀਤਾ ਤਾਂ ਉਨ੍ਹਾਂ ਆਖਿਆ ਕਿ ਇਸ ਵਾਰ ਵੋਟਾਂ ਉਕਤ ਲਿਸਟਾਂ ਦੇ ਆਧਾਰ ’ਤੇ ਹੀ ਪੈਣਗੀਆਂ ਅਤੇ 15 ਅਕਤੂਬਰ ਤੋਂ ਬਾਅਦ ਹੀ ਸੁਧਾਈ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਦੂਜੇ ਪਾਸੇ ਸਬੰਧਤ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਨੇ ਪਿੰਡ ਵਾਸੀਆਂ ਨਾਲ ਰਾਬਤਾ ਕਾਇਮ ਕਰਕੇ ਬੀਐੱਲਓ ਤੋਂ ਪਹਿਲਾ ਬਣੀਆਂ ਲਿਸਟਾਂ ਦੀ ਮੰਗ ਕੀਤੀ ਹੈ ਅਤੇ ਪਿੰਡ ਵਾਸੀਆਂ ਨੂੰ 13 ਅਕਤੂਬਰ ਬਾਅਦ ਦੁਪਾਹਿਰ ਤੱਕ ਉਡੀਕ ਕਰਨ ਲਈ ਆਖਿਆ ਹੈ।