ਕਾਂਗਰਸੀ ਵਰਕਰਾਂ ਵੱਲੋਂ ਆਪਣੀ ਹੀ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ
ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਅਪਰੈਲ
ਦਿੱਲੀ ਪ੍ਰਦੇਸ਼ ਕਾਂਗਰਸ ਦੇ ਆਗੂ ਅੱਜ ਦਿੱਲੀ ਦੀਆਂ 3 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਨਾਲ ਮੀਡੀਆ ਅੱਗੇ ਆਏ ਤੇ ਆਪਣੇ ਏਜੰਡੇ ਪੇਸ਼ ਕੀਤੇ। ਇਸੇ ਦੌਰਾਨ ਕਾਂਗਰਸੀ ਉਮੀਦਵਾਰਾਂ ਦਾ ਕੁੱਝ ਕਾਂਗਰਸੀ ਕਾਰਕੁਨ ਹੋਣ ਦਾ ਦਾਅਵਾ ਕਰਦੇ ਲੋਕਾਂ ਦੇ ਗੁਰੱਪ ਨੇ ਇਹ ਆਖ ਕੇ ਵਿਰੋਧ ਕੀਤਾ ਕਿ ‘ਬਾਹਰਲੇ’ ਉਮੀਦਵਾਰਾਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਦਫ਼ਤਰ ਵਿੱਚ ਨਾਹਰੇ ਲਾਉਂਦੇ ਹੋਏ ਲੋਕਾਂ ਨੇ ਦੱਸਿਆ ਕਿ ਕਨ੍ਹਈਆ ਕੁਮਾਰ ਬਾਹਰੀ ਹਨ ਤੇ ਉਦਿਤ ਰਾਜ ਭਾਜਪਾ ਤੋਂ ਛਾਲ ਮਾਰ ਕੇ ਕਾਂਗਰਸ ਵਿੱਚ ਆਏ ਹਨ। ਇੱਥੇ ਅੱਜ ਸੂਬਾ ਦਫ਼ਤਰ ’ਚ ਸੂਬਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਦੀ ਹਾਜ਼ਰੀ ’ਚ ਉਮੀਦਵਾਰਾਂ ਕਨ੍ਹਈਆ ਕੁਮਾਰ (ਉੱਤਰੀ ਪੂਰਬੀ ਦਿੱਲੀ), ਜੈ ਪ੍ਰਕਾਸ਼ ਅਗਰਵਾਲ (ਚਾਂਦਨੀ ਚੌਕ) ਤੇ ਉੱਤਰ ਪੱਛਮੀ ਦਿੱਲੀ ਤੋਂ ਉਦਿਤ ਰਾਜ ਦੀ ਜਾਣ-ਪਛਾਣ ਕਰਵਾਈ ਗਈ। ਡਾ. ਉਦਿਤ ਰਾਜ 2014 ਵਿੱਚ ਉੱਤਰ ਪੱਛਮੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ ਤੇ ਉੱਤਰ ਪੂਰਬ ਲੋਕ ਸਭਾ ਸੀਟ ਤੋਂ ਉਮੀਦਵਾਰ ਬਣੇ ਕਨ੍ਹਈਆ ਕੁਮਾਰ ਜੇਐਨਯੂ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਰਹੇ ਹਨ ਅਤੇ ਭਾਜਪਾ ਦੀ ਤਾਨਾਸ਼ਾਹੀ ਵਿਰੁੱਧ ਵਿਰੋਧੀ ਧਿਰ ਦੀ ਲੜਾਈ ਲੜ ਰਹੇ ਹਨ। ਕਨ੍ਹਈਆ ਕੁਮਾਰ ਨੇ ਕਿਹਾ ਕਿ ਗਠਜੋੜ ਸਮਝੌਤੇ ਅਨੁਸਾਰ ਕਾਂਗਰਸ ਰਾਜਧਾਨੀ ਦੀਆਂ ਤਿੰਨ ਸੀਟਾਂ ’ਤੇ ਚੋਣ ਲੜ ਰਹੀ ਹੈ, ਜਿਨ੍ਹਾਂ ਵਿੱਚੋਂ ਉਨ੍ਹਾਂ ਨੂੰ ਉੱਤਰ ਪੂਰਬੀ ਦਿੱਲੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਮਹਿੰਗਾਈ ਲੋਕਾਂ ਦਾ ਜਿਊਣਾ ਮੁਹਾਲ ਕਰ ਰਹੀ ਹੈ, ਬੇਰੁਜ਼ਗਾਰੀ ਇਤਿਹਾਸਕ ਰਿਕਾਰਡ ਤੋੜ ਰਹੀ ਹੈ, ਅਮੀਰ ਅਤੇ ਗਰੀਬ ਦਾ ਪਾੜਾ ਦਿਨੋਂ-ਦਿਨ ਵਧਣ ਕਾਰਨ ਜੀਡੀਪੀ ਵਿੱਚ ਪ੍ਰਤੀ ਵਿਅਕਤੀ ਹਿੱਸਾ ਘਟਦਾ ਜਾ ਰਿਹਾ ਹੈ, ਲੋਕਾਂ ਦੀ ਰੋਜ਼ਮਰ੍ਹਾ ਦੀਆਂ ਵਸਤਾਂ ਖਰੀਦਣ ਦੀ ਸ਼ਕਤੀ ਕਮਜ਼ੋਰ ਹੋ ਰਹੀ ਹੈ। ਕਾਂਗਰਸੀ ਕਾਰਕੁਨਾਂ ਨੇ ਉਮੀਦਵਾਰਾਂ ਦਾ ਕਾਫ਼ੀ ਵਿਰੋਧ ਕੀਤਾ ਅਤੇ ਹਾਈ ਕਮਾਂਡ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।