ਸੀਏਏ ਵਿਰੁੱਧ ਅਫ਼ਵਾਹਾਂ ਫੈਲਾ ਰਿਹਾ ਹੈ ਵਿਰੋਧੀ ਗੱਠਜੋੜ: ਮੋਦੀ
ਕੂਚ ਬਿਹਾਰ (ਪੱਛਮੀ ਬੰਗਾਲ), 4 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖ਼ਿਲਾਫ਼ ਝੂਠੀਆਂ ਅਫਵਾਹਾਂ ਫੈਲਾਉਣ ਲਈ ਵਿਰੋਧੀ ਗੱਠਜੋੜ ‘ਇੰਡੀਆ’ ਦੀ ਆਲੋਚਨਾ ਕਰਦਿਆਂ ਕਿਹਾ ਕਿ ‘ਭਾਰਤ ਮਾਤਾ’ ਵਿੱਚ ਆਸਥਾ ਰੱਖਣ ਵਾਲਿਆਂ ਨੂੰ ਨਾਗਰਿਕਤਾ ਦੇਣਾ ਮੋਦੀ ਦੀ ਗਾਰੰਟੀ ਹੈ। ਪੱਛਮੀ ਬੰਗਾਲ ਦੇ ਕੂਚ ਬਿਹਾਰ ਦੇ ਰਾਸ ਮੇਲਾ ਮੈਦਾਨ ’ਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਲੱਗੀਆਂ ਵਿਰੋਧੀ ਧਿਰਾਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ ਅਤੇ ਆਉਂਦੇ ਪੰਜ ਸਾਲਾਂ ਦੌਰਾਨ ਅਜਿਹੇ ਲੋਕਾਂ ਖ਼ਿਲਾਫ਼ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੋਦੀ ਨੇ ਕਿਹਾ, ‘‘ਉਨ੍ਹਾਂ (ਇੰਡੀਆ ਗੱਠਜੋੜ) ਨੇ ਕਦੇ ਵੀ ਹਾਸ਼ੀਆਗਤ ਭਾਈਚਾਰਿਆਂ ਦੀ ਪਰਵਾਹ ਨਹੀਂ ਕੀਤੀ। ਟੀਐਮਸੀ, ਖੱਬੇ ਪੱਖੀ ਅਤੇ ਕਾਂਗਰਸ ਨੇ ਕਦੇ ਵੀ ਰਾਜਬੰਸ਼ੀ, ਨਮਸੂਦਰ ਅਤੇ ਮਤੂਆ ਭਾਈਚਾਰਿਆਂ ਦੀ ਪਰਵਾਹ ਨਹੀਂ ਕੀਤੀ। ਹੁਣ ਜਦੋਂ ਅਸੀਂ ਸੀਏਏ ਲਿਆਏ ਹਾਂ ਤਾਂ ਉਹ ਅਫਵਾਹਾਂ ਅਤੇ ਝੂਠ ਫੈਲਾ ਰਹੇ ਹਨ। ਭਾਰਤ ਮਾਤਾ ’ਤੇ ਆਸਥਾ ਰੱਖਣ ਵਾਲਿਆਂ ਨੂੰ ਨਾਗਰਿਕਤਾ ਦੇਣਾ ਮੋਦੀ ਦੀ ਗਾਰੰਟੀ ਹੈ।’’ ਇੰਡੀਆ ’ਤੇ ਨਿਸ਼ਾਨਾ ਸੇਧਦਿਆਂ ਮੋਦੀ ਨੇ ਕਿਹਾ, ‘‘ਵਿਰੋਧੀ ਗੱਠਜੋੜ ਝੂਠ ਅਤੇ ਧੋਖੇ ਦੀ ਸਿਆਸਤ ’ਚ ਰੁੱਝਿਆ ਹੋਇਆ ਹੈ।’’ ਉਨ੍ਹਾਂ ਕਿਹਾ, ‘‘ਮੈਂ ਕਹਿ ਰਿਹਾ ਹਾਂ ਭ੍ਰਿਸ਼ਟਾਚਾਰ ਹਟਾਓ। ਵਿਰੋਧੀ ਕਹਿ ਰਹੇ ਹਨ ਕਿ ਭ੍ਰਿਸ਼ਟਾਚਾਰੀਆਂ ਨੂੰ ਬਚਾਓ। ਮੈਂ ਯਕੀਨੀ ਬਣਾਵਾਂਗਾ ਕਿ ਭ੍ਰਿਸ਼ਟਾਚਾਰੀਆਂ ਨੂੰ ਸਜ਼ਾ ਮਿਲੇ ਅਤੇ ਗਰੀਬਾਂ ਨੂੰ ਨਿਆਂ। ਅਗਲੇ ਪੰਜ ਸਾਲਾਂ ’ਚ ਭ੍ਰਿਸ਼ਟਾਚਾਰੀਆਂ ਵਿਰੁੱਧ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ।’’ ਸੰਦੇਸ਼ਖਲੀ ਦੀਆਂ ਤਾਜ਼ਾ ਘਟਨਾਵਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਟੀਐਮਸੀ ਆਗੂਆਂ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ ਸਾਹਮਣੇ ਆਏ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਸੰਦੇਸ਼ਖਲੀ ਦੇ ਦੋਸ਼ੀ ਆਪਣੀ ਬਾਕੀ ਦੀ ਜ਼ਿੰਦਗੀ ਜੇਲ੍ਹ ਵਿੱਚ ਬਿਤਾਉਣਗੇ।
ਰੈਲੀ ’ਚ ਕੋਈ ਅੜਚਨ ਪੈਦਾ ਨਾ ਕਰਨ ਲਈ ਉਨ੍ਹਾਂ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸੂਬਾ ਸਰਕਾਰ ਦਾ ਨਿਵੇਕਲੇ ਢੰਗ ਨਾਲ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ, ‘‘ਮੈਂ ਮਮਤਾ ਦੀਦੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। 2019 ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਦੋਂ ਮੈਂ ਇੱਕ ਰੈਲੀ ਨੂੰ ਸੰਬੋਧਨ ਕਰਨ ਲਈ ਇਸੇ ਮੈਦਾਨ ਵਿੱਚ ਆਇਆ ਸੀ, ਤਾਂ ਉਨ੍ਹਾਂ ਨੇ ਮੈਦਾਨ ਨੂੰ ਛੋਟਾ ਕਰਨ ਲਈ ਇਸ ਦੇ ਵਿਚਕਾਰ ਇੱਕ ਪਲੇਟਫਾਰਮ ਬਣਾਇਆ ਸੀ। ਉਸ ਸਮੇਂ ਮੈਂ ਲੋਕਾਂ ਨੂੰ ਇਸ ਦਾ ਜਵਾਬ ਦੇਣ ਲਈ ਕਿਹਾ ਸੀ। ਉਨ੍ਹਾਂ ਨੇ ਚੋਣਾਂ ਵਿੱਚ ਜਵਾਬ ਦਿੱਤਾ ਸੀ। ਬੀਜੇਪੀ ਨੇ 2019 ਵਿੱਚ ਕੂਚ ਬਿਹਾਰ ਲੋਕ ਸਭਾ ਸੀਟ ਜਿੱਤੀ ਸੀ। ਮੈਂ ਕੋਈ ਰੁਕਾਵਟ ਖੜ੍ਹੀ ਨਾ ਕਰਨ ਲਈ ਬੰਗਾਲ ਸਰਕਾਰ ਦਾ ਧੰਨਵਾਦ ਕਰਦਾ ਹਾਂ।’’ -ਪੀਟੀਆਈ
ਐੱਨਡੀਏ ਭਾਈਵਾਲਾਂ ਵੱਲੋਂ ਇਕਜੁੱਟਤਾ ਦਾ ਪ੍ਰਗਟਾਵਾ
ਬਿਹਾਰ ਦੇ ਜਮੂਈ ਸੰਸਦੀ ਖੇਤਰ ’ਚ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਭਾਜਪਾ ਦੀ ਅਗਵਾਈ ਹੇਠਲੇ ਸੂਬੇ ’ਚ ਸੱਤਾਧਾਰੀ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਦੇ ਆਗੁੁੂਆਂ ਨੇ ਪਹੁੰਚ ਕੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਭਾਜਪਾ ਅਤੇ ਭਾਈਵਾਲ ਪਾਰਟੀਆਂ ’ਚ ਸੀਟਾਂ ਦੀ ਵੰਡ ਤਹਿਤ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਉਮੀਦਵਾਰ ਅਰੁਣ ਭਾਰਤੀ ਦੇ ਪੱਖ ’ਚ ਕੀਤੀ ਗਈ ਪ੍ਰਧਾਨ ਮੰਤਰੀ ਦੀ ਇਸ ਰੈਲੀ ਦੌਰਾਨ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਮੁਖੀ ਨਿਤੀਸ਼ ਕੁਮਾਰ ਵੀ ਹਾਜ਼ਰ ਸਨ। ਇਸ ਮੌਕੇ ਮੌਜੂਦਾ ਲੋਕ ਜਨ ਸ਼ਕਤੀ ਪਾਰਟੀ (ਰਾਮਵਿਲਾਸ) ਦੇ ਮੁਖੀ ਚਿਰਾਗ ਪਾਸਵਾਨ ਨੇ ਆਪਣੇ ਸੰਬੋਧਨ ਵਿੱਚ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਆਪਣੀ ਪਹਿਲੀ ਰੈਲੀ ਲਈ ਉਸ ਸੀਟ ਨੂੰ ਚੁਣਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਜਿਸ ’ਤੇ ਉਨ੍ਹਾਂ ਦੀ ਪਾਰਟੀ ਦਾ ਉਮੀਦਵਾਰ ਲੜ ਰਿਹਾ ਹੈ। ਰੈਲੀ ’ਚ ਭਾਜਪਾ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ, ਵਿਜੈ ਕੁਮਾਰ ਸਿਨਹਾ ਅਤੇ ਰਾਸ਼ਟਰੀ ਲੋਕ ਮੋਰਚਾ ਦੇ ਮੁਖੀ ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਵੀ ਮੌਜੂਦ ਸਨ।