ਖਿਜ਼ਰਾਬਾਦ ਵਾਸੀਆਂ ਵੱਲੋਂ ਸਾਂਝੇ ਉਮੀਦਵਾਰਾਂ ਨੂੰ ਮੌਕਾ
ਮਿਹਰ ਸਿੰਘ
ਕੁਰਾਲੀ, 16 ਅਕਤੂਬਰ
ਪਿੰਡ ਖਿਜ਼ਰਾਬਾਦ ਦੀ ਪੰਚਾਇਤ ਚੋਣ ਦੇ ਨਤੀਜੇ ਇਸ ਵਾਰ ਵੀ ਰੌਚਕ ਰਹੇ ਹਨ। ਪਿੰਡ ਵਾਸੀਆਂ ਨੇ ਇਸ ਵਾਰ ਕਿਸੇ ਇੱਕ ਸਿਆਸੀ ਪਾਰਟੀ ਦੀ ਥਾਂ ਸਾਂਝੇ ਉਮੀਦਵਾਰਾਂ ਨੂੰ ਪਿੰਡ ਦੀ ਵਾਗਡੋਰ ਸੌਂਪੀ ਹੈ। ਪਿੰਡ ਦੀ ਉੱਪਰਲੀ ਪੱਤੀ ਦੇ ਸਰਪੰਚ ਦੀ ਚੋਣ ਵਿੱਚ ਕਾਂਗਰਸ ਪੱਖੀ ਉਮੀਦਵਾਰ ਨਵੀਨ ਬਾਂਸਲ ਦਾ ਮੁਕਾਬਲਾ ਸਰਬ ਸਾਂਝੇ ਉਮੀਦਵਾਰ ਰਾਣਾ ਨਿਰਪਾਲ ਗੋਗਲੀ ਨਾਲ ਸੀ। ਨਵੀਨ ਬਾਂਸਲ ਨੂੰ ਜਿੱਥੇ ਕਾਂਗਰਸੀਆਂ ਦਾ ਸਮਰਥਨ ਸੀ ਉੱਥੇ ਨਿਰਪਾਲ ਗੋਗਲੀ ਨੂੰ ‘ਆਪ’ ਦੇ ਆਗੂ ਰਾਣਾ ਕੁਸ਼ਲਪਾਲ, ਅਕਾਲੀ ਆਗੂਆਂ ਹਰਦੀਪ ਸਿੰਘ ਤੇ ਮਨਦੀਪ ਸਿੰਘ ਦਾ ਸਮਰਥਨ ਹਾਸਲ ਸੀ। ਫਸਵੇਂ ਮੁਕਾਬਲੇ ਵਿੱਚ ਰਾਣਾ ਨਿਰਪਾਲ ਗੋਗਲੀ 33 ਵੋਟਾਂ ਦੇ ਅੰਤਰ ਨਾਲ ਜਿੱਤਣ ਵਿੱਚ ਸਫ਼ਲ ਰਿਹਾ। ਉੱਪਰਲੀ ਪੱਤੀ ਦੇ ਪੰਚਾਂ ਦੀ ਚੋਣ ਵਿੱਚ ਜਸਵੀਰ ਕੌਰ 3 ਵੋਟਾਂ ਨਾਲ, ਰਣਜੀਤ ਸਿੰਘ 68 ਵੋਟਾਂ ਨਾਲ, ਮਲਕੀਤ ਕੌਰ 49 ਵੋਟਾਂ ਨਾਲ, ਨਿਸ਼ਾ ਰਾਣੀ ਤੇ ਮਨਜੀਤ ਕੌਰ 22 ਵੋਟਾਂ ਨਾਲ ਅਤੇ ਰੁਪਿੰਦਰ ਕੌਰ 19 ਵੋਟਾਂ ਨਾਲ ਜੇਤੂ ਰਹੇ। ਪਿੰਡ ਦੀ ਹੇਠਲੀ ਪੱਤੀ ਦੀ ਸਰਪੰਚ ਦੀ ਚੋਣ ਵਿੱਚ ਹਰਜੀਤ ਕੌਰ ਨੇ ਜਿੱਤ ਦਰਜ ਕੀਤੀ ਹੈ। ਹਰਜੀਤ ਕੌਰ ਦਾ ਪਰਿਵਾਰ ਭਾਵੇਂ ਕਾਂਗਰਸ ਪੱਖੀ ਹੈ ਪਰ ਉਸ ਨੂੰ ਵੀ ਸਾਂਝੇ ਮੋਰਚੇ ਦੀ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। ਇਸ ਚੋਣ ਵਿੱਚ ਹਰਜੀਤ ਕੌਰ ਨੇ ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਨੂੰ ਚਿੱਤ ਕਰਦਿਆਂ 82 ਵੋਟਾਂ ਦੇ ਅੰਤਰ ਨਾਲ ਪਿੰਡ ਦੀ ਸਰਪੰਚੀ ਹਾਸਲ ਕੀਤੀ ਹੈ।
ਚਮਕੌਰ ਸਾਹਿਬ ਬਲਾਕ ਦੇ 51 ਪਿੰਡਾਂ ’ਚ ਸਰਪੰਚ ਚੁਣੇ
ਚਮਕੌਰ ਸਾਹਿਬ (ਸੰਜੀਵ ਬੱਬੀ): ਚਮਕੌਰ ਸਾਹਿਬ ਬਲਾਕ ਦੇ 51 ਪਿੰਡਾਂ ਵਿੱਚ ਸਰਪੰਚ ਦੀ ਚੋਣ ਹੋਈ। ਐਸਡੀਐਮ ਦਫਤਰ ਵੱਲੋਂ ਜਾਰੀ ਚੋਣ ਨਤੀਜਿਆਂ ਅਨੁਸਾਰ ਇਨ੍ਹਾਂ ਪਿੰਡਾਂ ਵਿੱਚ ਸਰਪੰਚੀ ਦੇ ਅਹੁਦੇ ਲਈ ਜਨਰਲ ਕੈਟਾਗਰੀ ਦੇ 18, ਅਨੁਸੂਚਿਤ ਜਾਤੀ ਸ਼੍ਰੇਣੀ ਦੇ 9,ਅਨਸੂਚਿਤ ਜਾਤੀ ਔਰਤਾਂ 9 ਅਤੇ 15 ਔਰਤਾਂ ਲਈ ਰਾਖਵੀਆਂ ਸੀਟਾਂ ’ਤੇ ਚੋਣ ਲੜੀ ਗਈ। ਇਨ੍ਹਾਂ ਪਿੰਡਾਂ ਦੇ ਜੇਤੂ ਸਰਪੰਚਾਂ ਵਿੱਚ ਪਿੰਡ ਬਲਰਾਮਪੁਰ (ਜਨਰਲ) ਤੋਂ ਸਰਪੰਚ ਜਸਪਾਲ ਸਿੰਘ, ਪਿੰਡ ਬਰਸਾਲਪੁਰ (ਜਨਰਲ) ਕੁਲਵਿੰਦਰ ਸਿੰਘ, ਪਿੰਡ ਬਸੀ ਗੁੱਜਰਾਂ (ਜਨਰਲ) ਵਿਜੇ ਕੁਮਾਰ, ਪਿੰਡ ਵਜੀਦਪੁਰ (ਜਨਰਲ ) ਬਲਜੀਤ ਸਿੰਘ, ਪਿੰਡ ਬਹਿਰਾਮਪੁਰ ਬੇਟ (ਔਰਤਾਂ) ਰਾਜਵੰਤ ਕੌਰ, ਕਸਬਾ ਬੇਲਾ (ਐਸਸੀ) ਜਤਿੰਦਰ ਸਿੰਘ, ਪਿੰਡ ਭਲਿਆਣ (ਜਨਰਲ) ਸਤਬੀਰ ਸਿੰਘ, ਪਿੰਡ ਭਾਓਵਾਲ (ਔਰਤਾਂ) ਬਲਵੀਰ ਕੌਰ, ਪਿੰਡ ਡੱਲਾ (ਅਨੁਸੂਚਿਤ ਜਾਤੀ) ਹਰਬੰਸ ਸਿੰਘ, ਪਿੰਡ ਦਉਦਪੁਰ ਕਲਾਂ ( ਐਸਸੀ ਔਰਤਾਂ) ਬਲਜੀਤ ਕੌਰ, ਪਿੰਡ ਡਹਿਰ (ਔਰਤਾਂ) ਸਤਵਿੰਦਰ ਕੌਰ, ਪਿੰਡ ਧੌਲਰਾਂ (ਐਸਸੀ ਔਰਤਾਂ) ਹਰਦੀਪ ਕੌਰ, ਪਿੰਡ ਧੁੰਮੇਵਾਲ (ਐਸਸੀ ਔਰਤਾਂ) ਕਮਲਾ ਦੇਵੀ, ਪਿੰਡ ਦੁਗਰੀ (ਔਰਤਾਂ ) ਕਰਮਜੀਤ ਕੌਰ, ਪਿੰਡ ਫਰੀਦ (ਐਸਸੀ ਔਰਤਾਂ) ਰਣਜੀਤ ਕੌਰ, ਪਿੰਡ ਫਤਿਹਪੁਰ (ਔਰਤਾਂ) ਦਰਸ਼ਨ ਕੌਰਸਰਪੰਚ ਚੁਣੇ ਗਏ।
ਅਮਲੋਹ ਹਲਕੇ ’ਚ 25 ਅਕਾਲੀ ਪੱਖੀ ਪੰਚਾਇਤਾਂ ਬਣੀਆਂ: ਰਾਜੂ ਖੰਨਾ
ਅਮਲੋਹ (ਰਾਮ ਸਰਨ ਸੂਦ): ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ‘ਆਪ’ ਦੀ ਸਰਕਾਰ ਅਤੇ ਹਲਕਾ ਅਮਲੋਹ ਦੇ ਵਿਧਾਇਕ ਵੱਲੋਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ 25 ਦੇ ਕਰੀਬ ਸਰਪੰਚਾਂ ਅਤੇ 50 ਦੇ ਕਰੀਬ ਪੰਚਾਂ ਦੇ ਕਾਗਜ਼ ਰੱਦ ਕਰਵਾ ਕੇ ਲੋਕਤੰਤਰ ਦਾ ਘਾਣ ਕੀਤਾ ਗਿਆ ਸੀ ਪਰ ਉਥੇ ਲੋਕਾਂ ਨੇ 25 ਦੇ ਕਰੀਬ ਪਿੰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚ ਅਤੇ ਪੰਚ ਬਣਾ ਕੇ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਰਾਏਪੁਰ ਚੌਬਦਾਰਾ ਵਿਖੇ ‘ਆਪ’ ਦੇ ਸਰਪੰਚੀ ਦੇ ਉਮੀਦਵਾਰ ਦਰਸ਼ਨ ਦਰਸ਼ੀ ਨੇ ਕਥਿਤ ਰੂਪ ’ਚ 15 ਦੇ ਕਰੀਬ ਬੈਲੇਟ ਪੇਪਰ ਚੁੱਕ ਕੇ ਪਾੜ ਦਿੱਤੇ ਜਿਸ ਦੇ ਬਾਵਜੂਦ ਵੀ ਗਿਣਤੀ ਵਿਚ ਅਕਾਲੀ ਦਲ ਦੇ ਭਗਵੰਤ ਸਿੰਘ ਗੱਗੀ 15 ਵੋਟਾਂ ਨਾਲ ਜੇਤੂ ਰਿਹਾ।