ਵਿਰੋਧੀਆਂ ਨੇ ਮੈਨੂੰ ਕੁਚਲਣ ’ਚ ਕੋਈ ਕਸਰ ਨਹੀਂ ਛੱਡੀ: ਕੇਜਰੀਵਾਲ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਮਾਰਚ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕਿਹਾ ਗਿਆ ਕਿ ਵਿਰੋਧੀਆਂ ਨੇ ਉਨ੍ਹਾਂ ਨੂੰ ਕੁਚਲਣ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਐਕਸ ਉਪਰ ਲਿਖਿਆ, ‘ਕੱਲ੍ਹ ਤੋਂ ਮੈਨੂੰ ਦਿੱਲੀ ਵਿੱਚ ਮੇਰੀਆਂ ਮਾਵਾਂ ਅਤੇ ਭੈਣਾਂ ਦੇ ਬਹੁਤ ਸਾਰੇ ਫੋਨ ਆ ਰਹੇ ਹਨ। ਉਹ ਬਹੁਤ ਸਾਰੇ ਆਸ਼ੀਰਵਾਦ ਦੇ ਰਹੀਆਂ ਹਨ ਅਤੇ ਪੁੱਛ ਰਹੀਆਂ ਹਨ ਕਿ ਮਹਿਲਾ ਸਨਮਾਨ ਯੋਜਨਾ ਵਿੱਚ ਕਿਵੇਂ ਰਜਿਸਟਰ ਕੀਤਾ ਜਾਵੇ। ਮੈਂ ਸਾਰੀਆਂ ਮਾਵਾਂ-ਭੈਣਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਮੈਂ ਜੋ ਵੀ ਕਰ ਸਕਿਆ ਹਾਂ, ਉਹ ਤੁਹਾਡੇ ਆਸ਼ੀਰਵਾਦ ਅਤੇ ਦੁਆਵਾਂ ਦਾ ਨਤੀਜਾ ਹੈ। ਮੇਰੇ ਵਿਰੋਧੀਆਂ ਨੇ ਤਾਂ ਮੈਨੂੰ ਕੁਚਲਣ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਤੁਹਾਡੀਆਂ ਅਸੀਸਾਂ ਉਨ੍ਹਾਂ ਦੀਆਂ ਸਾਰੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰ ਰਹੀਆਂ ਹਨ।’ ਉਨ੍ਹਾਂ ਕਿਹਾ, ‘ਇਸ ਸਕੀਮ ਲਈ ਰਜਿਸਟ੍ਰੇਸ਼ਨ ਵੀ ਜਲਦੀ ਸ਼ੁਰੂ ਹੋ ਜਾਵੇਗੀ। ਅਗਲੇ ਮਹੀਨੇ ਚੋਣਾਂ ਹਨ। ਤੁਸੀਂ ਸਾਰੇ ਇਸ ਚੋਣ ਵਿੱਚ ਮੈਨੂੰ ਆਸ਼ੀਰਵਾਦ ਦਿਓ, ਆਪਣੇ ਘਰ ਦੇ ਸਾਰੇ ਲੋਕਾਂ ਨੂੰ ਵੀ ਦੱਸੋ। ਇਸ ਚੋਣ ਵਿੱਚ ਮੇਰੇ ਹੱਥ ਮਜ਼ਬੂਤ ਕਰੋ।’