ਜ਼ਿਮਨੀ ਚੋਣਾਂ ’ਚ ਕਾਂਗਰਸ ਦੇ ਮੁਕਾਬਲੇ ਲਈ ਵਿਰੋਧੀ ਇਕੱਠੇ ਹੋਏ: ਬਾਜਵਾ
ਵਰਿੰਦਰਜੀਤ ਸਿੰਘ ਜਾਗੋਵਾਲ
ਕਾਹਨੂੰਵਾਨ, 29 ਅਕਤੂਬਰ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਇੱਥੋਂ ਨੇੜਲੇ ਪਿੰਡ ਜਾਗੋਵਾਲ ਬਾਂਗਰ ਵਿੱਚ ਜੇਤੂ ਸਰਪੰਚ ਨੂੰ ਵਧਾਈ ਦੇਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਜੇਤੂ ਸਰਪੰਚ ਤਰਨਜੀਤ ਕੌਰ ਸੈਰ, ਪੰਚ ਸਤਨਾਮ ਸਿੰਘ, ਪੰਚ ਕਮਲਜੀਤ ਕੌਰ, ਪੰਚ ਸੁਖਵਿੰਦਰ ਮਸੀਹ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰਾਜਨੀਤਿਕ ਦ੍ਰਿਸ਼ ਉੱਤੇ ਵਿਚਾਰ ਚਰਚਾ ਕੀਤੀ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਕਿ ਪੰਚਾਇਤੀ ਚੋਣਾਂ ਵਿੱਚ ਕਾਂਗਰਸ ਸਮਰਥਕਾਂ ਨੂੰ ਕਾਦੀਆਂ ਹਲਕੇ ਦੇ ਨਾਲ-ਨਾਲ ਪੰਜਾਬ ਭਰ ਵਿੱਚ ਵੱਡਾ ਹੁਲਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਵਾਗਡੋਰ ਆਮ ਆਦਮੀ ਪਾਰਟੀ ਦੇ ਅਨਾੜੀ ਮੰਤਰੀਆਂ ਦੇ ਹੱਥ ਵਿੱਚ ਹੋਣ ਕਾਰਨ ਪੰਜਾਬ ਦੇ ਸਮੂਹ ਕਿਸਾਨਾਂ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦਾ ਗੁੱਸਾ ਲੋਕ ਜ਼ਿਮਨੀ ਚੋਣ ਵਿੱਚ ਕੱਢਣਗੇ।
ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਂਗਰਸ ਪਾਰਟੀ ਦੇ ਤੇਜ਼ੀ ਨਾਲ ਵਧਦੇ ਉਭਾਰ ਨੂੰ ਰੋਕਣ ਲਈ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਧਿਰਾਂ ਬਿਨਾਂ ਐਲਾਨ ਕੀਤਿਆਂ ਉਨ੍ਹਾਂ ਖ਼ਿਲਾਫ਼ ਇਕੱਠੀਆਂ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਧਿਰਾਂ ਵੱਲੋਂ ਉਮੀਦਵਾਰ ਨਾ ਉਤਾਰਨਾ ਪਰਦੇ ਹੇਠਲੇ ਗੱਠਜੋੜ ਦਾ ਪ੍ਰਤੱਖ ਸਬੂਤ ਹੈ। ਇਸ ਮੌਕੇ ਲਖਵਿੰਦਰ ਸਿੰਘ ਜਾਗੋਵਾਲ, ਨੰਬਰਦਾਰ ਸੁਰੇਸ਼ ਸਿੰਘ ਫੇਰੋਚੇਚੀ, ਲਖਵਿੰਦਰਜੀਤ ਸਿੰਘ ਭੱਟੀਆਂ, ਜਸਬੀਰ ਸਿੰਘ ਬਾਜਵਾ, ਈਸ਼ਰ ਸਿੰਘ, ਮਨੋਹਰ ਸਿੰਘ, ਦਲਜੀਤ ਸਿੰਘ ਲਾਧੂਪੁਰ, ਗੁਰਪ੍ਰੀਤ ਸਿੰਘ, ਦਲਵਿੰਦਰ ਸਿੰਘ ਲਾਧੂਪੁਰ ਤੇ ਸਰਪੰਚ ਹਰਮੇਸ਼ ਲਾਲ ਕਿੜੀ ਅਫਗਾਨਾ ਆਦਿ ਹਾਜ਼ਰ ਸਨ।