ਪੁਰਾਣੀ ਕਾਲਕਾ ਰੋਡ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਕਵਾਇਦ
ਜ਼ੀਰਕਪੁਰ, 18 ਜੁਲਾਈ
ਇਥੋਂ ਦੀ ਪੁਰਾਣੀ ਕਾਲਕਾ ਸੜਕ ’ਤੇ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਨੂੰ ਲੈ ਕੇ ਹੁਣ ਨਗਰ ਕੌਂਸਲ ਗੰਭੀਰ ਹੋ ਗਈ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਅੱਜ ਦੁਕਾਨਦਾਰਾਂ ਨਾਲ ਮੀਟਿੰਗ ਕਰ ਆਪ ਹੀ ਕਬਜ਼ੇ ਹਟਾਉਣ ਦੀ ਅਪੀਲ ਕੀਤੀ। ਕੌਂਸਲ ਅਧਿਕਾਰੀਆਂ ਨੇ ਅਪੀਲ ਕੀਤੀ ਕਿ ਇਹ ਮਾਮਲਾ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ। ਉਨ੍ਹਾਂ ਨੇ ਇਸ ਸਬੰਧੀ ਜਵਾਬ ਦਾਖ਼ਲ ਕਰਨਾ ਹੈ ਜਿਸ ਤੋਂ ਪਹਿਲਾਂ ਦੁਕਾਨਦਾਰ ਆਪ ਹੀ ਕਬਜ਼ੇ ਹਟਾ ਲੈਣ। ਜਾਣਕਾਰੀ ਅਨੁਸਾਰ ਇਸ ਸੜਕ ’ਤੇ ਨਾਜਾਇਜ਼ ਕਬਜ਼ਿਆਂ ਸਬੰਧੀ ਰਜਨੀ ਵਾਸੀ ਬਲਟਾਣਾ, ਕ੍ਰਿਸ਼ਨ ਕੁਮਾਰ ਵਾਸੀ ਸਵਿੱਤਰੀ ਗ੍ਰੀਨ-2 ਗਾਜ਼ੀਪੁਰ ਰੋਡ, ਛਾਇਆ ਵਾਸੀ ਬਲਟਾਣਾ ਅਤੇ ਸ਼ਿਖਾ ਵਾਸੀ ਬਲਟਾਣਾ ਵੱਲੋਂ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰ ਕਿਹਾ ਗਿਆ ਹੈ ਕਿ ਮਾਸਟਰ ਪਲਾਨ ਵਿੱਚ ਅਤੇ ਮਾਲ ਮਹਿਕਮੇ ਦੇ ਰਿਕਾਰਡ ਵਿੱਚ ਇਹ ਸੜਕ 115 ਫੁੱਟ ਹੈ ਜਦਕਿ ਇਸ ਸੜਕ ਦੇ ਦੋਵੇਂ ਪਾਸੇ ਨਾਜਾਇਜ਼ ਕਬਜ਼ੇ ਹੋਣ ਕਾਰਨ ਇਹ ਕਾਫੀ ਤੰਗ ਹੋ ਗਈ ਹੈ। ਹਾਈ ਕੋਰਟ ਵੱਲੋਂ ਇਸ ਮਾਮਲੇ ਵਿੱਚ ਨਗਰ ਕੌਂਸਲ ਤੋਂ ਜਵਾਬ ਮੰਗਿਆ ਸੀ। ਇਸ ਮਗਰੋਂ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਇਸ ਦੀ ਮੈਪਿੰਗ ਕਰਵਾਈ ਗਈ। ਮੈਪਿੰਗ ਦੌਰਾਨ ਸਾਹਮਣੇ ਆਇਆ ਕਿ ਇਸ ਸੜਕ ਦੇ ਦੋਵੇਂ ਪਾਸੇ ਸਥਿਤ 37 ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਜਨਿ੍ਹਾਂ ਨੂੰ ਅਧਿਕਾਰੀਆਂ ਵੱਲੋਂ ਨੋਟਿਸ ਕੱਢਣ ਤੋਂ ਇਲਾਵਾ ਮੀਟਿੰਗ ਕਰ ਕਬਜ਼ੇ ਹਟਾਉਣ ਦੀ ਅਪੀਲ ਕੀਤੀ। ਅਧਿਕਾਰੀਆਂ ਨੇ ਕਿਹਾ ਕਿ 7 ਅਗਸਤ ਨੂੰ ਹਾਈ ਕੋਰਟ ਚ ਜਵਾਬ ਦਾਖ਼ਲ ਕਰਨਾ ਹੈ।