For the best experience, open
https://m.punjabitribuneonline.com
on your mobile browser.
Advertisement

Operation Sindoor ਜੰਮੂ ਕਸ਼ਮੀਰ, ਪੰਜਾਬ ਤੇ ਰਾਜਸਥਾਨ ਵਿਚ ਕਈ ਥਾਈਂ ਡਰੋਨ ਹਮਲੇ; ਭਾਰਤੀ ਫੌਜ ਨੇ ਹਵਾਈ ਰੱਖਿਆ ਪ੍ਰਣਾਲੀ ਨਾਲ ਹਮਲੇ ਨਾਕਾਮ ਕੀਤੇ

08:42 PM May 09, 2025 IST
operation sindoor ਜੰਮੂ ਕਸ਼ਮੀਰ  ਪੰਜਾਬ ਤੇ ਰਾਜਸਥਾਨ ਵਿਚ ਕਈ ਥਾਈਂ ਡਰੋਨ ਹਮਲੇ  ਭਾਰਤੀ ਫੌਜ ਨੇ ਹਵਾਈ ਰੱਖਿਆ ਪ੍ਰਣਾਲੀ ਨਾਲ ਹਮਲੇ ਨਾਕਾਮ ਕੀਤੇ
ਸਰਹੱਦੀ ਜ਼ਿਲ੍ਹਿਆਂ ਵਿਚ ਕਈ ਥਾਈਂ ਨਜ਼ਰ ਆਏ ਡਰੋਨ। ਵੀਡੀਓ ਗਰੈਬ
Advertisement

ਜੰਮੂ/ਸ੍ਰੀਨਗਰ/ਚੰਡੀਗੜ੍ਹ/ਜੈਪੁਰ, 9 ਮਈ

Advertisement

ਪਾਕਿਸਤਾਨ ਨੇ ਅੱਜ ਰਾਤੀਂ ਜੰਮੂ, ਸ੍ਰੀਨਗਰ, ਰਾਜਸਥਾਨ, ਗੁਜਰਾਤ  ਤੇ ਪੰਜਾਬ ਦੇ ਕਈ ਸਰਹੱਦੀ ਇਲਾਕਿਆਂ ਵਿੱਚ ਮੁੜ ਡਰੋਨ ਹਮਲੇ ਕੀਤੇ, ਜਿਨ੍ਹਾਂ ਨੂੰ ਭਾਰਤੀ ਫੌਜ ਨੇ ਆਪਣੀ ਆਧੁਨਿਕ ਹਵਾਈ ਰੱਖਿਆ ਪ੍ਰਣਾਲੀ ਨਾਲ ਨਾਕਾਮ ਕਰ ਦਿੱਤਾ। ਸ੍ਰੀਨਗਰ ਵਿੱਚ ਵੀ ਹਵਾਈ ਅੱਡੇ ਕੋਲ 10 ਧਮਾਕੇ ਹੋਏ। ਸੁਰੱਖਿਆ ਬਲਾਂ ਨੇ ਸ੍ਰੀਨਗਰ ਹਵਾਈ ਅੱਡੇ ਤੇ ਅਵੰਤੀਪੋਰਾ ਹਵਾਈ ਅੱਡੇ 'ਤੇ ਡਰੋਨ ਹਮਲਿਆਂ ਨੂੰ ਨਾਕਾਮ ਕਰ ਦਿੱਤਾ।

Advertisement
Advertisement

ਉੱਤਰ ਵਿੱਚ ਬਾਰਾਮੂਲਾ ਤੋਂ ਦੱਖਣ ਵਿੱਚ ਭੁਜ ਤੱਕ, ਅੰਤਰਰਾਸ਼ਟਰੀ ਸਰਹੱਦ ਅਤੇ ਪਾਕਿਸਤਾਨ ਨਾਲ ਲੱਗਦੀ ਕੰਟਰੋਲ ਰੇਖਾ ਦੇ ਨਾਲ-ਨਾਲ 26 ਥਾਵਾਂ 'ਤੇ ਡਰੋਨ ਦੇਖੇ ਗਏ ਹਨ। ਇਨ੍ਹਾਂ ਵਿੱਚ ਸ਼ੱਕੀ ਹਥਿਆਰਬੰਦ ਡਰੋਨ ਸ਼ਾਮਲ ਹਨ ਜੋ ਨਾਗਰਿਕ ਅਤੇ ਫੌਜੀ ਟੀਚਿਆਂ ਲਈ ਸੰਭਾਵੀ ਖ਼ਤਰਾ ਪੈਦਾ ਕਰਦੇ ਹਨ।ਇਨ੍ਹਾਂ ਥਾਵਾਂ ਵਿੱਚ ਬਾਰਾਮੂਲਾ, ਸ੍ਰੀਨਗਰ, ਅਵੰਤੀਪੋਰਾ, ਨਗਰੋਟਾ, ਜੰਮੂ, ਫਿਰੋਜ਼ਪੁਰ, ਪਠਾਨਕੋਟ, ਫਾਜ਼ਿਲਕਾ, ਲਾਲਗੜ੍ਹ ਜੱਟਾ, ਜੈਸਲਮੇਰ, ਬਾੜਮੇਰ, ਭੁਜ, ਕੁਆਰਬੇਟ ਅਤੇ ਲੱਖੀ ਨਾਲਾ ਸ਼ਾਮਲ ਹਨ।

ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਜੰਮੂ, ਸਾਂਬਾ ਅਤੇ ਪੰਜਾਬ ਦੇ ਪਠਾਨਕੋਟ ਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੀ ਡਰੋਨ ਦੇਖੇ ਗਏ ਅਤੇ ਉਨ੍ਹਾਂ ਨੂੰ ਬੇਅਸਰ ਕਰ ਦਿੱਤਾ ਗਿਆ। ਸ਼ੁੱਕਰਵਾਰ ਸ਼ਾਮ ਨੂੰ ਫਿਰੋਜ਼ਪੁਰ, ਪਠਾਨਕੋਟ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੁਕੰਮਲ ਬਲੈਕਆਊਟ ਰਿਹਾ। ਪਠਾਨਕੋਟ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ। ਫਿਰੋਜ਼ਪੁਰ ਵਿਚ ਡਰੋਨ ਹਮਲੇ ਵਿਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ।

ਉਧਰ ਸ੍ਰੀਨਗਰ ਵਿੱਚ ਮਸਜਿਦਾਂ ਦੇ ਲਾਊਡਸਪੀਕਰਾਂ ਤੋਂ ਸਥਾਨਕ ਲੋਕਾਂ ਨੂੰ ਸਾਵਧਾਨੀ ਵਜੋਂ ਆਪਣੀਆਂ ਲਾਈਟਾਂ ਬੰਦ ਕਰਨ ਲਈ ਕਿਹਾ ਗਿਆ ਹੈ। ਦੱਖਣੀ ਕਸ਼ਮੀਰ ਵਿੱਚ ਅਵੰਤੀਪੋਰਾ ਹਵਾਈ ਅੱਡੇ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਧਮਾਕੇ ਸੁਣੇ ਗਏ ਹਨ। ਪਾਕਿਸਤਾਨੀ ਫੌਜ ਵੱਲੋਂ ਡਰੋਨ ਅਤੇ ਮਿਜ਼ਾਈਲਾਂ ਦੀ ਵਰਤੋਂ ਕਰਕੇ ਭਾਰਤੀ ਫੌਜੀ ਟਿਕਾਣਿਆਂ ’ਤੇ ਹਮਲੇ ਦੀਆਂ ਨਾਕਾਮ ਕੋਸ਼ਿਸ਼ਾਂ ਤੋਂ ਇੱਕ ਦਿਨ ਬਾਅਦ ਡਰੋਨ ਦੇਖੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਡਰੋਨ ਜੰਮੂ ਅਤੇ ਪੰਜਾਬ ਦੇ ਊਧਮਪੁਰ ਅਤੇ ਨਗਰੋਟਾ ਵਿੱਚ ਵੀ ਦੇਖੇ ਗਏ ਹਨ। ਇਸੇ ਦੌਰਾਨ ਜੰਮੂ ਅਤੇ ਸਾਂਬਾ ਜ਼ਿਲ੍ਹਿਆਂ ਦੇ ਸੁਚੇਤਗੜ੍ਹ ਅਤੇ ਰਾਮਗੜ੍ਹ ਸੈਕਟਰਾਂ ਵਿੱਚ ਕੌਮਾਂਤਰੀ ਸਰਹੱਦ ’ਤੇ ਸਰਹੱਦ ਪਾਰੋਂ ਭਾਰੀ ਗੋਲੀਬਾਰੀ ਦੀਆਂ ਰਿਪੋਰਟਾਂ ਹਨ।

ਸੂਤਰਾਂ ਨੇ ਕਿਹਾ ਕਿ ਜੰਮੂ ਖੇਤਰ ਵੱਲ ਸੇਧਿਤ ਸਾਰੇ ‘ਸਸਤੇ’ ਰਾਕੇਟਾਂ ਨੂੰ ਹਵਾਈ ਰੱਖਿਆ ਇਕਾਈਆਂ ਦੁਆਰਾ ਸਫਲਤਾਪੂਰਵਕ ਰੋਕਿਆ ਗਿਆ ਅਤੇ ਬੇਅਸਰ ਕਰ ਦਿੱਤਾ ਗਿਆ। ਮਿਜ਼ਾਈਲਾਂ ਦਾ ਨਿਸ਼ਾਨਾ ਸਤਵਾਰੀ (ਜੰਮੂ ਹਵਾਈ ਅੱਡਾ), ਸਾਂਬਾ, ਆਰਐਸ ਪੁਰਾ ਅਤੇ ਅਰਨੀਆ ਸਮੇਤ ਮੁੱਖ ਟਿਕਾਣੇ ਸਨ।

ਉਧਰ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਰੁਕ-ਰੁਕ ਕੇ ਧਮਾਕਿਆਂ ਦੀਆਂ ਆਵਾਜ਼ਾਂ, ਸ਼ਾਇਦ ਭਾਰੀ ਤੋਪਖਾਨੇ, ਹੁਣ ਮੇਰੇ ਸਥਾਨ ਤੋਂ ਸੁਣੀਆਂ ਜਾ ਸਕਦੀਆਂ ਹਨ।’’ ਅਬਦੁੱਲਾ ਨੇ ਹਨੇਰੇ ਵਿੱਚ ਡੁੱਬੇ ਸ਼ਹਿਰ ਦੀ ਇੱਕ ਤਸਵੀਰ ਵੀ ਪੋਸਟ ਕੀਤੀ, ਜਿਸ ਦੇ ਕੈਪਸ਼ਨ ਵਿੱਚ ਲਿਖਿਆ ਸੀ, ‘‘ਜੰਮੂ ਵਿੱਚ ਹੁਣ ਬਲੈਕਆਊਟ। ਸ਼ਹਿਰ ਭਰ ਵਿੱਚ ਸਾਇਰਨ ਸੁਣਾਈ ਦੇ ਰਹੇ ਹਨ।’’

ਉਨ੍ਹਾਂ ਨੇ ਇੱਕ ਹੋਰ ਪੋਸਟ ਵਿੱਚ ਕਿਹਾ, ‘‘ਜੰਮੂ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਮੇਰੀ ਦਿਲੋਂ ਅਪੀਲ ਹੈ ਕਿ ਕ੍ਰਿਪਾ ਕਰਕੇ ਅਗਲੇ ਕੁਝ ਘੰਟਿਆਂ ਲਈ ਸੜਕਾਂ ਤੋਂ ਦੂਰ ਰਹੋ, ਘਰ ਵਿੱਚ ਰਹੋ ਜਾਂ ਨਜ਼ਦੀਕੀ ਜਗ੍ਹਾ ’ਤੇ ਰਹੋ ਜਿੱਥੇ ਤੁਸੀਂ ਆਰਾਮ ਨਾਲ ਰਹਿ ਸਕਦੇ ਹੋ। ਅਫਵਾਹਾਂ ਨੂੰ ਨਜ਼ਰਅੰਦਾਜ਼ ਕਰੋ, ਬੇਬੁਨਿਆਦ ਜਾਂ ਅਪੁਸ਼ਟ ਕਹਾਣੀਆਂ ਨਾ ਫੈਲਾਓ ਅਤੇ ਅਸੀਂ ਇਕੱਠੇ ਇਸ ਵਿੱਚੋਂ ਲੰਘਾਂਗੇ।’’

Advertisement
Author Image

Advertisement