ਪੰਜਾਬ ਵਿੱਚ ‘ਅਪਰੇਸ਼ਨ ਲੋਟਸ’ ਚਲਾਇਆ ਜਾ ਰਿਹੈ: ਭਾਰਦਵਾਜ
ਨਵੀਂ ਦਿੱਲੀ, 28 ਮਾਰਚ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਇੱਕੋ-ਇੱਕ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਇੱਕ ਦਿਨ ਬਾਅਦ ‘ਆਪ’ ਦੇ ਸੀਨੀਅਰ ਆਗੂ ਸੌਰਭ ਭਾਰਦਵਾਜ ਨੇ ਦੋਸ਼ ਲਾਇਆ ਕਿ ਸੂਬੇ ’ਚ ‘ਅਪਰੇਸ਼ਨ ਲੋਟਸ’ ਚਲਾਇਆ ਜਾ ਰਿਹਾ ਹੈ।
ਭਾਰਦਵਾਜ ਨੇ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਪੰਜਾਬ ਵਿੱਚ ‘ਆਪ’ ਵਿਧਾਇਕਾਂ ਨੇ ਬੀਤੇ ਦਿਨ ਕਿਹਾ ਸੀ ਕਿ ਉਨ੍ਹਾਂ ਨੂੰ ਕਈ ਫੋਨ ਆ ਰਹੇ ਹਨ ਅਤੇ ਭਾਜਪਾ ’ਚ ਸ਼ਾਮਲ ਹੋਣ ਲਈ ਪੈਸਾ, ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਤੇ ਲੋਕ ਸਭਾ ਚੋਣਾਂ ’ਚ ਟਿਕਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘ਭਾਜਪਾ ਅਪਰੇਸ਼ਨ ਲੋਟਸ ਚਲਾ ਰਹੀ ਹੈ।’ ਉਨ੍ਹਾਂ ਰਿੰਕੂ ਦੇ ਭਾਜਪਾ ’ਚ ਸ਼ਾਮਲ ਹੋਣ ਦੇ ਫ਼ੈਸਲੇ ’ਤੇ ਸਵਾਲ ਚੁਕਦਿਆਂ ਕਿਹਾ, ‘ਪੰਜਾਬ ਵਿਧਾਨ ਸਭਾ ਚੋਣਾਂ-2022 ’ਚ ਭਾਜਪਾ ਦਾ ਨੰਬਰ ‘ਆਪ’, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਤੋਂ ਬਾਅਦ ਚੌਥਾ ਸੀ। ਸਵਾਲ ਇਹ ਹੈ ਕਿ ਰਿੰਕੂ ਭਾਜਪਾ ’ਚ ਸ਼ਾਮਲ ਕਿਉਂ ਹੋਏ।’ ਉਨ੍ਹਾਂ ਦਾਅਵਾ ਕੀਤਾ ਕਿ ਜਲੰਧਰ ਲੋਕ ਸਭਾ ਚੋਣ ’ਚ ਵੀ ਭਾਜਪਾ ਚੌਥੇ ਸਥਾਨ ’ਤੇ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਅਮਰੀਕਾ ਤੇ ਜਰਮਨੀ ਵੱਲੋਂ ਭਾਰਤ ’ਚ ਲੋਕਤੰਤਰ ’ਤੇ ਚਿੰਤਾ ਜ਼ਾਹਿਰ ਕੀਤੇ ਜਾਣ ਤੇ ਕੇਜਰੀਵਾਲ ਲਈ ਨਿਰਪੱਖ ਸੁਣਵਾਈ ਦੀ ਮੰਗ ਕੀਤੇ ਜਾਣ ਕਾਰਨ ਪ੍ਰੇਸ਼ਾਨ ਹੈ। ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਥਿਤ ਦਾਅਵਿਆਂ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 2014 ’ਚ ਨਿਊਯਾਰਕ ਵਿੱਚ ਜਥੇਬੰਦੀ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਸੀ, ਬਾਰੇ ਭਾਰਦਵਾਜ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਭਾਜਪਾ ਤੇ ਉਸ ਦੇ ਆਗੂ ਇੱਕ ਅਤਿਵਾਦੀ ਵੱਲੋਂ ਲਾਏ ਗਏ ਦੋਸ਼ਾਂ ਨੂੰ ਸੱਚ ਮੰਨ ਰਹੇ ਹਨ।
ਇਸੇ ਦੌਰਾਨ ਭਾਰਦਵਾਜ ਨੇ ਅੱਜ ਅਦਾਲਤ ’ਚ ਸੁਣਵਾਈ ਦੌਰਾਨ ਅਰਵਿੰਦ ਕੇਜਰੀਵਾਲ ਦੀਆਂ ਦਲੀਲਾਂ ਦੇ ਹਵਾਲੇ ਨਾਲ ਕਿਹਾ ਕਿ ਈਡੀ ਦਾ ਮਕਸਦ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਹੈ। -ਪੀਟੀਆਈ