ਅਪਰੇਸ਼ਨ ਅਜੇਯ: ਦੋ ਹੋਰ ਉਡਾਣਾਂ ਰਾਹੀਂ 471 ਭਾਰਤੀ ਵਤਨ ਪਰਤੇ
ਨਵੀਂ ਦਿੱਲੀ: ਤਲ ਅਵੀਵ ਤੋਂ ਦੋ ਹੋਰ ਉਡਾਣਾਂ ਰਾਹੀਂ 471 ਭਾਰਤੀ ਅੱਜ ਸਵੇਰੇ ਇਥੇ ਪੁੱਜੇ। ਅਪਰੇਸ਼ਨ ਅਜੈ ਤਹਿਤ ਹੁਣ ਤੱਕ ਚਾਰ ਉਡਾਣਾਂ ਰਾਹੀਂ 900 ਤੋਂ ਜ਼ਿਆਦਾ ਭਾਰਤੀਆਂ ਨੂੰ ਵਤਨ ਲਿਆਂਦਾ ਜਾ ਚੁੱਕਿਆ ਹੈ। ਇਜ਼ਰਾਈਲ ਤੋਂ ਏਅਰ ਇੰਡੀਆ ਅਤੇ ਸਪਾਈਸਜੈੱਟ ਦੇ ਜਹਾਜ਼ਾਂ ਰਾਹੀਂ ਭਾਰਤੀਆਂ ਦੀ ਵਾਪਸੀ ਹੋਈ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਤੀਜੀ ਉਡਾਣ ’ਚ 197 ਮੁਸਾਫ਼ਰ ਸਵਾਰ ਸਨ ਜੋ ਸਵੇਰੇ ਦਿੱਲੀ ਹਵਾਈ ਅੱਡੇ ’ਤੇ ਪੁੱਜੀ। ਉਨ੍ਹਾਂ ਮੁਸਾਫ਼ਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ ਨਸ਼ਰ ਕਰਦਿਆਂ ਕਿਹਾ ਕਿ ਚੌਥੀ ਉਡਾਣ ਰਾਹੀਂ 274 ਮੁਸਾਫ਼ਰ ਕੌਮੀ ਰਾਜਧਾਨੀ ਪੁੱਜੇ ਹਨ। ਏਅਰ ਇੰਡੀਆ ਦੀਆਂ ਤਲ ਅਵੀਵ ਤੋਂ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਆਈਆਂ ਉਡਾਣਾਂ ’ਚ 435 ਤੋਂ ਜ਼ਿਆਦਾ ਮੁਸਾਫ਼ਰ ਸਵਾਰ ਸਨ। -ਪੀਟੀਆਈ
ਇਕ ਨੇਪਾਲੀ ਵਿਦਿਆਰਥੀ ਵੀ ਹਮਾਸ ਦੇ ਕਬਜ਼ੇ ’ਚ
ਕਾਠਮੰਡੂ: ਇਜ਼ਰਾਈਲ ’ਚ ਹਮਲੇ ਮਗਰੋਂ ਇਕ ਫਾਰਮ ਹਾਊਸ ਤੋਂ ਲਾਪਤਾ ਹੋਏ ਨੇਪਾਲੀ ਵਿਦਿਆਰਥੀ ਬਿਪਨਿ ਜੋਸ਼ੀ ਨੂੰ ਹਮਾਸ ਨੇ ਬੰਦੀ ਬਣਾ ਲਿਆ ਹੈ। ਨੇਪਾਲ ਸਰਕਾਰ ਮੁਤਾਬਕ ਵਿਦਿਆਰਥੀ ਦਾ ਪਤਾ ਲਾਉਣ ਲਈ ਕੌਮਾਂਤਰੀ ਜਥੇਬੰਦੀਆਂ ਦੀ ਸਹਾਇਤਾ ਲਈ ਜਾ ਰਹੀ ਹੈ। ਪਿਛਲੇ ਸ਼ਨਿਚਰਵਾਰ ਦੱਖਣੀ ਇਜ਼ਰਾਈਲ ’ਤੇ ਹਮਾਸ ਵੱਲੋਂ ਕੀਤੇ ਗਏ ਹਮਲਿਆਂ ’ਚ ਨੇਪਾਲ ਦੇ 10 ਵਿਦਿਆਰਥੀ ਮਾਰੇ ਗਏ ਸਨ ਅਤੇ ਛੇ ਨੂੰ ਬਚਾਅ ਲਿਆ ਗਿਆ ਸੀ ਜਦਕਿ ਇਕ ਹੋਰ ਲਾਪਤਾ ਹੋ ਗਿਆ ਸੀ। ਵਿਦੇਸ਼ ਮੰਤਰੀ ਐੱਨ ਪੀ ਸਾਊਦ ਨੇ ਕਿਹਾ ਕਿ ਬਿਪਨਿ ਜੋਸ਼ੀ ਨੇ ਹਮਲੇ ਦੌਰਾਨ ਹੋਰ ਨੇਪਾਲੀ ਵਿਦਿਆਰਥੀਆਂ ਨੂੰ ਬਚਾਇਆ ਸੀ ਅਤੇ ਹਮਾਸ ਨੇ ਉਸ ਨੂੰ ਬੰਦੀ ਬਣਾ ਲਿਆ ਸੀ। -ਪੀਟੀਆਈ