ਬਹਿਲ ਵਿੱਚ ਉਸਾਰੀ ਜਾਵੇਗੀ ਓਪਨ ਯੂਨੀਵਰਸਿਟੀ: ਪਠਾਣਮਾਜਰਾ
ਪੱਤਰ ਪ੍ਰੇਰਕ
ਦੇਵੀਗੜ੍ਹ, 20 ਸਤੰਬਰ
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਹਲਕਾ ਸਨੌਰ ਦੇ ਪਿੰਡ ਬਹਿਲ ਵਿੱਚ ਜਲਦ ਓਪਨ ਯੂਨੀਵਰਸਿਟੀ ਸਥਾਪਿਤ ਹੋਣ ਜਾ ਰਹੀ ਹੈ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦੀ ਮੰਗ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਲਕਾ ਸਨੌਰ ਦੇ ਪਿੰਡ ਬਹਿਲ ਵਿੱਚ ਓਪਨ ਯੂਨੀਵਰਸਿਟੀ ਸਥਾਪਿਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਯੂਨੀਵਰਸਿਟੀ ਬਣਨ ਨਾਲ ਹਲਕਾ ਸਨੌਰ ਦੇ ਦੂਰ ਦੁਰਾਡੇ ਪਿੰਡਾਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ ਅਤੇ ਇਲਾਕੇ ਦੀ ਤਰੱਕੀ ਤੇਜ਼ੀ ਨਾਲ ਹੋਵੇਗੀ।
ਵਿਧਾਇਕ ਨੇ ਆਪਣੇ ਦਫ਼ਤਰ ’ਚ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਹਲਕਾ ਸਨੌਰ ਦੇ 250 ਦੇ ਲਗਪਗ ਪਿੰਡਾਂ ਵਿੱਚੋਂ ਕੀਤੀ ਸ਼ਨਾਖਤ ਦੌਰਾਨ 297 ਲੋੜਵੰਦ ਪਰਿਵਾਰਾਂ ਨੂੰ ਕਰੀਬ ਪੰਜ ਕਰੋੜ ਰੁਪਏ ਦੇ ਮਕਾਨ ਬਣਾਉਣ ਲਈ ਪ੍ਰਵਾਨਗੀ ਪੱਤਰ ਜਾਰੀ ਹੋਏ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣੀਆਂ ਤਾਂ ਦੂਰ ਦੀ ਗੱਲ ਸਗੋਂ ਬਹੁਤੇ ਲੋਕ ਕੱਚੇ ਅਤੇ ਖਸਤਾ ਹਾਲ ਮਕਾਨਾਂ ਵਿਚ ਰਹਿਣ ਲਈ ਮਜਬੂਰ ਹਨ। ਇਸ ਮੌਕੇ ਮਹਿੰਦਰਜੀਤ ਸਿੰਘ ਬੀਡੀਪੀਓ, ਲਖਵੀਰ ਸਿੰਘ ਈਓ, ਥਾਣਾ ਮੁਖੀ ਜੁਲਕਾਂ ਅਜੈ ਕੁਮਾਰ ਆਦਿ ਹਾਜ਼ਰ ਸਨ।