ਖ਼ਤਰੇ ਦੇ ਨਿਸ਼ਾਨ ਤੋਂ ਊਪਰ ਵਹਿ ਰਹੀ ਝੀਲ ਦੇ ਫਲੱਡ ਗੇਟ ਖੋਲ੍ਹੇ
ਆਤਿਸ਼ ਗੁਪਤਾ
ਚੰਡੀਗੜ੍ਹ, 23 ਅਗਸਤ
ਚੰਡੀਗੜ੍ਹ ਅਤੇ ਨੇੜਲਿਆਂ ਇਲਾਕਿਆਂ ਵਿੱਚ ਭਰਵੀਂ ਬਾਰਸ਼ ਕਾਰਨ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ (1163 ਫੁੱਟ) ਤੋਂ ਅੱਜ ਊਪਰ ਚਲਾ ਗਿਆ ਜਿਸ ਕਾਰਨ ਚੰਡੀਗੜ੍ਹ ਦੇ ਇੰਜਨੀਅਰਿੰਗ ਵਿਭਾਗ ਨੇ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਸਥਿਤ ਫਲੱਡ ਗੇਟ ਨੂੰ ਦੋ ਸਾਲਾਂ ਬਾਅਦ ਅੱਜ ਤੜਕੇ 3.10 ’ਤੇ ਖੋਲ੍ਹ ਦਿੱਤਾ। ਇਸ ਫਲੱਡ ਗੇਟ ਨੂੰ 10 ਘੰਟਿਆਂ ਬਾਅਦ ਦੁਪਹਿਰ 1.10 ’ਤੇ ਬੰਦ ਕੀਤਾ ਗਿਆ ਤੇ ਇਸ ਸਮੇਂ ਝੀਲ ਦੇ ਪਾਣੀ ਦਾ ਪੱਧਰ 1162 ਫੁੱਟ ’ਤੇ ਪਹੁੰਚ ਗਿਆ ਸੀ। ਫਲੱਡ ਗੇਟ ਖੋਲ੍ਹਣ ਵੇਲੇ ਪਾਣੀ ਦੀ ਰਫ਼ਤਾਰ ਤੇਜ਼ ਹੋਣ ਕਰਕੇ ਸੁਖਨਾ ਚੋਅ ਦੇ ਆਲੇ-ਦੁਆਲੇ ਲੱਗੇ ਕਈ ਦਰੱਖ਼ਤ ਟੁੱਟ ਗਏ ਜਿਸ ਕਰਕੇ ਪਾਣੀ ਦੀ ਨਿਕਾਸੀ ਵਿੱਚ ਕਈ ਥਾਈ ਰੁਕਾਵਟਾਂ ਪੈਦਾ ਹੋਈਆਂ। ਇਸੇ ਕਰਕੇ ਪਿੰਡ ਕਿਸ਼ਨਗੜ੍ਹ, ਮਨੀਮਾਜਰਾ ਅਤੇ ਚੋਅ ਨੂੰ ਲੱਗਦੇ ਸਾਰੇ ਪੁਲ ਪਾਣੀ ਵਿੱਚ ਡੁੱਬ ਗਏ। ਇਸ ਬਾਰੇ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲੀਸ ਨੇ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਨਾਕਾਬੰਦੀ ਕਰਕੇ ਆਵਾਜਾਈ ਨੂੰ ਸੁਖਨਾ ਚੋਅ ਦੇ ਨਜ਼ਦੀਕ ਜਾਣ ਤੋਂ ਰੋਕ ਦਿੱਤਾ। ਜਦੋਂ ਇਹ ਪਾਣੀ ਸੁਖਨਾ ਚੌਅ ਰਾਹੀਂ ਬਲਟਾਨਾ ਤੇ ਜ਼ੀਰਕਪੁਰ ਪਹੁੰਚਿਆ ਤਾਂ ਕਾਫ਼ੀ ਇਲਾਕੇ ਪਾਣੀ ਦੀ ਲਪੇਟ ਵਿੱਚ ਆ ਕੇ ਡੁੱਬ ਗਏ। ਚੰਡੀਗੜ੍ਹ ਦੇ ਕਈ ਹੇਠਲੇ ਇਲਾਕਿਆਂ ਵਿੱਚ ਵੀ ਪਾਣੀ ਵੜ ਗਿਆ।
ਸੁਖਨਾ ਝੀਲ ਵਿੱਚ ਵਧ ਰਹੇ ਪਾਣੀ ਦੇ ਪੱਧਰ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਨੇ ਪੰਚਕੂਲਾ ਅਤੇ ਮੁਹਾਲੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਿਸ ਮਗਰੋਂ ਸੁਖਨਾ ਚੋਅ ਦੇ ਆਲੇ-ਦੁਆਲੇ ਇਲਾਕੇ ਵਿੱਚ ਰਹਿ ਰਹੇ ਲੋਕਾਂ ਨੂੰ ਖਤਰੇ ਬਾਰੇ ਸੂਚਨਾ ਦਿੱਤੀ ਗਈ ਤਾਂ ਜੋ ਜਾਨੀ ਨੁਕਸਾਨ ਨੂੰ ਬਚਾਇਆ ਜਾ ਸਕੇ।
ਜ਼ੀਰਕਪੁਰ (ਹਰਜੀਤ ਸਿੰਘ): ਚੰਡੀਗੜ੍ਹ ਦੇ ਸੁਖਨਾ ਚੋਅ ਵਿੱਚ ਛੱਡਿਆ ਗਿਆ ਪਾਣੀ ਬਲਟਾਣਾ ’ਚੋਂ ਲੰਘਦੀ ਸੁਖਨਾ ਨਦੀ ’ਚ ਭਰ ਗਿਆ ਹੈ। ਇਸ ਕਾਰਨ ਨਦੀ ਦੇ ਬੰਨ੍ਹ ’ਚ ਪਾੜ ਪੈ ਜਾਣ ਕਾਰਨ ਬਲਟਾਣਾ ਖੇਤਰ ’ਚ ਹੜ੍ਹ ਵਾਲੀ ਸਥਿਤੀ ਬਣ ਗਈ ਹੈ। ਇਹ ਪਾਣੀ ਬਲਟਾਣਾ ਪੁਲੀਸ ਚੌਕੀ, ਮਿਉਂਸਿਪਲ ਪਾਰਕ, ਸ਼ਮਸ਼ਾਨਘਾਟ, ਇਕ ਹੋਟਲ ਦੀ ਬੇਸਮੈਂਟ ਅਤੇ ਕਿਸਾਨਾਂ ਦੇ ਖੇਤਾਂ ’ਚ ਵੜ ਗਿਆ ਹੈ ਜਿਸ ਕਾਰਨ ਭਾਰੀ ਨੁਕਸਾਨ ਹੋਇਆ ਹੈ।
ਬਲਟਾਣਾ ਚੌਕੀ ਵਿੱਚ ਸਾਰਾ ਸਮਾਨ ਅਤੇ ਹੋਰ ਦਸਤਾਵੇਜ਼ ਖ਼ਰਾਬ ਹੋ ਗਏ ਹਨ। ਨਦੀ ਦਾ ਪਾੜ ਕਰੀਬ 25 ਫੁੱਟ ਚੌੜਾ ਹੈ ਜਿਸ ਦੇ ਹੋਰ ਵਧਣ ਦੇ ਆਸਾਰ ਹਨ। ਸਵੇਰ ਤੋਂ ਹੀ ਪ੍ਰਸ਼ਾਸਨਿਕ ਅਮਲਾ ਅਤੇ ਸਥਾਨਕ ਲੋਕ ਪਾਣੀ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪ੍ਰਸ਼ਾਸਨ ਵੱਲੋਂ ਦੋ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਨੇੜੇ ਤੋਂ ਲੰਘਦੀ ਡਰੇਨ ਨੂੰ ਤੋੜ ਕੇ ਪਾਣੀ ਦੀ ਨਿਕਾਸੀ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਨਦੀ ਦੇ ਨਾਲ ਲੱਗਦੀ ਕਿਸਾਨਾਂ ਦੀ ਜ਼ਮੀਨਾਂ ’ਚ ਪਾਣੀ ਭਰ ਗਿਆ ਹੈ ਜਿਸ ਕਾਰਨ ਸੈਂਕੜੇ ਏਕੜ ਫਸਲ ਡੁੱਬ ਗਈ ਹੈ। ਇਸ ਕਾਰਨ ਕਿਸਾਨਾਂ ਦਾ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਗੁੱਸਾ ਵੱਧ ਗਿਆ ਹੈ। ਖੇਤਰ ਵਿੱਚ ਸੱਤ ਤੋਂ ਅੱਠ ਫੁੱਟ ਪਾਣੀ ਭਰਿਆ ਹੋਇਆ ਹੈ ਜੋ ਹੋਟਲ ਚੁਆਇਸ ਰੋਡ ਨੂੰ ਪਾਰ ਨਹੀਂ ਕਰ ਸਕਿਆ। ਉਸ ਦੀ ਮਾਰ ਪਿੱਛਲੇ ਖੇਤਰ ’ਚ ਪਈ ਹੈ ਤੇ ਫਿਲਹਾਲ ਰਿਹਾਇਸ਼ੀ ਖੇਤਰ ’ਚ ਬਚਾਅ ਹੈ। ਜੇਕਰ ਪਾਣੀ ਵਧਦਾ ਰਿਹਾ ਤਾਂ ਰਿਹਾਇਸ਼ੀ ਖੇਤਰ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਥੋਂ ਦੇ ਬਲਟਾਣਾ ਖੇਤਰ ’ਚ ਨਦੀ ਨਾਲਿਆਂ ’ਤੇ ਸਥਾਨਕ ਲੋਕਾਂ, ਕਲੋਨਾਈਜ਼ਰਾਂ ਅਤੇ ਬਿਲਡਰਾਂ ਨੇ ਨਾਜਾਇਜ਼ ਕਬਜ਼ੇ ਕਰ ਲਏ ਹਨ। ਇਥੋਂ ਲੰਘ ਰਹੀ ਸੁਖਨਾ ਚੋਅ ’ਚ ਨਾਜਾਇਜ਼ ਉਸਾਰੀਆਂ ਕਰ ਲਈਆਂ ਗਈਆਂ ਹਨ। ਇਸੇ ਦੌਰਾਨ ਜ਼ੀਰਕਪੁਰ ਦੀਆਂ ਕਈਆਂ ਰਿਹਾਇਸ਼ੀ ਕਲੋਨੀਆਂ ਵਿੱਚ ਵੀ ਪਾਣੀ ਵੜ ਗਿਆ ਹੈ।
ਪਾਣੀ ਵਧਿਆ ਤਾਂ ਮੁੜ ਖੋਲ੍ਹੇ ਜਾਣਗੇ ਗੇਟ
ਸੁਖਨਾ ਝੀਲ ਦਾ ਪਾਣੀ 13 ਅਗਸਤ ਨੂੰ 1160 ਫੁੱਟ, 17 ਅਗਸਤ ਨੂੰ 1161 ਫੁੱਟ ਦਰਜ ਕੀਤਾ ਗਿਆ ਸੀ ਜਦਕਿ ਜੁਲਾਈ ਦੇ ਅਖੀਰ ਵਿੱਚ ਪਾਣੀ ਦਾ ਪੱਧਰ 1157 ਫੁੱਟ ਸੀ। ਇਸ ਮਗਰੋਂ ਮੀਂਹ ਪੈਣ ਕਰਕੇ ਪਾਣੀ ਦਾ ਪੱਧਰ ਵਧ ਕੇ 1162 ਫੁੱਟ ’ਤੇ ਪਹੁੰਚ ਗਿਆ। ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਚੰਡੀਗੜ੍ਹ ’ਚ 80.1 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ ਜਦਕਿ ਘੱਟੋ ਘੱਟ ਤਾਪਮਾਨ 24.4 ਡਿਗਰੀ ਸੈਲੀਅਸ ਅਤੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅਗਲੇ 4-5 ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਸਾਫ਼ ਹੈ ਕਿ ਹਾਲੇ ਵੀ ਸੰਕਟ ਟਲਿਆ ਨਹੀਂ ਹੈ। ਯੂਟੀ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਦਾ ਕਹਿਣਾ ਹੈ ਜੇਕਰ ਮੁੜ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਫਲੱਡ ਗੇਟ ਖੋਲ੍ਹੇ ਜਾ ਸਕਦੇ ਹਨ।
ਸੁਖਨਾ ਚੋਅ ਦੀ ਸਫ਼ਾਈ ਨਾ ਹੋਣ ਕਾਰਨ ਦਿੱਕਤਾਂ ਵਧੀਆਂ
ਚੰਡੀਗੜ੍ਹ ਵਿੱਚ ਲਗਾਤਾਰ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਸੀ । ਇਸ ਦੇ ਬਾਵਜੂਦ ਯੂਟੀ ਪ੍ਰਸ਼ਾਸਨ ਵੱਲੋਂ ਸੁਖਨਾ ਚੋਅ ਦੀ ਸਫ਼ਾਈ ਨਹੀਂ ਕਰਵਾਈ ਗਈ ਸੀ। ਇਸੇ ਕਰਕੇ ਰੈਗੂਲੇਟਰੀ ਐਂਡ ’ਤੇ ਸਥਿਤ ਫਲੱਡ ਗੇਟ ਖੋਲ੍ਹਣ ਮਗਰੋਂ ਪਾਣੀ ਨੂੰ ਨਿਕਲਣ ਲਈ ਥਾਂ ਨਾ ਮਿਲੀ ਅਤੇ ਪਾਣੀ ਪੁਲ ਦੇ ਉੱਪਰੋਂ ਲੰਘ ਰਿਹਾ ਸੀ। ਜੇਕਰ ਯੂਟੀ ਪ੍ਰਸ਼ਾਸਨ ਵੱਲੋਂ ਸਮੇਂ ਰਹਿੰਦਿਆਂ ਸੁਖਨਾ ਚੋਅ ਦੀ ਸਫ਼ਾਈ ਕਰਵਾਈ ਹੁੰਦੀ ਤਾਂ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀ।
ਲਾਲੜੂ ਇਲਾਕੇ ਦੇ ਕਈ ਪਿੰਡਾਂ ਦਾ ਸੰਪਰਕ ਟੁੱਟਿਆ
ਲਾਲੜੂ (ਸਰਬਜੀਤ ਸਿੰਘ ਭੱਟੀ): ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਜਾਣ ਕਾਰਨ ਵਾਧੂ ਪਾਣੀ ਘੱਗਰ ਦਰਿਆ ’ਚ ਪਹੁੰਚ ਗਿਆ ਹੈ ਜਿਸ ਕਾਰਨ ਇਸ ਦਰਿਆ ਪਾਰਲੇ ਪਿੰਡਾਂ ਨੂੰ ਜੋੜਨ ਵਾਲੇ ਆਰਜ਼ੀ ਪੁਲ, ਕਾਜ਼ਵੇ ਅਤੇ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਹਨ। ਇਸੇ ਦੌਰਾਨ ਲਾਲੜੂ ਇਲਾਕੇ ’ਚੋਂ ਲੰਘਦੇ ਘੱਗਰ ਦਰਿਆ ’ਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ, ਜਿਸ ਨਾਲ ਪਿੰਡ ਟਿਵਾਣਾ, ਖਜੂਰ ਮੰਡੀ ’ਚ ਆਰਜ਼ੀ ਪੁਲ ਅਤੇ ਕਾਜ਼ਵੇ ਡੁੱਬ ਗਏ ਹਨ ਤੇ ਦਰਜਨਾਂ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਕਿਸਾਨਾਂ ਦੀਆਂ ਫਸਲਾਂ ਤੇ ਹਰਾ ਚਾਰਾ ਹੜ੍ਹ ਵਰਗੀ ਸਥਿਤੀ ਕਾਰਨ ਖਰਾਬ ਹੋ ਗਏ ਹਨ। ਪਿੰਡ ਟਿਵਾਣਾ ਨੇੜੇ ਬਣਾਏ ਕਾਜ਼ਵੇ ਵਿੱਚ ਜੰਗਲੀ ਬੂਟੀ ਫਸ ਗਈ ਹੈ। ਇਸ ਕਾਰਨ ਰਸਤਾ ਬੰਦ ਹੋ ਗਿਆ ਹੈ। ਇਹ ਰਸਤਾ ਘੱਗਰ ਪਾਰਲੇ ਪਿੰਡਾਂ ਨੂੰ ਲਾਲੜੂ ਤੇ ਡੇਰਾਬਸੀ ਇਲਾਕੇ ਨਾਲ ਜੋੜਦਾ ਹੈ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਟਿਵਾਣਾ ਨੇੜੇ ਘੱਗਰ ਦਰਿਆ ’ਤੇ ਪੱਕਾ ਪੁਲ ਬਣਾਇਆ ਜਾਵੇ ਤਾਂ ਜੋ ਬਰਸਾਤਾਂ ਵਿੱਚ ਮੁਸ਼ਕਲ ਪੇਸ਼ ਨਾ ਆਵੇ।